ਮਹਿੰਦਰ ਸਿੰਘ ਅਰਲੀਭੰਨ, ਡੇਰਾ ਬਾਬਾ ਨਾਨਕ : ਦੇਸ਼ ਵਿਰੋਧੀ ਅਨਸਰਾਂ ਵੱਲੋਂ ਭਾਰਤ ਪਾਕਿ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿਚ ਡਰੋਨ ਭੇਜੇ ਜਾ ਰਹੇ ਹਨ, ਉਥੇ ਸਰਹੱਦ 'ਤੇ ਤਾਇਨਾਤ ਬੀ ਐਸ ਐਫ ਦੇ ਜਾਂਬਾਜ਼ ਜਵਾਨਾਂ ਵੱਲੋਂ ਦੇਸ਼ ਵਿਰੋਧੀ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ ਜਿਸ ਦੀ ਮਿਸਾਲ ਸੋਮਵਾਰ ਦੇਰ ਰਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 10 ਬਟਾਲੀਅਨ ਦੀ ਬੀਓਪੀ ਕੱਸੋਵਾਲ ਦੇ ਬੀ ਐਸ ਐਫ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਡ੍ਰੋਨ 'ਤੇ ਫਾਇਰਿੰਗ ਕਰਕੇ ਭਾਰਤ ਵਾਲੇ ਪਾਸੇ ਡ੍ਰੋਨ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ ।
ਇੱਥੇ ਦੱਸਣਯੋਗ ਹੈ ਕਿ ਕੱਸੋਵਾਲ ਪੋਸਟ ਵਿਚ ਪੰਜ ਜੂਨ ਨੂੰ ਵੀ ਪਾਕਿਸਤਾਨੀ ਡਰੋਨ ਸਰਹੱਦ 'ਤੇ ਉੱਠਦਾ ਵੇਖਿਆ ਗਿਆ ਸੀ, ਜਿਸ 'ਤੇ ਜਵਾਨਾਂ ਨੇ ਕਰੀਬ 20 ਫਾਇਰ ਕਰਕੇ ਪਾਕਿਸਤਾਨ ਵਾਲੇ ਪਾਸੇ ਵਾਪਸ ਭੇਜਣ ਵਿਚ ਸਫਲਤਾ ਹਾਸਲ ਕੀਤੀ ਸੀ। ਸੋਮਵਾਰ ਨੂੰ ਕੱਸੋਵਾਲ ਬੀਓਪੀ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਡ੍ਰੋਨ 'ਤੇ ਕੀਤੀ ਫਾਇਰਿੰਗ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸੈਕਟਰ ਗੁਰਦਾਸਪੁਰ ਦਿੱਤੀ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਬੀਐੱਸਐੱਫ ਦੀ 10 ਬਟਾਲੀਅਨ ਦੀ ਬੀਓਪੀ ਕੱਸੋਵਾਲ ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਪਾਕਿਸਤਾਨੀ ਡਰੋਨ ਉੱਡਦਾ ਵੇਖਿਆ ਗਿਆ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਤੁਰੰਤ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਪਾਕਿਸਤਾਨੀ ਡਰੋਨ ਵਾਪਸ ਪਰਤ ਗਿਆ।
ਇਸ ਸਬੰਧੀ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਾਂਬਾਜ਼ ਜਵਾਨਾਂ ਵੱਲੋਂ ਸਰਹੱਦ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਤੇ ਹਮੇਸ਼ਾ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਭੇਜੀਆਂ ਜਾਣ ਵਾਲੀਆਂ ਡਰੋਨ ਦੀਆਂ ਕਾਰਵਾਈਆਂ ਨੂੰ ਬੀਐਸਐਫ ਜਵਾਨਾਂ ਫੇਲ੍ਹ ਕੀਤਾ ਹੈ। ਬੀਐਸਐਫ ਦੀ 10 ਬਟਾਲੀਅਨ ਦੇ ਟੂ ਆਈ ਸੀ ਕੁਲਦੀਪ ਰਾਜੂ ਤੇ ਡਿਪਟੀ ਕਮਾਂਡੈਂਟ ਗਉੜੀ ਸ਼ੰਕਰ ਭਾਰਦਵਾਜ ਦੀ ਨਿਗਰਾਨੀ ਹੇਠ ਬੀ.ਓ.ਪੀ ਕੱਸੋਵਾਲ ਦੇ ਬੀ.ਐਸ.ਐਫ ਦੇ ਏ.ਓ.ਆਰ ਵਿੱਚ ਪੰਜਾਬ ਪੁਲਿਸ ਡੀ ਐੱਸ ਪੀ ਜਸਬੀਰ ਸਿੰਘ ਅਜਨਾਲਾ ਪੁਲਿਸ ਪਾਰਟੀ ਸਮੇਤ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ।
ਇਸ ਮੌਕੇ 'ਤੇ ਬੀਐਸਐਫ ਦੇ ਕੁੱਤੇ (ਨਾਰਕੋਟਿਕਸ) ਦੀ ਸਹਾਇਤਾ ਨਾਲ ਸਰਹੱਦੀ ਖੇਤਰ ਅਤੇ ਰਾਵੀ ਦਰਿਆ ਦੇ ਖੇਤਰ ਦੀ ਸਾਂਝੀ ਤਲਾਸ਼ੀ ਕੀਤੀ ਗਈ ਪ੍ਰੰਤੂ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਇੱਥੇ ਦੱਸਣਯੋਗ ਹੈ ਕਿ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ 'ਤੇ ਇਸ ਤੋਂ ਪਹਿਲਾਂ ਵੀ ਕਰੀਬ 41 ਵਾਰ ਦੇ ਕਰੀਬ ਵੱਖ-ਵੱਖ ਬੀਓਪੀ ਤੇ ਪਾਕਿਸਤਾਨੀ ਡਰੋਨ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਸਰਹੱਦ 'ਤੇ ਤਾਇਨਾਤ ਜਾਂਬਾਜ਼ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।
ਇਸ ਮੌਕੇ 'ਤੇ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਬੀ ਐੱਸ ਐੱਫ ਦੇ ਸੈਕਟਰ ਗੁਰਦਾਸਪੁਰ 'ਚ ਬਾਰਡਰ ਏਰੀਏ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਰਹੱਦ ਤੇ ਉੱਡਦੇ ਡਰੋਨ ਦਿਖਾਈ ਦੇਣ ਸੰਬੰਧੀ ਕਿਸਾਨ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਬੀਐਸਐਫ ਵੱਲੋਂ ਸਰਹੱਦੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਹੱਦ 'ਤੇ ਘੁੰਮਣ ਵਾਲੇ ਸ਼ੱਕੀ ਵਿਅਕਤੀ 'ਤੇ ਵੀ ਡਰੋਨਾਂ ਸਬੰਧੀ ਤਰੁੰਤ ਜਾਣਕਾਰੀ ਦਿੱਤੀ ਜਾਵੇ।