ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 89 ਬਟਾਲੀਅਨ ਹੈਡਕੁਆਟਰ ਸ਼ਿਕਾਰ ਮਾਛੀਆਂ ਦੀ ਬੀਓਪੀ ਬੋਹੜ ਵਡਾਲਾ 'ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋ ਸਰਹੱਦ 'ਤੇ ਉੱਡਦੇ ਸ਼ੱਕੀ ਡਰੋਨ 'ਤੇ ਫਾਇਰਿੰਗ ਕੀਤੀ ਗਈ। ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬੀਐਸਐਫ ਦੀ 73 ਬਟਾਲੀਅਨ ਦੇ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ ਕਰਕੇ ਡਰੋਨ ਹੇਠਾ ਸੁੱਟਣ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਬੋਹੜ ਵਡਾਲਾ ਤੋਂ ਗੁਜਰਦੀ ਭਾਰਤ ਪਾਕਿ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਮੰਗਲਵਾਰ ਦੀ ਦੇਰ ਰਾਤ ਭਾਰਤੀ ਸਰਹੱਦ 'ਤੇ ਰਾਤ ਦੇ ਅੰਧੇਰੇ ਵਿਚ ਅਸਮਾਨ 'ਚ ਉੱਡਦੀ ਸ਼ੱਕੀ ਵਸਤੂ ਜੋ ਡਰੋਨ ਵੀ ਹੋ ਸਕਦਾ ਹੈ ਤੇ ਬੀਐਸਐਫ ਜਵਾਨਾ ਵੱਲੋ 31 ਦੇ ਕਰੀਬ ਗੋਲੀਆਂ ਚਲਾਉਣ ਤੋਂ ਇਲਾਵਾ ਦੋ ਰੌਸ਼ਨੀ ਵਾਲੇ ਬੰਬ ਦਾਗੇ। ਇਸ ਘਟਨਾ ਦਾ ਜਾਇਜ਼ਾ ਲੈਣ ਲਈ ਉਪਰੰਤ ਬਟਾਲੀਅਨ ਕਮਾਂਡੈਂਟ ਪ੍ਰਦੀਪ ਕੁਮਾਰ ਪਹੁੰਚੇ ਤੇ ਜਵਾਨਾਂ ਸਮੇਤ ਸਬੰਧਤ ਇਲਾਕੇ ਦਾ ਨਿਰਖਣ ਕੀਤਾ। ਬੁੱਧਵਾਰ ਨੂੰ ਵੀ ਬੀਐਸਐਫ ਜਵਾਨਾਂ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਚਲਾਏ ਸਰਚ ਅਭਿਆਨ ਦੌਰਾਨ ਪਿੰਡ ਬੋਹੜ ਵਡਾਲਾ ਤੇ ਆਸ-ਪਾਸ ਦੇ ਖੇਤਰ ਵਿੱਚ ਬਰੀਕੀ ਨਾਲ ਜਾਂਚ ਕੀਤੀ ਗਈ ਪਰ ਕੋਈ ਵੀ ਗੈਰ ਵਸਤੂ ਬਰਾਮਦ ਨਹੀਂ ਹੋਈ। ਇਸ ਸਬੰਧੀ ਜਦੋਂ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਐਸਐਫ ਜਵਾਨਾਂ ਵੱਲੋ ਅਸਮਾਨ ਵਿਚ ਉਡਦੀ ਵਸਤੂ 'ਤੇ ਫਾਇਰਿੰਗ ਕੀਤੀ ਗਈ ਹੈ ਇਸ ਮੌਕੇ 'ਤੇ ਉਨ੍ਹਾਂ ਦੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਸਰਹੱਦ 'ਤੇ ਸ਼ੱਕੀ ਵਿਅਕਤੀ 'ਤੇ ਦਿਖਾਈ ਦੇਣ ਉਪਰੰਤ ਬੀਐਸਐਫ ਨੂੰ ਸੁਚਿਤ ਕੀਤਾ ਜਾਵੇ ਤਾਂ ਜੋ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਫੇਲ੍ਹ ਕੀਤਾ ਜਾ ਸਕੇ। ਇਸ ਮੌਕੇ 'ਤੇ ਡੀਆਈਜੀ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਦੇ ਪੁਰਸ ਤੇ ਮਹਿਲਾ ਜਵਾਨ ਸਰਹੱਦ ਦੀ ਰੱਖਿਆ ਲਈ ਵਚਨਬੱਧ ਹਨ।
ਸਰਹੱਦੀ ਪਿੰਡ ਬੋਹੜ ਵਡਾਲਾ ਦੇ ਖੇਤਾਂ ਵਿੱਚ ਸਰਚ ਕਰਦੇ ਹੋਏ ਬੀਐਸਐਫ ਤੇ ਪੰਜਾਬ ਪੁਲਿਸ ਦੇ ਜਵਾਨ।