ਕੁਲਦੀਪ ਸਿੰਘ ਸਲਗਾਨੀਆ, ਕਿਲਾ ਲਾਲ ਸਿੰਘ
ਕਰੀਬ 160 ਸਾਲ ਪਹਿਲਾਂ ਅੰਗਰੇਜ਼ਾਂ ਵੱਲੋਂ ਬਣਾਏ ਗਏ ਪੁਲ ਦੀ ਹਾਲਤ ਬੇਹੱਦ ਖਸਤਾ ਹੋਣ ਦੇ ਬਾਵਜੂਦ ਅਜੇ ਤੱਕ ਨਾ ਤਾਂ ਇਸ ਪੁਲ ਦੀ ਕੋਈ ਮੁਰੰਮਤ ਕੀਤੀ ਗਈ ਹੈ ਅਤੇ ਨਾ ਹੀ ਇਸ ਦੇ ਥਾਂ 'ਤੇ ਨਵਾਂ ਪੁਲ ਬਣਾਏ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ। ਲੱਗਦਾ ਹੈ ਜਿਵੇਂ ਸਰਕਾਰ ਤੇ ਸਬੰਧਤ ਵਿਭਾਗ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਕਰ ਰਿਹਾ ਹੋਵੇ। ਬਟਾਲਾ-ਡੇਰਾ ਬਾਬਾ ਨਾਨਕ ਰੋਡ 'ਤੇ ਪੈਂਦੇ ਅੱਡਾ ਕਿਲਾ ਲਾਲ ਸਿੰਘ ਦੇ ਬਿਲਕੁਲ ਨਜ਼ਦੀਕ ਤੋਂ ਗੁਜ਼ਰਦੀ ਅਪਰਬਾਰੀ ਦੋਆਬ ਨਹਿਰ ਤੇ ਅੰਗਰੇਜ਼ਾਂ ਦੇ ਰਾਜ 'ਚ ਇਸ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਤੇ ਉਸ ਸਮੇਂ ਇਸ ਪੁਲ ਦੀ ਮਿਆਦ 100 ਸਾਲ ਨਿਸ਼ਚਿਤ ਕੀਤੀ ਗਈ ਸੀ, ਜਦਕਿ ਹੁਣ ਇਸ ਪੁੱਲ ਦੀ ਮਿਆਦ ਖ਼ਤਮ ਹੋਇਆਂ ਨੂੰ ਵੀ 6 ਦਸ਼ਕ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤਕ ਇਸ ਪੁਲ ਦੀ ਮੁਰੰਮਤ ਦੇ ਬਾਰੇ ਗੰਭੀਰਤਾ ਨਾਲ ਸੋਚਿਆ ਵੀ ਨਹੀਂ ਗਿਆ। ਜਾਣਕਾਰੀ ਮੁਤਾਬਕ ਅੰਗਰੇਜ਼ਾਂ ਦੇ ਰਾਜ ਸਮੇਂ ਨਹਿਰਾਂ ਦੀ ਖੁਦਾਈ ਵੇਲੇ ਜ਼ਲਿ੍ਹਾ ਗੁਰਦਾਸਪੁਰ ਵਿਚ ਬਣਾਈ ਗਈ ਅੱਪਰਬਾਰੀ ਦੋਆਬ ਨਹਿਰ ਤੇ ਧਾਰੀਵਾਲ, ਕਲੇਰ ਕਲਾਂ, ਪੁਲ ਕੁੰਜਰ, ਕਿਲਾ ਲਾਲ ਸਿੰਘ, ਚੋਰਾਂਵਾਲੀ, ਅਲੀਵਾਲ ਪੁਲ ਬਣਾਏ ਗਏ ਸਨ, ਜਿਨਾਂ੍ਹ ਤੋਂ ਪੁਲ ਕੁੰਜਰ ਕਰੀਬ 18 ਸਾਲ ਪਹਿਲਾਂ ਟੁੱਟ ਜਾਣ ਦੀ ਵਜ੍ਹਾ ਨਾਲ ਦੁਬਾਰਾ ਬਣਾਇਆ ਜਾ ਚੁੱਕਾ ਹੈ। ਉਸੇ ਪੁਲ ਦੇ ਹਮ ਉਮਰ ਪੁਲ ਕਿਲਾ ਲਾਲ ਸਿੰਘ ਦੀ ਹਾਲਤ ਵੀ ਕਾਫ਼ੀ ਖਸਤਾ ਹੋ ਚੁੱਕੀ ਹੈ, ਜੋ ਕਿ ਕਿਸੇ ਵੇਲੇ ਵੀ ਵੱਡੀ ਦੁਖਦਾਈ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਟਰੈਫਿਕ ਦੇ ਹਿਸਾਬ ਨਾਲ ਵੀ ਇਹ ਪੁਲ ਕਾਫੀ ਵਿਅਸਤ ਪੁਲ ਹੈ। ਬਟਾਲਾ ਤੋਂ ਧਿਆਨਪੁਰ, ਕਲਾਨੌਰ, ਡੇਰਾ ਬਾਬਾ ਨਾਨਕ, ਸ਼ਿਕਾਰ, ਸ਼ਾਹਪੁਰ ਜਾਜਨ ਸਹਿਤ ਅਨੇਕਾਂ ਥਾਂਵਾਂ ਤੇ ਜਾਣ ਵਾਲੀਆਂ ਸਾਰੀਆਂ ਬੱਸਾਂ ਤੇ ਹੋਰ ਵੀ ਵਾਹਨਾਂ ਨੂੰ ਇਸੇ ਜਰਜਰ ਪੁਲ ਤੋਂ ਹੋ ਕੇ ਗੁਜ਼ਰਨਾ ਪੈਂਦਾ ਹੈ। ਨਜ਼ਦੀਕੀ ਸੈਂਕੜੇ ਪਿੰਡਾਂ ਦੇ ਲੋਕ ਵੀ ਕਿਤੇ ਵੀ ਆਉਣ ਜਾਣ ਲਈ ਆਪਣੇ ਵਾਹਨਾਂ ਤੋਂ ਇਸੇ ਪੁਲ ਤੋਂ ਹੀ ਗੁਜ਼ਰਦੇ ਹਨ, ਜਿਸ ਦੀ ਵਜ੍ਹਾ ਨਾਲ ਇਸ ਪੁਲ ਤੇ ਹਰ ਸਮੇਂ ਕਾਫੀ ਭੀੜ ਰਹਿੰਦੀ ਹੈ। ਇਕ ਤੇ ਇਸ ਪੁਲ ਦੀ ਮਿਆਦ ਖਤਮ ਹੋਏ ਕਾਫੀ ਲੰਬਾ ਸਮਾਂ ਬੀਤ ਚੁੱਕਾ ਹੈ ਤੇ ਪੁਲ ਦੀ ਹਾਲਤ ਵੀ ਕਾਫ਼ੀ ਖਸਤਾ ਹੋ ਚੁੱਕੀ ਹੈ। ਉਥੇ ਇਸ ਪੁਲ ਤੇ ਦੋ ਵੱਡੇ ਵਾਹਨ ਇਕੋ ਸਮੇਂ ਵਿਪਰੀਤ ਦਿਸ਼ਾਵਾਂ ਤੋਂ ਪੁਲ 'ਤੇ ਆ ਜਾਣ ਤਾਂ ਉਹ ਇਕੱਠੇ ਪੁਲ ਤੋਂ ਪਾਰ ਨਹੀਂ ਕਰ ਸਕਦੇ, ਜਿਸਦੀ ਵਜਾ ਨਾਲ ਅੱਡਾ ਕਿਲਾ ਲਾਲ ਸਿੰਘ ਵਿਖੇ ਵੱਡਾ ਜਾਮ ਲੱਗਾ ਰਹਿੰਦਾ ਹੈ, ਜਦ ਵੀ ਕੋਈ ਭਾਰੀ ਵਾਹਨ ਪੁਲ ਤੋਂ ਗੁਜ਼ਰਦਾ ਹੈ ਤੇ ਪੁਲ ਕੰਬਣ ਲੱਗਦਾ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਵੀ ਇਹ ਪੁਲ ਬੇਹੱਦ ਮਹੱਤਵਪੂਰਨ ਹੈ। ਇਥੋਂ ਡੇਰਾ ਬਾਬਾ ਨਾਨਕ ਸਰਹੱਦ ਕਰੀਬ 25 ਕਿਲੋਮੀਟਰ ਰਹਿ ਜਾਂਦੀ ਹੈ। ਸਰਹੱਦ ਤੇ ਦੁਸ਼ਮਣ ਦੇਸ਼ ਵੱਲੋਂ ਕਿਸੇ ਵੀ ਸਮੇਂ ਕੀਤੀ ਜਾਂਦੀ ਗਲਤ ਹਰਕਤ ਦਾ ਜਵਾਬ ਦੇਣ ਲਈ ਸਰਹੱਦ ਵੱਲ ਜਾਂਦੇ ਸੈਨਿਕ ਵਾਹਨਾਂ ਨੂੰ ਵੀ ਇਸੇ ਪੁਲ ਤੋਂ ਹੋ ਕੇ ਲੰਘਣਾ ਪੈਂਦਾ ਹੈ। ਭਾਰਤੀ ਸੈਨਾ ਦੇ ਲਈ ਇਹ ਪੁਲ ਬੇਹੱਦ ਅਹਿਮ ਪੁਲ ਹੈ। ਹੁਣ ਕਰਤਾਰਪੁਰ ਕੌਰੀਡੋਰ ਰਾਹੀਂ ਕਰਤਾਰਪੁਰ ਸਾਹਿਬ (ਪਾਕਿਸਤਾਨ ) ਦੇ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਵੀ ਇੱਥੋਂ ਹੀ ਹੋ ਕੇ ਗੁਜ਼ਰਦੀ ਹੈ। ਬਟਾਲਾ ਵੱਲੋਂ ਆਉਣ ਵਾਲੀ ਸਾਰੀ ਸੰਗਤ ਨੂੰ ਇਸੇ ਜਰਜਰ ਪੁਲ ਤੋਂ ਹੋ ਕੇ ਹੀ ਲੰਘਣਾ ਪੈਂਦਾ ਹੈ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਅਹਿਮ ਮੰਨੇ ਜਾਂਦੇ ਪੁਲ ਦੀ ਸਾਰ ਲਈ ਜਾਏ ਤੇ ਪੁਰਾਣੇ ਪੁਲ ਦੀ ਥਾਂ ਤੇ ਨਵਾਂ ਤੇ ਚੌੜਾ ਪੁਲ ਦਾ ਜਲਦ ਨਿਰਮਾਣ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਹ ਪੁੱਲ ਪਹਿਲਾਂ ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦਾ ਸੀ। ਪਰ ਹੁਣ ਬਟਾਲਾ - ਡੇਰਾ ਬਾਬਾ ਨਾਨਕ ਰੋਡ ਦੀ ਜਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਟੀ ਦੇ ਪਾਸ ਹੈ। ਹੁਣ ਇਸ ਅਹਿਮ ਰੋਡ ਨੂੰ ਚੋੜਾ ਕਰਨ ਦਾ ਕੰਮ ਲਗਭਗ ਸ਼ੁਰੂ ਕੀਤਾ ਗਿਆ ਹੈ ਤੇ ਅੱਡਾ ਤਾਰਾਗੜ੍ਹ ਦੇ ਨਜਦੀਕ ਤੋਂ ਇਥੇ ਬਾਈਪਾਸ ਬਨਾਉਣ ਦਾ ਟੀਚਾ ਹੈ ਜੋ ਕਿ ਤਾਰਾਗੜ ਤੋਂ ਸ਼ੁਰੂ ਹੋ ਕੇ ਅੱਡਾ ਕਿਲਾ ਲਾਲ ਕਿਲਾ ਲਾਲ ਸਿੰਘ ਤੋਂ ਅੱਗੇ ਸਤਸੰਗ ਘਰ ਦੇ ਨਜ਼ਦੀਕ ਜਾ ਨਿਕਲ ਰਿਹਾ ਹੈ। ਨਵੇਂ ਬਨਣ ਜਾ ਰਹੇ ਰੋਡ ਤੇ ਸ਼ਾਇਦ ਕੁਝ ਸਮੇਂ ਬਾਅਦ ਨਹਿਰ ਦੇ ਉੱਪਰ ਨਵਾਂ ਪੁੱਲ ਤਾਂ ਬਣ ਜਾਵੇਗਾ, ਪਰ ਇਸ ਪੁਰਾਣੇ ਪੁੱਲ ਤੋਂ ਵਾਹਨਾਂ ਦੀ ਆਵਾਜਾਈ ਵੀ ਘੱਟ ਨਹੀੰ ਰਹੇਗੀ। ਇਸ ਲਈ ਇਲਾਕੇ ਦੇ ਲੋਕਾਂ ਨੇ ਸਰਕਾਰ ਤੇ ਸੰਬੰਧਿਤ ਵਿਭਾਗ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਇਸ ਪਹਿਲੇ ਪੁਲ ਦੀ ਵੀ ਜਲਦ ਸਾਰ ਲਈ ਜਾਏ ਤਾਂ ਜੋ ਕਿਸੇ ਵੀ ਸੰਭਾਵਿਤ ਹਾਦਸੇ ਨੂੰ ਟਾਲਿਆ ਜਾ ਸਕੇ।
ਇਸ ਸਬੰਧੀ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਯੋਗੇਸ਼ ਯਾਦਵ ਨਾਲ ਗੱਲ ਕਰਨੀ ਚਾਹੀ ਤਾਂ ਬਾਰ ਬਾਰ ਫੋਨ ਕਰਨ ਤੇ ਵੀ ਉਨਾਂ੍ਹ ਫੋਨ ਚੁੱਕਨਾ ਮੁਨਾਸਿਬ ਨਹੀਂ ਸਮਿਝਆ।