ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਸੇਵਾ ਭਾਰਤੀ ਸੰਸਥਾ ਫਿਰੋਜ਼ਪੁਰ ਇਕਾਈ ਸ਼ਹਿਰ ਵੱਲੋਂ ਬਾਬਾ ਰਾਮਦੇਵ ਬਾਲ ਸੰਸਕਾਰ ਕੇਂਦਰ ਬਸਤੀ ਬਾਬਾ ਰਾਮਦੇਵ ਨਗਰ ਦੇ ਬੱਚਿਆਂ ਤੇ ਉਨਾਂ੍ਹ ਦੇ ਪਰਿਵਾਰਾਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇੰਜੀਨੀਅਰ ਤਰਲੋਚਨ ਚੋਪੜਾ ਮਹਾਮੰਤਰੀ ਸੇਵਾ ਭਾਰਤੀ ਵੱਲੋਂ ਬੱਚਿਆਂ ਨੂੰ ਦੱਸਿਆ ਕਿ ਰਾਜਾ ਅਕਬਰ ਦੇ ਰਾਜ ਸਮੇਂ ਇੱਕ ਦੁੱਲਾ ਭੱਟੀ ਨਾਮ ਦਾ ਡਾਕੂ ਹੁੰਦਾ ਸੀ। ਉਹ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਅਮੀਰਾਂ ਨੂੰ ਲੁੱਟ ਕੇ ਗਰੀਬਾਂ 'ਚ ਵੰਡਦਾ ਸੀ ਤੇ ਗਰੀਬ ਕੁੜੀਆਂ ਦੀ ਇੱਜ਼ਤ ਮਹਿਫੂਜ਼ ਰੱਖਣ ਵਾਸਤੇ ਬੁਰੇ ਲੋਕਾਂ ਨਾਲ ਭਿੜ੍ਹ ਜਾਂਦਾ ਸੀ। ਉਨਾਂ੍ਹ ਦੇ ਦਹੇਜ ਦਾ ਵੀ ਪ੍ਰਬੰਧ ਕਰ ਕੇ ਉਨਾਂ੍ਹ ਦਾ ਵਿਆਹ ਕਰਵਾ ਦਿੰਦਾ ਸੀ। ਇਸੇ ਤਰਾਂ੍ਹ ਕਰਦੇ ਹੋਏ ਉਸਨੇ ਇੱਕ ਵਾਰ ਸੁੰਦਰ ਮੁੰਦਰ ਨਾਮ ਦੀਆਂ ਦੋ ਕੁੜੀਆਂ ਨੂੰ ਲੜ ਕੇ ਬੁਰੇ ਲੋਕਾਂ ਤੋਂ ਛੁਡਵਾਇਆ ਤਾਂ ਉਦੋਂ ਤੋਂ ਲੋਕ ਉਸ ਦੇ ਸੋਹਲੇ ਗਾਉਂਦੇ ਤਾਂ ਇਹ ਪ੍ਰਥਾ ਪ੍ਰਚੱਲਤ ਹੋ ਗਈ ਜੋ ਕਿ ਅੱਜ ਤੱਕ ਜਾਰੀ ਹੈ। ਬੱਚਿਆਂ ਵੱਲੋਂ ਦੁੱਲਾ ਭੱਟੀ ਦੀ ਤਾਰੀਫ ਕਰਦੇ ਹੋਏ ਪ੍ਰਚੱਲਿਤ ਲੋਕ ਗੀਤ ''ਸੁੰਦਰ ਮੁੰਦਰੀਏ ਤੇਰਾਂ ਕੋਣ ਵਿਚਾਰਾ, ਦੁੱਲਾ ਭੱਟੀ ਵਾਲਾ'' ਆਦਿ ਗਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਸੰਸਥਾ ਦੇ ਪ੍ਰਧਾਨ ਅਸ਼ੋਕ ਗਰਗ ਦੇ ਨਾਲ ਆਏਂ ਮੈਂਬਰ ਕਮਲ ਕਾਲੀਆ ਕੈਸ਼ੀਅਰ, ਮੁਕੇਸ ਗੋਇਲ, ਮਹਿੰਦਰ ਬਜਾਜ, ਰਣਜੀਤ ਬਾਵਾ, ਪ੍ਰਵੀਨ ਬਜਾਜ ਨੇ ਲੋਹੜੀ ਦੇ ਤਿਉਹਾਰ ਦਾ ਆਨੰਦ ਮਾਣਿਆ ਤੇ ਬੱਚਿਆਂ ਨੂੰ ਮੰੂਗਫਲੀ, ਰਿਊੜੀ ਤੇ ਮੱਕੀ ਦੇ ਦਾਣੇ (ਫੂਲੈ) ਵੰਡੇ ਗਏ।