ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਪੰਜਾਬੀ ਦਾ ਅਖਾਣ ਹੈ ਕਿ ‘ਜਿਸ ਨੇ ਵੇਖਿਆ ਨਹੀਂ ਲਾਹੌਰ, ਉਹ ਵੇਖੇ ਕਲਾਨੌਰ’। ਕਸਬੇ ਦੀ ਉਹ ਇਤਿਹਾਸਕ ਧਰਤੀ ਹੈ ਜਿੱਥੇ ਮੁਗਲ ਸਮਰਾਟ ਮੁਹੰਮਦ ਜਲਾਲੂਦੀਨ ਅਕਬਰ ਦੀ ਤਾਜਪੋਸ਼ੀ ਹੋਈ ਹੈ ਪਰ ਅਫ਼ਸੋਸ ਕਿ ਮੁਗ਼ਲ ਬਾਦਸ਼ਾਹ ਅਕਬਰ ਦੇ ਤਾਜਪੋਸ਼ੀ ਤਖ਼ਤ ਦੀ ਪੁਰਾਤਤਵ ਵਿਭਾਗ ਨੇ ਸਾਰ ਨਹੀਂ ਲਈ। ਹਾਲਤ ਖ਼ਰਾਬ ਹੋਣ ਕਾਰਨ ਇਸ ਦਾ ਚਮਕਦਾ ਸੁਰਖੀ ਲਾਲ ਰੰਗ ਕਾਲੇ ਰੰਗ ਵਿਚ ਤਬਦੀਲ ਹੋ ਰਿਹਾ ਹੈ।
ਇਸ ਤੋਂ ਇਲਾਵਾ ਹੈਰੀਟੇਜ ਐਂਡ ਟੂਰਿਜ਼ਮ ਬੋਰਡ ਵੱਲੋਂ ਅਕਬਰੀ ਤਖ਼ਤ ਦੇ ਚੌਗਿਰਦੇ ਦੀ ਕਾਇਆਕਲਪ ਕਰਨ ਲਈ ਕਿਸਾਨਾਂ ਤੋਂ ਜ਼ਮੀਨ ਅਕਵਾਇਰ ਕਰਨ ਦੇ ਬਾਵਜੂਦ ਨਿਰਮਾਣ ਸ਼ੁਰੂ ਨਹੀਂ ਕੀਤਾ ਗਿਆ। ਤਾਜਪੋਸ਼ੀ ਵਾਲੀ ਥਾਂ ਦੇ ਆਲੇ-ਦੁਆਲੇ ਲਗਦੇ ਖੇਤਾਂ ਦੇ ਮਾਲਕ ਵੀਰ ਸਿੰਘ, ਤਰਸੇਮ ਸਿੰਘ, ਕਪੂਰ ਸਿੰਘ, ਦਵਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੌਰਾਨ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਮਗਰੋਂ ਅਦਾਇਗੀ ਕਰ ਦਿੱਤੀ ਹੋਈ ਹੈ। ਹਾਲੇ ਤਕ ਅਕਬਰੀ ਤਖ਼ਤ ਦਾ ਨਿਰਮਾਣ ਸ਼ੁਰੂ ਨਹੀਂ ਕੀਤਾ। ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਮੁਤਾਬਕ ਮੁਗਲ ਬਾਦਸ਼ਾਹ ਮੁਹੰਮਦ ਜਲਾਲੂਦੀਨ ਅਕਬਰ, ਕਲਾਨੌਰ ਵਿਚ 1556 ਵਿਚ ਠਹਿਰਿਆ ਸੀ। ਉਸ ਦੇ ਪਿਤਾ ਹਿਮਾਯੂੰ 26 ਜਨਵਰੀ 1556 ਨੂੰ ਦਿੱਲੀ ਸਥਿਤ ਦੀਨੇ ਪਨਾਹ ਲਾਇਬ੍ਰੇਰੀ ਵਿਚ ਅਜ਼ਾਨ ਦੀ ਆਵਾਜ਼ ਸੁਣ ਕੇ ਸਤਿਕਾਰ ਵਜੋਂ ਹੇਠਾਂ ਝੁਕੇ ਤਾਂ ਪੈਰ ਫਿਸਲਣ ਕਾਰਨ ਉਹ ਪੌਡ਼ੀਆਂ ਤੋਂ ਹੇਠਾਂ ਡਿੱਗ ਪਏ ਤੇ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਹ ਲਾਇਬਰੇਰੀ ਅੱਜਕੱਲ੍ਹ ਦਿੱਲੀ ਵਿਚ ਸਥਿਤ ਪੁਰਾਣੇ ਕਿਲ੍ਹੇ ਵਿਚ ਮੌਜੂਦ ਸੀ ਜਿਸ ਨੂੰ ਸ਼ੇਰ ਸ਼ਾਹ ਸੂਰੀ ਤੇ ਪਾਂਡਵਾਂ ਦਾ ਕਿਲ੍ਹਾ ਕਿਹਾ ਜਾਂਦਾ ਹੈ। ਉਸ ਸਮੇਂ ਅਕਬਰ ਦੀ ਉਮਰ 12 ਸਾਲ 9 ਮਹੀਨੇ ਸੀ। ਅਕਬਰ ਦਾ ਜਨਮ ਅਮਰਕੋਟ (ਪਾਕਿਸਤਾਨ) ਵਿਚ ਹੋਇਆ ਸੀ, ਉਨ੍ਹਾਂ ਨੂੰ ਕੁਝ ਦਿਨਾਂ ਬਾਅਦ ਪਿਤਾ ਦੀ ਮੌਤ ਬਾਰੇ ਖ਼ਬਰ ਮਿਲੀ। ਉਸ ਸਮੇਂ ਅਕਬਰ ਕਲਾਨੌਰ ਵਿਚ ਬੈਰਮ ਖ਼ਾਨ ਕੋਲ ਰਹਿ ਕੇ ਆਪਣੇ ਵਿਰੋਧੀਆਂ ਵਿਰੁੱਧ ਮੁਹਿੰਮ ਵਿਚ ਲੱਗਾ ਹੋਇਆ ਸੀ। ਬੈਰਮ ਖ਼ਾਨ ਨੇ ਹਿਮਾਯੂੰ ਦੀ ਮੌਤ ਦੀ ਖ਼ਬਰ ਸੁਣ ਕੇ ਕਲਾਨੌਰ ਤੋਂ ਇਕ ਕਿਲੋਮੀਟਰ ਪੂਰਬ ਵੱਲ ਜਿੱਥੇ ਹੁਣ ਅਕਬਰ ਦਾ ਤਾਜਪੋਸ਼ੀ ਸਥਾਨ ਹੈ, ਕੁਝ ਸਿਪਾਹੀਆਂ ਨੂੰ ਇਕ ਥਾਂ ’ਤੇ ਇਕੱਠਾ ਕੀਤਾ। ਕੁਝ ਮਿੰਟਾਂ ਲਈ ਇਕ ਪੱਥਰ ’ਤੇ ਅਕਬਰ ਨੂੰ ਬਿਠਾਇਆ ਤੇ ਸ਼ਾਹੀ ਰਸਮਾਂ ਪੂਰੀਆਂ ਕਰ ਕੇ 14 ਫਰਵਰੀ, 1556 ਨੂੰ ਸ਼ੁੱਕਰਵਾਰ ਦੀ ਸ਼ਾਮ ਨੂੰ ਅਕਬਰ ਨੂੰ ਬਾਦਸ਼ਾਹ ਐਲਾਨ ਦਿੱਤਾ ਸੀ। ਤਾਜਪੋਸ਼ੀ ਵਾਲਾ ਇਹ ਸਥਾਨ ਭਾਵੇਂ ਪੁਰਾਤਤਵ ਵਿਭਾਗ ਨੇ ਕਬਜ਼ੇ ਵਿਚ ਲਿਆ ਹੋਇਆ ਹੈ। ਇਸ ਨਾਲ ਛੇਡ਼ਛਾਡ਼ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਤੇ ਜੁਰਮਾਨੇ ਦੇ ਸੂਚਨਾ ਬੋਰਡ ਵੀ ਲਾਏ ਹੋਏ ਹਨ ਪਰ ਇਸ ਸਬੰਧੀ ਕੀਤਾ ਕਦੇ ਕੁਝ ਵੀ ਨਹੀਂ।
ਅਕਬਰ ਦਾ ਤਾਜਪੋਸ਼ੀ ਤਖ਼ਤ ਦੇਖਣ ਆਏ ਗੁਰਵਿੰਦਰ ਸਿੰਘ ਰੰਧਾਵਾ, ਰਾਜੀਵ ਕੁਮਾਰ, ਬੂਟਾ ਰਾਮ, ਮਨਜੀਤ ਸਿੰਘ, ਪਵਨ ਕੁਮਾਰ, ਜਸਬੀਰ ਸਿੰਘ, ਅਮਿਤ ਕੁਮਾਰ ਆਦਿ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕਲਾਨੌਰ ਸਥਿਤ ਪ੍ਰਾਚੀਨ ਸ਼ਿਵ ਮੰਦਰ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਤੇ ਤਾਜਪੋਸ਼ੀ ਤਖ਼ਤ ਦੇ ਨਿਰਮਾਣ ਲਈ ਕਰੀਬ ਸੱਤ ਕਰੋਡ਼ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ ਜਿਸ ਨਾਲ ਪ੍ਰਾਚੀਨ ਸ਼ਿਵ ਮੰਦਰ ਤੇ ਬਾਬਾ ਬੰਦਾ ਸਿੰਘ ਬਹਾਦਰ ਪਾਰਕ ਦਾ ਨਿਰਮਾਣ ਹੋ ਚੁੱਕਾ ਹੈ। ਅਕਬਰ ਦੇ ਤਾਜਪੋਸ਼ੀ ਤਖ਼ਤ ਦਾ ਨਿਰਮਾਣ ਠੰਢੇ ਬਸਤੇ ਵਿਚ ਪਿਆ ਹੋਇਆ ਹੈ। ਤਖ਼ਤ ਨੂੰ ਆਉਣ ਵਾਲੀ ਸਡ਼ਕ ਦੇ ਕਿਨਾਰੇ ਨਾ ਹੋਣ ਤੋਂ ਇਲਾਵਾ ਅਕਬਰੀ ਤਖ਼ਤ ਤੇ ਇਤਿਹਾਸ ਬਾਰੇ ਲਿਖਿਆ ਬੋਰਡ ਖ਼ਰਾਬ ਹੋ ਚੁੱਕਾ ਹੈ, ਜਿਸ ਨੂੰ ਪਡ਼੍ਹਨਾ ਮੁਸ਼ਕਿਲ ਹੈ।
ਤਾਜਪੋਸ਼ੀ ਲਈ ਬਣਿਆ ਚਬੂਤਰਾ ਤੇ ਹੌਜ਼ ’ਤੇ ਸ਼ਰਾਰਤੀ ਅਨਸਰਾਂ ਨੇ ਕਈ ਤਰ੍ਹਾਂ ਦੇ ਨਾਮ ਤੇ ਹੋਰ ਅੱਖਰ ਲਿਖੇ ਹੋਏ ਹਨ। ਪਿਛਲੇ ਸਮੇਂ ਦੌਰਾਨ ਪੁਰਤਾਤਵ ਵਿਭਾਗ ਨੇ ਸਾਂਭ ਸੰਭਾਲ ਵਾਸਤੇ ਨੇ ਇਕ ਸੇਵਾਦਾਰ ਦੀ ਡਿਊਟੀ ਲਾਈ ਸੀ। ਇਸ ਵੇਲੇ ਆਰਜ਼ੀ ਤੌਰ ’ਤੇ ਤਖ਼ਤ ਨਾਲ ਲਗਦੇ ਖੇਤਾਂ ਦੇ ਮਾਲਕ ਕਿਸਾਨ ਵੱਲੋਂ ਡਿਊਟੀ ਕੀਤੀ ਜਾ ਰਹੀ ਹੈ। ਤਾਜਪੋਸ਼ੀ ਵਾਲੀ ਜਗ੍ਹਾ ਦੇ ਨਿਰਮਾਣ ਸਬੰਧੀ ਜਦੋਂ ਅੰਮ੍ਰਿਤਸਰ ਸਥਿਤ ਹੈਰੀਟੇਜ ਐਂਡ ਟੂਰਿਜ਼ਮ ਬੋਰਡ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਇਸ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਪ੍ਰਕਿਰਿਆ ਜਾਰੀ ਹੈ।