ਹਰਜੀਤ ਸਿੰਘ ਬਿਜਲੀਵਾਲ, ਨੌਸ਼ਹਿਰਾ ਮੱਝਾ ਸਿੰਘ
ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਮੌਸਮ 'ਚ ਬਦਲਾਅ ਆਉਣ ਕਾਰਨ ਅਸੀਂ ਆਮ ਹੀ ਜ਼ੁਕਾਮ ਤੇ ਖੰਘ ਵਰਗੀਆ ਕਈ ਬੀਮਾਰੀਆਂ ਦੀ ਚਪੇਟ 'ਚ ਆ ਜਾਂਦੇ ਹਾਂ, ਜਿਸ ਕਾਰਣ ਗਲੇ 'ਚ ਸ਼ੁੱਕਾਪਨ,ਅੱਖਾਂ ਅਤੇ ਛਾਤੀ 'ਚ ਦਰਦ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਸੁੱਕੀ ਖੰਘ ਉਦੋਂ ਹੁੰਦੀ ਹੈ, ਜਦੋਂ ਬਲਗਮ ਛਾਤੀ ਅਤੇ ਗਲੇ 'ਚ ਸੁੱਕ ਜਾਂਦੀ ਹੈ। ਇਸ ਦੇ ਲਈ ਕਈ ਲੋਕ ਅੰਗਰੇਜ਼ੀ ਦਵਾਈ ਦੀ ਵਰਤੋਂ ਕਰਦੇ ਹਨ। ਇਸ ਦੀ ਬਜਾਏ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹਾਂ, ਜਿਸ ਨਾਲ ਜਿਥੇ ਹਰ ਵਿਅਕਤੀ ਦਾ ਆਰਥਿਕ ਨੁਕਸਾਨ ਹੋਣ ਤੋਂ ਬਚਾ ਹੋ ਸਕਦਾ ਹੈ। ਉਥੇ ਅੰਗਰੇਜ਼ੀ ਦਵਾਈਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ। ਇਹਨਾਂ ਦੇਸੀ ਨੁਸਖਿਆ ਲਈ ਸਾਨੂੰ ਕੁਝ ਵੀ ਵਿਸ਼ੇਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਸਗੋਂ ਇਹ ਤਾਂ ਆਪਣੇ ਘਰ ਦੀ ਰਸੋਈ ਵਿਚੋਂ ਨੂੰ ਮਿਲ ਜਾਂਦੇ ਹਨ, ਜਿਸ ਦੀ ਵਰਤੋਂ ਅਸੀਂ ਹਰ ਰੋਜ਼ ਖਾਣਾ ਬਨਾਉਣ ਲਈ ਆਮ ਹੀ ਵਰਤੋਂ ਕਰਦੇ ਰਹਿੰਦੇ ਹਾਂ। ਇਸ ਸਬੰਧ ਵਿੱਚ ਕਮਿਊਨਿਟੀ ਸਿਹਤ ਕੇਂਦਰ ਨੌਸ਼ਹਿਰਾ ਮੱਝਾ ਸਿੰਘ ਦੇ ਐੱਸਐੱਮਓ, ਡਾਕਟਰਾਂ ਤੇ ਹੈਲਥ ਇੰਸਪੈਕਟਰਾਂ ਨੇ ਸੁੱਕੀ ਖੰਘ ਨੂੰ ਖਤਮ ਕਰਨ ਲਈ ਆਪਣੇ ਤਜਰਬੇ ਮੁਤਾਬਿਕ ਦੇਸੀ ਨੁਸਖਿਆਂ ਬਾਰੇ ਜਾਣਕਾਰੀ ਦਿੱਤੀ ਹੈ।
ਜ਼ਿਆਦਾ ਚਾਹ ਪੀਣ ਨਾਲ ਪੇਟ ਖ਼ਰਾਬ ਹੋਣ ਦਾ ਖ਼ਤਰਾ : ਡਾ. ਜਸਪਾਲ ਕੌਰ
ਅੌਰਤਾਂ ਦੇ ਰੋਗਾਂ ਦੀ ਮਾਹਿਰ ਡਾ. ਜਸਪਾਲ ਕੌਰ ਨੇ ਕਿਹਾ ਕਿ ਖੰਘ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਅਦਰਕ ਦਾ ਸੇਵਨ ਵੀ ਕਰ ਸਕਦੇ ਹੋ ਇਹ ਸੁੱਕੀ ਖਾਂਸੀ ਨੂੰ ਦੂਰ ਕਰਕੇ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਤੁਸੀਂ ਚਾਹ 'ਚ ਅਦਰਕ ਅਤੇ ਕਾਲੀ ਮਿਰਚ ਮਿਲਾ ਕੇ ਪੀ ਸਕਦੇ ਹੋ। ਤੁਸੀਂ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ। ਉਹਨਾਂ ਕਿਹਾ ਕਿ ਮਾਹਿਰਾਂ ਮੁਤਾਬਕ ਜ਼ਿਆਦਾ ਚਾਹ ਪੀਣ ਨਾਲ ਪੇਟ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ 'ਚ ਇਸ ਨੂੰ ਥੋੜ੍ਹੀ ਮਾਤਰਾ 'ਚ ਹੀ ਪੀਣੀ ਚਾਹੀਦੀ ਹੈ।
ਹਲਦੀ ਵਾਲਾ ਦੁੱਧ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ-ਡਾ. ਵਿਕਰਮ ਸੂਰੀ
ਕੋਰੋਨਾ ਨੋਡਲ ਅਧਿਕਾਰੀ ਡਾ. ਵਿਕਰਮ ਸੂਰੀ ਨੇ ਦੱਸਿਆ ਕਿ ਸਾਨੂੰ ਰੋਜ਼ਾਨਾ ਸੌਣ ਤੋਂ ਪਹਿਲਾਂ ਗਰਮ ਦੁੱਧ 'ਚ 2 ਚੁਟਕੀ ਹਲਦੀ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਜ਼ੁਕਾਮ ਅਤੇ ਖੰਘ ਤੋਂ ਜਲਦੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਇਮਿਊਨਿਟੀ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਅਜਿਹੇ 'ਚ ਇਸ ਦਾ ਸੇਵਨ ਕਰਨ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਇਸ ਤੋਂ ਇਲਾਵਾ ਚਾਹ ਨਾਲ ਕਾਲੀ ਮਿਰਚ ਦੇ ਦਾਣਿਆਂ ਨੂੰ ਮੂੰਹ 'ਚ ਚਬਾਉਣ ਨਾਲ ਜਾਂ ਫਿਰ ਪੀਸ ਕੇ ਿਘਓ 'ਚ ਭੁੰਨ ਕੇ ਖਾਣ ਨਾਲ ਗਲੇ ਨੂੰ ਬਹੁਤ ਹੱਦ ਤੱਕ ਆਰਾਮ ਮਿਲਦਾ ਹੈ।
ਸੁੱਕੀ ਖੰਘ ਆਉਣ ਤੇ ਲੂਣ ਵਾਲੇ ਪਾਣੀ ਦੇ ਕਰੋ ਗਰਾਰੇ-ਅਸ਼ੋਕ ਕੁਮਾਰ
ਹੈਲਥ ਇੰਸਪੈਕਟਰ ਅਸ਼ੋਕ ਕੁਮਾਰ ਨੇ ਆਪਣੇ ਅਜਮਾਏ ਹੋਏ ਲੂਣ ਦੇ ਗਰਾਰੇ ਵਾਲੇ ਨੁਸਖੇ ਦੀ ਗੱਲ ਕਰਦਿਆ ਦੱਸਿਆ ਕਿ ਜੇਕਰ ਤੁਹਾਨੂੰ ਸੁੱਕੀ ਖੰਘ ਦੇ ਨਾਲ ਗਲੇ 'ਚ ਖਾਰਸ਼ ਦੀ ਸਮੱਸਿਆ ਹੈ ਤਾਂ ਲੂਣ ਵਾਲੇ ਪਾਣੀ ਦੇ ਗਰਾਰੇ ਜ਼ਰੂਰ ਕਰੋ। ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਗਲੇ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਹ ਸੁੱਕੀ ਖੰਘ, ਗਲੇ ਦੀ ਖਰਾਸ਼, ਜਲਨ, ਖੁਜਲੀ ਆਦਿ ਤੋਂ ਰਾਹਤ ਦਿਵਾਉਂਦੇ ਹਨ। ਇਸ ਲਈ ਇਕ ਕੱਪ ਕੋਸੇ ਪਾਣੀ 'ਚ 1/4 ਚਮਚ ਲੂਣ ਮਿਲਾ ਕੇ ਦਿਨ 'ਚ 2-3 ਵਾਰ ਗਰਾਰੇ ਕਰੋ।
ਸੁੱਕੀ ਖੰਘ ਨੂੰ ਠੀਕ ਕਰਨ 'ਚ ਲਸਣ ਬਹੁਤ ਮਦਦਗਾਰ : ਅੰਮਿ੍ਤ ਚਮਕੌਰ ਸਿੰਘ
ਹੈਲਥ ਇੰਸਪੈਕਟਰ ਅੰਮਿ੍ਤ ਚਮਕੌਰ ਸਿੰਘ ਸੁੱਕੀ ਖੰਘ ਨੂੰ ਠੀਕ ਕਰਨ'ਚ ਲਸਣ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ।ਇਸ ਲਈ ਦੋ-ਤਿੰਨ ਲਸਣ ਦੀਆਂ ਤੁਰੀਆਂ ਨੂੰ ਇਕ ਕੱਪ ਪਾਣੀ 'ਚ ਉਬਾਲ ਲਓ। ਜਦੋਂ ਪਾਣੀ ਹਲਕਾ ਠੰਡਾ ਹੋ ਜਾਵੇ ਤਾਂ ਇਸ 'ਚ ਸ਼ਹਿਦ ਨੂੰ ਮਿਲਾ ਕੇ ਪੀ ਲਓ। ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸ਼ਹਿਦ 'ਚ ਅਜਿਹੇ ਐਨਜ਼ਾਈਮ ਹੁੰਦੇ ਹਨ ਜੋ ਖੰਘ ਤੋਂ ਰਾਹਤ ਦਿਵਾਉਣ 'ਚ ਬਹੁਤ ਮਦਦ ਕਰਦੇ ਹਨ, ਇਸ ਲਈ ਦਿਨ 'ਚ ਚਾਰ ਵਾਰ ਇਕ-ਇਕ ਚਮਚ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ।