ਸੁਖਦੇਵ ਸਿੰਘ, ਬਟਾਲਾ
ਬਟਾਲਾ ਵਿਧਾਨ ਸਭਾ ਹਲਕੇ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਹਲਕੇ ਅੰਦਰ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਹੁਲਾਰਾ ਮਿਲਿਆ ਹੈ, ਜਿਸ ਦੇ ਚੱਲਦਿਆਂ ਬਟਾਲਾ ਸ਼ਹਿਰ ਦੀ ਵਾਰਡ ਨੰਬਰ 29 ਤੋਂ ਕੌਂਸਲਰ ਅਨੂ ਅਗਰਵਾਲ ਅਤੇ ਉਨਾਂ੍ਹ ਦੇ ਪਤੀ ਅਨੀਸ਼ ਅਗਰਵਾਲ ਆਪਣੇ ਸਮੁੱਚੇ ਪਰਿਵਾਰ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਓਮ ਪ੍ਰਕਾਸ਼, ਸ਼ਕਤੀ ਮਹਾਜਨ, ਕੁਲਵਿੰਦਰ ਕੌਰ, ਰਿਤੂ ਗੁਪਤਾ, ਅੰਜਨਾ ਬਾਂਸਲ, ਰਾਣੀ, ਰਜਿੰਦਰ ਸਿੰਘ, ਧੀਰ ਸਿੰਘ, ਪੰਕਜ, ਰਾਜਵਿੰਦਰ ਸਿੰਘ, ਤਰਸੇਮ ਲਾਲ ਤੇ ਜਨਕ ਰਾਜ ਆਪ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਰਾਜੇਸ਼ ਤੁਲੀ ਸਿਟੀ ਪ੍ਰਧਾਨ ਆਪ ਪਾਰਟੀ, ਲਾਲੀ ਨਈਅਰ, ਯਸ਼ਪਾਲ ਚੌਹਾਨ, ਮਾਣਕ ਮਹਿਤਾ, ਬਲਜੀਤ ਸਿੰਘ ਨਿੱਕੂ ਹੰਸਪਾਲ ਆਦਿ ਮੌਜੂਦ ਸਨ। ਇਸ ਮੌਕੇ ਕਰਵਾਏ ਇਕ ਸਮਾਗਮ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਵਾਰਡ ਨੰਬਰ 29 ਤੋਂ ਕੌਂਸਲਰ ਅਨੂ ਅਗਰਵਾਲ ਅਤੇ ਉਨਾਂ ਦੇ ਪਤੀ ਅਨੀਸ਼ ਅਗਰਵਾਲ ਦਾ ਆਪ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਆਪ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਲੋਕ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਲੋਕ ਪੱਖੀ ਫੈਸਲਿਆਂ ਤੋਂ ਖੁਸ਼ ਹਨ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਆਪ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਹਿੱਤ ਲਈ ਵੱਡੇ ਫੈਸਲੇ ਲਏ ਹਨ ਅਤੇ ਮਹਿਜ਼ 8 ਮਹਿਨਿਆਂ ਦੇ ਕਾਰਜਕਾਲ ਵਿਚ ਇਤਿਹਾਸਕ ਕਦਮ ਚੁੱਕੇ ਗਏ ਹਨ। ਉਨਾਂ੍ਹ ਦੱਸਿਆ ਕਿ ਆਪ ਸਰਕਾਰ ਵਲੋਂ ਸਿਹਤ ਤੇ ਸਿੱਖਿਆ ਦੇ ਖੇਤਰ ਦਾ ਮਿਆਰ ਹੋਰ ਚੁੱਕਿਆ ਗਿਆ ਹੈ, ਜਿਸ ਦੇ ਚੱਲਦਿਆਂ ਲੋਕਾਂ ਦੀ ਸਹੂਲਤ ਲਈ 100 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜੋ ਸਫਲਤਾਪੂਰਵਕ ਚੱਲ ਰਹੇ ਹਨ। ਇਨਾਂ੍ਹ ਵਿਚ ਮਰੀਜਾਂ ਦੇ ਮੁਫ਼ਤ ਟੈਸਟ ਤੇ ਦਵਾਈਆਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਬਟਾਲਾ ਵਿਚ ਦੋ ਹੋਰ ਨਵੇਂ ਆਮ ਆਦਮੀ ਕਲੀਨਿਕ ਚੰਦਰ ਨਗਰ ਤੇ ਗਾਂਧੀ ਕੈਂਪ ਬਟਾਲਾ ਵਿਖੇ 26 ਜਨਵਰੀ 2023 ਨੂੰ ਖੋਲ੍ਹੇ ਜਾਣਗੇ। ਇਸ ਤੋਂ ਪਹਿਲਾਂ ਪਿੰਡ ਮਸਾਣੀਆਂ ਵਿਖੇ ਆਮ ਆਦਮੀ ਸਫਲਤਾਪੂਰਵਕ ਚੱਲ ਰਿਹਾ ਹੈ। ਇਸੇ ਤਰਾਂ੍ਹ ਸੂਬਾ ਸਰਕਾਰ ਵਲੋਂ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਮੰਤਵ ਨਾਲ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਪ੍ਰਦਾਨ ਕਰਨ ਲਈ, ਪੁਰਾਣੀ ਪੈਨਸ਼ਨ ਮੁੜ ਬਹਾਲ ਕਰਨ, ਮੁਲਾਜ਼ਮਾਂ ਨੂੰ ਪੱਕਿਆ ਕਰਨ ਸਬੰਧੀ ਅਤੇ ਬਿਜਲੀ ਦਾ ਬਿੱਲ ਜੀਰੋ ਕਰਨ ਸਮੇਤ ਹਰ ਵਰਗ ਦੇ ਹਿੱਤ ਵਿੱਚ ਕਈ ਵੱਡੇ ਲੋਕਪੱਖੀ ਫੈਸਲੇ ਲਏ ਗਏ ਹਨ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਦਾ ਕੰਮ ਬੋਲਦਾ ਹੈ, ਜੋ ਭਵਿੱਖ ਵਿਚ ਵੀ ਇਸੇ ਤਰਾਂ ਬੋਲਦਾ ਰਹੇਗਾ।