ਆਕਾਸ਼, ਗੁਰਦਾਸਪੁਰ
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕੀਤੇ ਜਾਣ ਦਾ ਕਿਸਾਨਾਂ ਵੱਲੋਂ ਭਰਵਾਂ ਹਾਂ ਪੱਖੀ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਤੜਕਸਾਰ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਪਿੰਡਵਾਸੀਆਂ ਨਾਲ ਕੀਤੀਆਂ ਜਾ ਰਹੀਆਂ ਬੈਠਕਾਂ ਤਹਿਤ ਅੱਜ ਬਾਬਾ ਸ੍ਰੀ ਚੰਦ ਜੀ ਦੀ ਚਰਨ ਛੋਹ ਪ੍ਰਰਾਪਤ ਧਰਤੀ ਗਾਹਲੜੀ ਦੇ ਨੇੜਲੇ ਪਿੰਡ ਚਿੱਟੀ ਵਿਖੇ ਕਿਸਾਨ ਜਾਗਰੂਕਤਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਮੌਜੂਦਗੀ ਵਿਚ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵਲੋ ਕਿਸਾਨਾਂ ਦੇ ਝੋਨੇ ਦੀ ਸਿੱਧੀ ਬਿਜਾਈ ਨਾ ਕਰਨ ਦੇ ਤੌਖਲੇ ਦੂਰ ਕੀਤੇ ਤੇ ਪੂਰੀ ਤਸੱਲੀ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਵਿਧੀ ਤੇ ਸਿੱਧੀ ਬਿਜਾਈ ਕਰਨ ਦੇ ਕੀ-ਕੀ ਲਾਭ ਹਨ, ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਰਣਧੀਰ ਠਾਕੁਰ ਖੇਤੀਬਾੜੀ ਅਫਸਰ, ਡਾ ਗੁਰਦੇਵ ਸਿੰਘ, ਸਰਪੰਚ ਕੁਲਵਿੰਦਰ ਸਿੰਘ,ਵਾਹਲਾ ਜੀ, ਬਿਕਰਮਜੀਤ ਸਿੰਘ ਸੀਡੀਪੀਓ ਸਮੇਤ ਪਿੰਡਵਾਸੀ ਮੌਜੂਦ ਸਨ। ਕਰੀਬ ਸਵੇਰੇ 7 ਵਜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਤਿੰਨ ਮੁੱਖ ਮੁੱਦਿਆਂ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ, ਨਸ਼ਿਆਂ ਨੂੰ ਖਤਮ ਕਰਨ ਸਬੰਧੀ ਤੇ ਲੋਕਾਂ ਦੀਆਂ ਮੁਸ਼ਕਿਲ ਸੁਣਨ ਲਈ ਆਏ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕਰਨ ਅਤੇ ਕਿਸਾਨਾਂ ਦੇ ਮਨਾਂ ਵਿਚ ਜੋ ਸ਼ੰਕੇ ਹਨ, ਉਹ ਦੂਰ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਮਾਹਿਰ ਦੱਸਦੇ ਹਨ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 5000 ਰੁਪਏ ਤਕ ਲੇਬਰ ਬੱਚਦੀ ਹੈ, ਦਵਾਈਆਂ ਘੱਟ ਲੱਗਦੀਆਂ ਹਨ, ਝਾੜ ਵੱਧਦਾ ਹੈ, ਪਾਣੀ ਬੱਚਦਾ ਤੇ ਅਗਲੀ ਬੀਜੀ ਜਾਣ ਵਾਲੀ ਫਸਲ ਦਾ ਝਾੜ ਵੀ ਵੱਧਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਇਸ ਲਈ ਕਿਸਾਨ ਸਮੇਂ ਦੀ ਮੁੱਖ ਲੋੜ ਨੂੰ ਸਮਝਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ ਅਤੇ ਜੇਕਰ ਉਨਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ।