ਸ਼ਾਮ ਸਿੰਘ ਘੁੰਮਣ, ਦੀਨਾਨਗਰ
ਵਿਧਾਨਸਭਾ ਹਲਕੇ ਦੇ ਪਿੰਡ ਧਮਰਾਈ ਵਿਖੇ ਗ੍ਰਾਮ ਪੰਚਾਇਤ ਵੱਲੋਂ ਧਰਮਸ਼ਾਲਾ ਦੇ ਕਰਵਾਏ ਜਾ ਰਹੇ ਨਿਰਮਾਣ ਕੰਮ ਨੂੰ ਪੰਚਾਇਤ ਵਿਭਾਗ ਵੱਲੋਂ ਰੋਕੇ ਜਾਣ ਦੇ ਨਿਰਦੇਸ਼ਾਂ ਤੋਂ ਨਰਾਜ਼ ਪਿੰਡ ਵਾਸੀਆਂ ਨੇ ਬੀਡੀਪੀਓ ਦੀਨਾਨਗਰ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਅਤੇ ਬੀਡੀਪੀਓ ਦੀਨਾਨਗਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸਰਪੰਚ ਰਜਿੰਦਰ ਸਿੰਘ ਕਾਹਲੋਂ ਅਤੇ ਮੈਂਬਰ ਪੰਚਾਇਤਾਂ ਹਰਦੀਪ ਸਿੰਘ, ਕਸਤੂਰੀ ਲਾਲ, ਕ੍ਰਿਸ਼ਨਾ ਦੇਵੀ ਤੇ ਅਵਤਾਰ ਸਿੰਘ ਦੀ ਅਗਵਾਈ ਹੇਠ ਬੀਡੀਪੀਓ ਦਫਤਰ ਵਿਖੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਬੀਡੀਪੀਓ ਦੀਨਾਨਗਰ ਖਿਲਾਫ ਮੁਜ਼ਾਹਰਾ ਕਰਦੇ ਹੋਏ ਕਿਹਾ ਕਿ ਉਕਤ ਬੀਡੀਪੀਓ ਸੱਤਾਧਾਰੀਆਂ ਦੇ ਦਬਾਅ ਹੇਠ ਉਨ੍ਹਾਂ ਨੂੰ ਪਿੰਡ ਦਾ ਵਿਕਾਸ ਕਰਨ ਤੋਂ ਰੋਕ ਰਿਹਾ ਹੈ, ਜਿਸਨੂੰ ਪਿੰਡ ਵਾਸੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਧਰਮਸ਼ਾਲਾ ਦੀ ਹਾਲਤ ਖਸਤਾ ਹੋਣ ਕਾਰਨ ਗ੍ਰਾਮ ਪੰਚਾਇਤ ਉਸ ਦਾ ਨਵੀਨੀਕਰਨ ਕਰਵਾ ਰਹੀ ਸੀ, ਪਰ ਪਿੰਡ ਦੇ ਕੁਝ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਇਸ ਦੀ ਸ਼ਿਕਾਇਤ ਬੀਡੀਪੀਓ ਨੂੰ ਕੀਤੇ ਜਾਣ ਤੇ ਬੀਡੀਪੀਓ ਵੱਲੋਂ ਸੱਤਾ ਦੇ ਦਬਾਅ ਹੇਠ ਉਨ੍ਹਾਂ ਦੇ ਚੱਲ ਰਹੇ ਕੰਮ ਨੂੰ ਰੋਕਿਆ ਜਾ ਰਿਹਾ ਹੈ ਅਤੇ ਪੁਲਿਸ ਦੇ ਜੋਰ ਨਾਲ ਪਿੰਡ ਵਾਸੀਆਂ ਨੂੰ ਦਬਾਇਆ ਜਾ ਰਿਹਾ ਹੈ। ਕਰੀਬ ਦੋ ਘੰਟੇ ਤੱਕ ਚੱਲੇ ਮੁਜ਼ਾਹਰੇ ਮਗਰੋਂ ਅਖੀਰ ਪੰਚਾਇਤ ਸੰਮਤੀ ਦੀਨਾਨਗਰ ਦੇ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਦੀਆਂ ਕੋਸ਼ਿਸ਼ਾਂ ਸਦਕਾ ਬੀਡੀਪੀਓ ਦੀਨਾਨਗਰ ਅਤੇ ਗ੍ਰਾਮ ਪੰਚਾਇਤ ਦੇ ਮੋਹਤਬਰਾਂ ਦਰਮਿਆਨ ਗੱਲਬਾਤ ਹੋਣ ਤੇ ਹੀ ਮੁਜ਼ਾਹਰਾ ਸਮਾਪਤ ਹੋਇਆ। ਬੀਡੀਪੀਓ ਵੱਲੋਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਕਿਸੇ ਨਾਲ ਵੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ ਅਤੇ ਕਿਸੇ ਵੀ ਸਹੀ ਕੰਮ ਨੂੰ ਰੋਕਿਆ ਨਹੀਂ ਜਾਵੇਗਾ, ਪਰ ਨਿਯਮਾਂ ਦੀ ਅਣਦੇਖੀ ਵੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਗ੍ਰਾਮ ਪੰਚਾਇਤ ਨੂੰ ਕਿਹਾ ਕਿ ਉਹ ਕੋਈ ਵੀ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਤਕਨੀਕੀ ਅਤੇ ਪ੍ਰਬੰਧਕੀ ਪ੍ਰਵਾਨਗੀਆਂ ਜ਼ਰੂਰ ਲੈਣ।
ਕੀ ਕਹਿਣਾ ਹੈ ਬੀਡੀਪੀਓ ਦੀਨਾਨਗਰ ਦਾ
ਇਸ ਸਬੰਧੀ ਜਦੋਂ ਬੀਡੀਪੀਓ ਦੀਨਾਨਗਰ ਸੁਰੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਪਿੰਡ ਵਿਚ ਗ੍ਰਾਮ ਪੰਚਾਇਤ ਵੱਲੋਂ ਕੋਈ ਵੀ ਕਾਰਜ ਕਰਵਾਉਣ ਤੋਂ ਪਹਿਲਾਂ ਤਕਨੀਕੀ ਅਤੇ ਪ੍ਰਬੰਧਕੀ ਪ੍ਰਵਾਨਗੀਆਂ ਵੀ ਲੈਣੀਆਂ ਹੁੰਦੀਆਂ ਹਨ, ਜੋ ਕਿ ਗ੍ਰਾਮ ਪੰਚਾਇਤ ਵੱਲੋਂ ਨਹੀਂ ਸਨ ਲਈਆਂ ਗਈਆਂ। ਪਿੰਡ ਦੇ ਕੁਝ ਵਸਨੀਕਾਂ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਜਿਸ ਮਗਰੋਂ ਬੀਤੇ ਦਿਨ ਉਨ੍ਹਾਂ ਵੱਲੋਂ ਦੋਵੇਂ ਧਿਰਾਂ ਨੂੰ ਦਸਤਾਵੇਜ਼ਾਂ ਸਮੇਤ ਅਪਣੇ ਦਫਤਰ ਬੁਲਾਇਆ ਗਿਆ ਸੀ ਅਤੇ ਸਥਿਤੀ ਸਾਫ ਹੋਣ ਤੱਕ ਕੰਮ ਅੱਗੇ ਨਾ ਵਧਾਉਣ ਸਬੰਧੀ ਗ੍ਰਾਮ ਪੰਚਾਇਤ ਨੂੰ ਕਿਹਾ ਗਿਆ ਸੀ, ਪਰ ਇਸਦੇ ਬਾਵਜੂਦ ਗ੍ਰਾਮ ਪੰਚਾਇਤ ਵੱਲੋਂ ਕੰਮ ਨਹੀਂ ਰੋਕਿਆ ਗਿਆ। ਜਿਸ ਕਾਰਨ ਉਨ੍ਹਾਂ ਨੇ ਪੁਲਿਸ ਨੂੰ ਕੰਮ ਰੋਕਣ ਸਬੰਧੀ ਦਰਖਾਸਤ ਦਿੱਤੀ ਸੀ।