ਆਕਾਸ਼, ਗੁਰਦਾਸਪੁਰ : ਅਜਨਾਲਾ ਕੇਸ ਦਾ ਮੁੱਖ ਧੁਰਾ ਲਵਪ੍ਰੀਤ ਸਿੰਘ ਤੂਫ਼ਾਨ ਅੰਮ੍ਰਿਤਪਾਲ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਵਿਚ ਨਹੀਂ ਸੀ। ਇਹ ਦਾਅਵਾ ਲਵਪ੍ਰੀਤ ਸਿੰਘ ਤੂਫ਼ਾਨ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਈ ਦਿਨਾਂ ਤੋਂ ਘਰ ਨਹੀਂ ਪਰਤਿਆ। ਉਹ ਉਸ ਦੀ ਘਰ ਵਾਪਸੀ ਦੀ ਉਡੀਕ ਕਰ ਰਹੇ ਹਨ।
ਗੌਰਤਲਬ ਹੈ ਕਿ ਗੁਰਦਾਸਪੁਰ ਦੇ ਪਿੰਡ ਤਿੱਬੜੀ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ ਅਜਨਾਲਾ ਕਾਂਡ ਦਾ ਮੁੱਖ ਧੁਰਾ ਹੈ। ਗੁਰਦਾਸਪੁਰ ਪੁਲਿਸ ਪਿਛਲੇ ਪੰਜ ਦਿਨਾਂ ਤੋਂ ਉਸ ਦੇ ਘਰ ਅਤੇ ਹੋਰ ਸੰਭਾਵੀ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ ਪਰ ਸਫਲਤਾ ਹੱਥ ਨਹੀਂ ਲੱਗੀ। ਫ਼ਿਲਹਾਲ ਉਹ ਆਪਣੇ ਘਰੋਂ ਲਾਪਤਾ ਹੈ ਜਿਸ ਦਿਨ ਤੋਂ ਸੂਬੇ ’ਚ ਆਪਰੇਸ਼ਨ ਅੰਮ੍ਰਿਤਪਾਲ ਚੱਲ ਰਿਹਾ ਸੀ, ਉਹ ਵੀ ਘਰ ਨਹੀਂ ਆਇਆ।
ਲਵਪ੍ਰੀਤ ਸਿੰਘ ਦੀ ਮਾਤਾ ਹਰਜੀਤ ਕੌਰ ਅਤੇ ਮਾਸੀ ਕੁਲਜੀਤ ਕੌਰ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਅੰਮ੍ਰਿਤਪਾਲ ਤੋਂ ਪਹਿਲਾਂ ਉਹ ਤਰਨਾ ਦਲ ਦੇ ਬਾਬਾ ਗੱਜਣ ਸਿੰਘ ਦੇ ਅਕਾਲ ਚਲਾਣੇ ’ਤੇ ਬਾਬਾ ਬਕਾਲਾ ਸਾਹਿਬ ਦੇ ਦਰਸ਼ਨਾਂ ਲਈ ਘਰੋਂ ਨਿਕਲਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ। ਉਦੋਂ ਤੋਂ ਉਸ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਉਹ ਖ਼ੁਦ ਲਵਪ੍ਰੀਤ ਸਿੰਘ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਲਵਪ੍ਰੀਤ ਸਿੰਘ ਅੰਮ੍ਰਿਤਸਰ ਜੇਲ੍ਹ ਤੋਂ ਜਿਸ ਦਿਨ ਬਾਹਰ ਆਇਆ, ਉਹ ਘਰ ਵਿਚ ਹੀ ਸੀ ਅਤੇ ਇਸ ਦੌਰਾਨ ਉਹ ਕਿਸੇ ਵੀ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿਚ ਨਹੀਂ ਸੀ।