ਸ਼ਾਮ ਸਿੰਘ ਘੁੰਮਣ, ਦੀਨਾਨਗਰ : ਪੁਲਿਸ ਨੇ ਪਿੰਡ ਸੈਣਪੁਰ ਵਿਖੇ ਹੋਏ ਇਕ ਮੁਟਿਆਰ ਦੇ ਕਤਲ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਦੋ ਮੁਲਜ਼ਮਾਂ 'ਚੋਂ ਇਕ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ। ਜਾਣਕਾਰੀ ਦਿੰਦਿਆਂ ਐੱਸਐੱਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਬੀਤੀ 10 ਮਈ ਨੂੰ ਪਿੰਡ ਸੈਣਪੁਰ ਵਿਖੇ ਘਰ ਵਿਚ ਇਕੱਲੀ ਰਹਿੰਦੀ 20 ਵਰ੍ਹਿਆਂ ਦੀ ਮੁਟਿਆਰ ਦਾ ਰਾਹੁਲ ਉਰਫ ਸ਼ੈਂਟੀ ਪੁੱਤਰ ਅਜੀਤ ਰਾਮ ਅਤੇ ਰਾਜਨ ਉਰਫ ਰਾਜਾ ਪੁੱਤਰ ਯਸ਼ਪਾਲ ਦੋਵੇਂ ਵਾਸੀ ਭਟੋਆ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਕਾਤਲ ਜਾਂਦੇ ਹੋਏ ਮ੍ਰਿਤਕਾ ਦੀ ਸਕੂਟੀ, ਮੋਬਾਈਲ ਫੋਨ ਅਤੇ ਏਟੀਐਮ ਕਾਰਡ ਵੀ ਨਾਲ ਲੈ ਗਏ ਸਨ।
ਉਨ੍ਹਾਂ ਦੱਸਿਆ ਕਿ ਦੀਨਾਨਗਰ ਪੁਲਿਸ ਵੱਲੋਂ ਕਤਲ ਦੇ ਮਾਮਲੇ ਵਿੱਚ ਦੋਵੇਂ ਦੋਸ਼ੀਆਂ ਰਾਹੁਲ ਉਰਫ ਸ਼ੈਂਟੀ ਪੁੱਤਰ ਅਜੀਤ ਰਾਮ ਅਤੇ ਰਾਜਨ ਉਰਫ ਰਾਜਾ ਪੁੱਤਰ ਯਸ਼ਪਾਲ ਦੋਵੇਂ ਵਾਸੀ ਭਟੋਆ, ਕਿ ਆਪਸ ਵਿੱਚ ਚਾਚੇ ਤਾਏ ਦੇ ਲੜਕੇ ਹਨ, ਦੇ ਖਿਲਾਫ ਆਈਪੀਸੀ ਦੀਆਂ ਧਾਰਾਵਾਂ302, 452,380 ਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਉਸੇ ਦਿਨ ਤੋਂ ਦੋਸ਼ੀਆਂ ਦੀ ਭਾਲ ਵਿੱਚ ਸੰਜੀਦਗੀ ਨਾਲ ਲੱਗੀ ਹੋਈ ਸੀ। ਉਹਨਾਂ ਕਿਹਾ ਕਿ ਅੱਜ ਪੁਲਿਸ ਨੂੰ ਉਸ ਵੇਲੇ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਮਾਮਲੇ ਦੇ ਇਕ ਦੋਸ਼ੀ ਰਾਜਨ ਉਰਫ ਰਾਜਾ ਪੁੱਤਰ ਯਸ਼ਪਾਲ ਨੂੰ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਮਾਮਲੇ ਦਾ ਦੂਸਰਾ ਦੋਸ਼ੀ ਰਾਹੁਲ ਉਰਫ ਸ਼ੈਂਟੀ ਅਜੇ ਤੱਕ ਫਰਾਰ ਚੱਲ ਰਿਹਾ ਹੈ ਅਤੇ ਉਸ ਵੱਲੋਂ ਮ੍ਰਿਤਕਾ ਦੇ ਚੋਰੀ ਕੀਤੇ ਗਏ ਏਟੀਐਮ ਕਾਰਡ ਰਾਹੀਂ ਸ਼੍ਰੀਨਗਰ ਦੇ ਇਕ ਏਟੀਐਮ ਤੋਂ ਟ੍ਰਾਂਜੈਕਸ਼ਨ ਵੀ ਕਰਵਾਈ ਗਈ ਹੈ ਜਿਸ ਮਗਰੋਂ ਪੁਲਿਸ ਨੇ ਮ੍ਰਿਤਕਾ ਦਾ ਏਟੀਐਮ ਬਲਾਕ ਕਰਵਾ ਦਿੱਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਦੂਸਰੇ ਮੁੱਖ ਦੋਸ਼ੀ ਰਾਹੁਲ ਉਰਫ ਸ਼ੈਂਟੀ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।