ਸੁਖਦੇਵ ਸਿੰਘ, ਬਟਾਲਾ
ਖ਼ਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਨੂੰ ਲੈ ਕੇ ਸੰਗਤਾਂ ਚ ਭਾਰੀ ਉਤਸ਼ਾਹ ਹੈ ਅਤੇ ਸੰਗਤਾਂ ਲੱਖਾਂ ਦੀ ਗਿਣਤੀ 'ਚ ਸ੍ਰੀ ਆਨੰਦਪੁਰ ਸਾਹਿਬ ਪੁੱਜ ਗਈਆਂ ਹਨ । ਸੰਗਤਾਂ ਦੀ ਸੇਵਾ ਲਈ ਵੱਖ ਵੱਖ ਥਾਂਵਾਂ 'ਤੇ ਪਿੰਡਾਂ ਦੇ ਲੋਕਾਂ ਵੱਲੋਂ ਦਿਨ ਰਾਤ ਲੰਗਰ ਲਗਾਏ ਹੋਏ ਹਨ । ਉੱਧਰ ਜਿੱਥੇ ਖ਼ਾਲਸੇ ਦੇ ਹੋਲੇ ਮਹੱਲੇ ਨੂੰ ਲੈ ਕੇ ਸੰਗਤਾਂ ਸ਼ਾਹ ਉਤਸ਼ਾਹਿਤ ਹਨ, ਉਥੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਵੀ ਸ਼ਹਿਰਾਂ ਅੰਦਰ ਚਾਅ ਤੇ ਹੁਲਾਰਾ ਦੇਖਣ ਨੂੰ ਮਿਲ ਰਿਹਾ ਹੈ । ਹੋਲੀ ਨੂੰ ਲੈ ਕੇ ਖਾਸ ਕਰ ਨੌਜਵਾਨਾਂ ਅੰਦਰ ਭਾਰੀ ਉਤਸ਼ਾਹ ਹੈ । ਰੰਗਾਂ ਦੀਆਂ ਦੁਕਾਨਾਂ ਉੱਤੇ ਨੌਜਵਾਨਾਂ ਵੱਲੋਂ ਰੰਗਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ । ਕੋਹਲੀ ਨੂੰ ਲੈ ਕੇ ਜਿਥੇ ਨੌਜਵਾਨਾਂ 'ਚ ਉਤਸ਼ਾਹ ਹੈ ਉਥੇ ਨਾਲ ਹੀ ਛੋਟੇ ਛੋਟੇ ਬੱਚੇ ਵੀ ਰੰਗਾਂ ਦੀ ਖਰੀਦਦਾਰੀ ਕਰ ਰਹੇ ਹਨ ਅਤੇ ਪਿਚਕਾਰੀਆਂ ਦੀ ਵੀ ਖਰੀਦ ਕੀਤੀ ਹੈ । ਉਧਰ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰਬਲ ਰੰਗਾਂ ਦੀ ਹੀ ਵਰਤੋਂ ਕੀਤੀ ਜਾਵੇ । ਨੌਜਵਾਨ ਕ੍ਰਿਸ਼ਨ ਕੁਮਾਰ, ਦੀਪਕ ਕੁਮਾਰ, ਅਨਿਲ ਕੁਮਾਰ, ਬੰਟੀ, ਨਰੇਸ਼ ਕੁਮਾਰ ਆਦਿ ਨੇ ਕਿਹਾ ਕਿ ਹੋਲੀ ਦਾ ਦਿਨ ਖੁਸ਼ੀਆਂ ਤੇ ਖੇੜਿਆਂ ਦਾ ਦਿਨ ਹੈ । ਉਨਾਂ੍ਹ ਕਿਹਾ ਕਿ ਹੋਲੀ ਦੇ ਦਿਨ ਰਲ ਮਿਲ ਕੇ ਪੂਰੀ ਮਸਤੀ ਹੁੰਦੀ ਹੈ ।
ਮਸਤੀ ਕਰੋ, ਪਰ ਸ਼ਰਾਰਤਾਂ ਨਾ ਕੀਤੀਆਂ ਜਾਣ : ਭਰਤ ਅਗਰਵਾਲ
ਐਡਵੋਕੇਟ ਭਰਤ ਅਗਰਵਾਲ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਜਿੱਥੇ ਭਾਈਚਾਰਕ ਸਾਂਝ ਵਜੋਂ ਮਨਾਇਆ ਜਾਂਦਾ ਹੈ । ਉੱਥੇ ਨਾਲ ਹੀ ਨੌਜਵਾਨ ਇਸ ਦਿਨ ਭਾਰੀ ਮਸਤੀ ਕਰਦੇ ਹਨ ਪਰ ਅਗਰਵਾਲ ਨੇ ਕਿਹਾ ਕਿ ਹੋਲੀ ਦੇ ਤਿਉਹਾਰ 'ਚ ਕਈ ਵਾਰ ਮਸਤੀ ਦੌਰਾਨ ਲੜਾਈਆਂ ਵੀ ਹੁੰਦੀਆਂ ਹਨ, ਇਸ ਲਈ ਨੌਜਵਾਨਾਂ ਨੂੰ ਅਪੀਲ ਹੈ ਕਿ ਹੋਲੀ ਦੇ ਰੰਗਾਂ 'ਚ ਖੁਸ਼ੀਆਂ ਦਾ ਰੰਗ ਜ਼ਰੂਰ ਮਨਾਉ ਪਰ ਸ਼ਰਾਰਤਾਂ ਨਾ ਕੀਤੀਆਂ ਜਾਣ ਅਤੇ ਨਾ ਹੀ ਰੰਗ ਦੀ ਬਜਾਏ ਹੋਰ ਪਦਾਰਥ ਕਿਸੇ 'ਤੇ ਸੁੱਟਿਆ ਜਾਵੇ ।
ਹਰਬਲ ਰੰਗਾਂ ਦੀ ਕੀਤੀ ਜਾਵੇ ਵਰਤੋ : ਡਾ. ਜਤਿੰਦਰ ਸਿੰਘ
ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਹੋਲੀ ਦੇ ਤਿਉਹਾਰ 'ਚ ਚਾਈਨਾ ਦੇ ਬਣੇ ਹੋਏ ਰੰਗ ਵੇਖ ਰਹੇ ਹਨ, ਜੋ ਸਿਹਤ ਲਈ ਬਹੁਤ ਖ਼ਤਰਨਾਕ ਹਨ । ਉਨਾਂ੍ਹ ਕਿਹਾ ਕਿ ਬਾਜ਼ਾਰ 'ਚ ਸਿਹਤ ਨੂੰ ਨੁਕਸਾਨ ਵਾਲੇ ਰੰਗ ਵੇਚੇ ਜਾ ਰਹੇ ਹਨ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਕਦੀ ਕੋਈ ਕਾਰਵਾਈ ਨਹੀਂ ਕੀਤੀ ਹੈ । ਉਨਾਂ੍ਹ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਹੋਲੀ ਦੇ ਰੰਗ ਦੀ ਮਸਤੀ ਕਰਦਿਆਂ ਸਿਰਫ਼ ਤੇ ਸਿਰਫ਼ ਹਰਬਲ ਰੰਗਾਂ ਦੀ ਹੀ ਵਰਤੋਂ ਕੀਤੀ ਜਾਵੇ।