ਦੀਪਕ ਵਧਾਵਨ, ਗੁਰੂਹਰਸਹਾਏ
ਸਿਵਲ ਸਰਜਨ ਫਿਰੋਜ਼ਪੁਰ ਡਾ. ਰਜਿੰਦਰ ਪਾਲ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਅਤੇ ਡਾ. ਕਰਨਵੀਰ ਕੌਰ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ। ਜਾਗਰੂਕਤਾ ਸੈਮੀਨਾਰ ਸਰਕਾਰੀ ਸਮਾਰਟ ਸਕੂਲ ਮੋਹਨ ਕੇ ਉਤਾੜ ਵਿਖੇ ਕਰਵਾਇਆ ਗਿਆ।ਸੈਮੀਨਾਰ ਵਿਚ ਡਾ. ਹਰਬੰਸ ਲਾਲ, ਡਾ. ਗੁਰਵਿੰਦਰ ਸਿੰਘ, ਬਿੱਕੀ ਕੌਰ ਬੀਈਈ, ਜਸਵਿੰਦਰ ਸਿੰਘ ਫਾਰਮੇਸੀ ਅਫਸਰ, ਮੰਗਤ ਸਿੰਘ ਫਾਰਮੇਸੀ ਅਫਸਰ, ਸਕੂਲ ਦੇ ਮੁਖੀ ਪੂਜਾ, ਮੋਨਿਕਾ, ਸੁਖਦੇਵ ਸਿੰਘ, ਤਿਲਕ ਰਾਜ, ਜਗਦੀਸ਼ ਕੁਮਾਰ, ਸੋਨੀਆ ਅਤੇ ਵਿਦਿਆਰਥੀ ਸ਼ਾਮਲ ਹੋਏ। ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ.ਹਰਬੰਸ ਲਾਲ ਅਤੇ ਡਾ.ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੈਂਸਰ ਬਹੁਤ ਖਤਰਨਾਕ ਬਿਮਾਰੀ ਹੈ ।ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ ਹੋ ਸਕਦਾ ਹੈ, ਪਰ ਅੌਰਤਾਂ ਵਿਚ ਜਿਆਦਾਤਰ ਬੱਚੇਦਾਨੀ ਅਤੇ ਛਾਤੀ ਦਾ ਕੈਂਸਰ ਆਮ ਪਾਏ ਜਾਂਦੇ ਹਨ । ਜਦਕਿ ਮਰਦਾਂ ਵਿਚ ਮੂੰਹ, ਗਲੇ, ਫੇਫ਼ੜੇ, ਜੀਭ, ਗਦੂਦਾਂ ਆਦਿ ਦਾ ਕੈਂਸਰ ਹੁੰਦਾ ਹੈ ।ਇਸ ਦੇ ਲੱਛਣ ਜਿਵੇਂ ਅੌਰਤਾਂ ਵਿੱਚ ਛਾਤੀਆਂ ਵਿੱਚ ਗੰਢ, ਅਚਾਨਕ ਨਿੱਪਲ ਦਾ ਅੰਦਰ ਧੱਸਣਾ ਜਾਂ ਖੂਨ ਮਿਲਿਆ ਮਵਾਦ ਵੱਗਣਾ, ਸੰਭੋਗ ਤੋਂ ਬਾਅਦ ਗੁਪਤ ਅੰਗ 'ਚ ਖੂਨ ਜਾਂ ਪੀਕ ਵੱਗਣਾ ਜਾਂ ਦਰਦ ਹੋਣਾ ਆਦਿ ਇਸ ਤੋ ਇਲਾਵਾ ਮੂੰਹ, ਮਸੂੜੇ, ਤਾਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲੇ ਜ਼ਖ਼ਮ ਜਾਂ ਪੁਰਾਣੇ ਜ਼ਖ਼ਮ ਵਿੱਚੋਂ ਖੂਨ ਵੱਗਣਾ, ਜੀਭ ਤੇ ਗੰਢ, ਲਗਾਤਾਰ ਖੰਘ ਜਾਂ ਆਵਾਜ਼ ਵਿੱਚ ਭਾਰੀਪਨ,ਖਾਂਸੀ ਸਮੇਂ ਖੂਨ ਆਉਣਾ, ਲਗਾਤਾਰ ਸਰੀਰ ਦਾ ਭਾਰ ਘੱਟਣਾ ਆਦਿ ਤਕਲੀਫ਼ਾ ਹੋਣ ਤਾਂ ਬਿਨਾਂ ਦੇਰ ਕੀਤੇ ਮਾਹਿਰ ਡਾਕਟਰ ਦੀ ਸਲਾਹ ਨਾਲ ਇਲਾਜ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਇਸ ਬਿਮਾਰੀ ਦਾ ਇਲਾਜ ਤਾਂ ਹੀ ਸੰਭਵ ਹੈ ਜੇ ਸਮੇਂ ਸਿਰ ਪਤਾ ਲਗਾ ਕੇ ਲਗਾਤਾਰ ਇਲਾਜ ਕਰਵਾਇਆ ਜਾਵੇ । ਜਿੰਨੀ ਦੇਰੀ ਹੋਵੇਗੀ ਤਕਲੀਫ਼ ਉਨੀ ਵੱਧਦੀ ਹੈ ਤੇ ਇਲਾਜ ਕਰਨਾ ਡਾਕਟਰ ਲਈ ਮੁਸ਼ਕਲ ਹੁੰਦਾ ਹੈ। ਬਿੱਕੀ ਕੌਰ ਬੀਈਈ ਨੇ ਦੱਸਿਆ ਕਿ ਇਸ ਦੇ ਬਚਾਅ ਲਈ ਤੰਬਾਕੂ, ਗੁਟਕਾ, ਸਿਗਰਟ, ਬੀੜੀ, ਸ਼ਰਾਬ ਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕੀਤਾ ਜਾਵੇ, ਬਜ਼ਾਰ ਦਾ ਖਾਣਾ, ਫਾਸਟ ਫੂਡ ਨਾ ਖਾਓ, ਰੋਜ਼ਾਨਾ ਸੈਰ ਕਰੋ, ਘਰ ਦਾ ਬਣਾਇਆ ਸਾਦਾ ਖਾਣਾ ਖਾਓ, ਕਸਰਤ ਕਰੋ। ਉਨਾਂ੍ਹ ਦੱਸਿਆ ਕਿ
ਸਰਕਾਰ ਦੁਆਰਾ ਕੈੰਸਰ ਦੇ ਮਰੀਜ਼ਾਂ ਲਈ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਤਹਿਤ 1.5 ਲੱਖ ਦੀ ਮਾਲੀ ਸਹਾਇਤਾ ਵਜੋਂ ਮਰੀਜ਼ ਦੇ ਸਰਕਾਰ ਦੁਆਰਾ ਮਾਨਤਾ ਪ੍ਰਰਾਪਤ ਹਸਪਤਾਲ ਵਿੱਚੋਂ ਇਲਾਜ ਲਈ ਹਸਪਤਾਲ ਨੂੰ ਦਿੱਤੇ ਜਾਂਦੇ ਹਨ । ਇਸ ਮੌਕੇ ਸਕੂਲੀ ਬੱਚਿਆਂ ਦੁਆਰਾ ਜਾਗਰੂਕਤਾ ਸਾਇਕਲ ਰੈਲੀ ਵੀ ਕੱਢੀ ਗਈ।