ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ
ਕੋਵਿਡ ਟੀਕਾਕਰਨ ਕੋਰੋਨਾ ਤੋਂ ਬਚਾਅ ਦਾ ਪੱਕਾ ਅਤੇ ਕਾਰਗਰ ਉਪਾਅ ਹੈ ਅਤੇ ਮਾਹਿਰਾਂ ਵੱਲੋਂ ਸੰਭਾਵਿਤ ਤੀਜੀ ਲਹਿਰ ਦੀ ਜੋ ਪੇਸ਼ਨੀਗੋਈ ਕੀਤੀ ਜਾ ਰਹੀ ਹੈ, ਉਸ ਨੂੰ ਰੋਕਣ ਲਈ ਵੀ ਸਾਰੇ ਯੋਗ ਵਿਅਕਤੀਆਂ ਨੂੰ ਆਪਣਾ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਨੇ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਇਕ ਸਿਹਤ ਸੁਨੇਹੇ ਵਿਚ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹੁਣ ਸਰਕਾਰੀ ਹਦਾਇਤਾਂ ਅਨੁਸਾਰ ਗਰਭਵਤੀ ਅੌਰਤਾਂ ਅਤੇ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦਾ ਵੀ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਅਰੋੜਾ ਨੇ ਕੋਵਿਡ ਦੇ ਫੈਲਾਅ ਨੂੰ ਰੋਕਣ ਸਬੰਧੀ ਚਰਚਾ ਕਰਦਿਆਂ ਦੱਸਿਆ ਕਿ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਵੱਲੋਂ ਸਵੈ-ਇੱਛਕ ਤੌਰ 'ਤੇ ਮੁੱਢਲੀ ਸਟੇਜ 'ਤੇ ਕਰਵਾਈ ਗਈ ਜਾਂਚ ਕੋਵਿਡ ਦੇ ਪ੍ਰਸਾਰ ਨੂੰ ਰੋਕ ਸਕਦੀ ਹੈ ਅਤੇ ਉਹ ਵਿਅਕਤੀ ਜਿਨ੍ਹਾਂ 'ਚ ਹਲਕਾ ਗਲਾ ਖਰਾਬ, ਸਰੀਰ ਦਰਦ ਅਤੇ ਹਲਕਾ ਬੁਖਾਰ ਆਦਿ ਲੱਛਣ ਹੋਣ, ਵੱਲੋਂ ਆਪਣੀ ਕੋਵਿਡ ਜਾਂਚ ਇਸ ਮੁੱਢਲੀ ਸਟੇਜ 'ਤੇ ਕਰਵਾ ਲਈ ਜਾਵੇ ਅਤੇ ਪਾਜ਼ੇਟਿਵ ਆਉਣ ਦੀ ਸੂਰਤ 'ਚ ਆਪਣੇ-ਆਪ ਨੂੰ ਸਮੇਂ ਸਿਰ ਆਈਸੋਲੇਟ ਕਰ ਲਿਆ ਜਾਵੇ ਤਾਂ ਅਜਿਹਾ ਕਰਨ ਨਾਲ ਉਹ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਆਸ-ਪਾਸ ਦੇ ਸੰਪਰਕ ਵਾਲੇ ਵਿਅਕਤੀਆਂ ਨੂੰ ਕਰੋਨਾ ਇੰਫੈਕਸ਼ਨ ਦੇਣ ਤੋਂ ਬਚਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਜਾਂਚ ਜ਼ਿਲ੍ਹੇ ਦੇ ਸਿਵਲ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਖੇ ਮੁਫਤ ਕੀਤੀ ਜਾਂਦੀ ਹੈ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਨਿਗਰਾਨੀ ਵਿਭਾਗ ਵੱਲੋਂ ਗਠਿਤ ਕੀਤੀਆਂ ਆਰਆਰਟੀ ਟੀਮਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਮਰੀਜ਼ਾਂ ਦੀ ਮਾਨਿਟਰਿੰਗ ਦੌਰਾਨ ਲੋੜ ਪੈਣ 'ਤੇ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਵੀ ਸ਼ਿਫਟ ਕੀਤਾ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੁੱਢਲੀ ਸਟੇਜ ਤੇ ਕੋਰੋਨਾ ਟੈਸਟ ਕਰਵਾ ਕੇ, ਸਾਰੇ ਯੋਗ ਵਿਅਕਤੀਆਂ ਵੱਲੋਂ ਕੋਵਿਡ ਵੈਕਸੀਨੇਸ਼ਨ ਕਰਵਾ ਕੇ ਅਤੇ ਤਿੰਨ ਸਾਵਧਾਨੀਆਂ- ਸਹੀ ਤਰੀਕੇ ਨਾਲ ਮਾਸਕ ਪਹਿਨ ਕੇ, ਦੋ ਗਜ਼ ਦੀ ਦੂਰੀ ਰੱਖ ਕੇ ਅਤੇ ਸਮੇਂ ਸਮੇਂ ਤੇ ਸਾਬਣ ਪਾਣੀ ਨਾਲ ਹੱਥਾਂ ਨੂੰ ਸਾਫ ਰੱਖ ਕੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕ ਸਕਦੇ ਹਾਂ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਅਬਰੋਲ ਨੇ ਜਾਣਕਾਰੀ ਦਿੱਤੀ ਕਿ ਹੁਣ ਤਕ ਜ਼ਿਲ੍ਹੇ ਅੰਦਰ ਕੁਲ 231601 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।