ਪਰਮਿੰਦਰ ਸਿੰਘ ਥਿੰਦ, ਫ਼ਿਰੋਜ਼ਪੁਰ : ਮੈਡੀਕਲ ਮਾਫੀਆ ਦੀ ਕੁਝ ਸਥਾਨਕ ਨੇਤਾਵਾਂ ਨਾਲ ਸਾਂਝ ਕਾਰਨ ਫ਼ਿਰੋਜ਼ਪੁਰ ਦਾ ਪੀਜੀਆਈ ਸੈਟੇਲਾਈਟ ਸੈਂਟਰ ਬੀਤੇ 10 ਸਾਲਾਂ ਤੋਂ ਲਟਕਦਾ ਆ ਰਿਹਾ ਹੈ। ਸਾਲ 2013 ਵਿਚ ਤਤਕਾਲੀ ਯੂਪੀਏ ਸਰਕਾਰ ਵੱਲੋਂ ਐਲਾਨ ਕੀਤਾ ਇਹ ਪੀਜੀਆਈ ਸੈਂਟਰ ਇਸ ਲੰਮੇ ਅਰਸੇ ਦੌਰਾਨ ਸਿਰਫ਼ ਨੇਤਾਵਾਂ ਦੇ ਬਿਆਨਾਂ ਤੇ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਹੀ ਸਿਮਟ ਕੇ ਰਹਿ ਗਿਆ। ਹੁਣ ਇਸ ਨੂੰ ਪੰਜਾਬ ਦੇ ਮੈਡੀਕਲ ਮਾਫੀਆ ਦੀ ‘ਪਹੁੰਚ’ ਕਹੋ ਜਾਂ ਮਹਿਜ਼ ਇਤਫਾਕ ਕਿ ਇਸ ਪੀਜੀਆਈ ਸੈਂਟਰ ਦਾ ਉਦਘਾਟਨ ਕਰਨ ਆ ਰਹੇ ਪ੍ਰਧਾਨ ਮੰਤਰੀ ਦੀ ਫੇਰੀ ਤਕ ਰੱਦ ਹੋ ਚੁੱਕੀ ਹੈ।
ਹੈਰਾਨੀਜਨਕ ਪਹਿਲੂ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀਜੀਆਈ ਸੈਂਟਰ ਲਈ ਲੋੜੀਂਦੀ ਸਵਾ 27 ਏਕੜ ਜ਼ਮੀਨ ਪੀਜੀਆਈ ਪ੍ਰਬੰਧਨ ਨੂੰ ਲੰਮਾ ਸਮਾਂ ਪਹਿਲਾਂ ਹੀ ਸੌਂਪ ਦਿੱਤੀ ਗਈ ਹੈ। ਉਧਰ ਉਸ ਵੇਲੇ ਜ਼ਮੀਨ ਦਾ ਕਬਜ਼ਾ ਲੈਣ ਉਪਰੰਤ ਪੀਜੀਆਈ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਕਰੀਬ 490 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਵੱਡੇ ਪ੍ਰੋਜੈਕਟ ਨੂੰ ਤਿੰਨ ਪੜਾਵਾਂ ਵਿਚ ਮੁਕੰਮਲ ਕੀਤਾ ਜਾਵੇਗਾ। ਪਹਿਲਾਂ ਇਹ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਸ਼ਹਿਰ ਦੇ ਵਿਚਕਾਰ ਆਈਟੀਆਈ ਵਾਲੀ ਜ਼ਮੀਨ ’ਤੇ ਬਣਨਾ ਤੈਅ ਹੋਇਆ ਸੀ ਪਰ ਸਾਲ 2017 ਵਿਚ ਸੂਬੇ ਦੀ ਸਿਆਸਤ ਅਤੇ ਵਜ਼ਾਰਤ ’ਚ ਬਦਲਾਅ ਮਗਰੋਂ ਇਸ ਨੂੰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਦੂਰ ਮੋਗਾ ਰੋਡ ’ਤੇ ਸ਼ਿਫਟ ਕਰ ਦਿੱਤਾ ਗਿਆ ਸੀ।
ਪੀਜੀਆਈ ਮਨਜ਼ੂਰ ਕਰਵਾਉਣ ਤੋਂ ਲੈ ਕੇ ਲੋੜੀਂਦੀ ਜ਼ਮੀਨ ਪੀਜੀਆਈ ਪ੍ਰਬੰਧਨ ਹਵਾਲੇ ਕਰਨ ਮੌਕੇ ਤਕ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਭਾਜਪਾ ਦੇ ਮਰਹੂਮ ਸਾਬਕਾ ਸੂਬਾਈ ਪ੍ਰਧਾਨ ਕਮਲ ਸ਼ਰਮਾ ਦੇ ਸਮੱਰਥਕਾਂ ਵੱਲੋਂ ਪੂਰੀ ਕ੍ਰੈਡਿਟ ਵਾਰ ਚੱਲਦੀ ਰਹੀ ਹੈ। ਉਸ ਤੋਂ ਬਾਅਦ ਅਕਾਲੀ ਦਲ ਸੁਪਰੀਮੋ ਅਤੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਬਾਦਲ ਅਤੇ ਕੁਝ ਹੋਰ ਨੇਤਾਵਾਂ ਵੱਲੋਂ ਵੀ ਇਸ ਪਿੱਛੇ ਆਪਣੇ ਯੋਗਦਾਨ ਦੀ ਗੱਲ ਕੀਤੀ ਜਾਂਦੀ ਰਹੀ ਹੈ।
ਇਕ ਪਾਸੇ ‘ਕ੍ਰੈਡਿਟ ਵਾਰ’ ਦੂਜੇ ਪਾਸੇ ਨਿੱਜੀ ਹਸਪਤਾਲਾਂ ਨਾਲ ਯਾਰੀਆਂ ਪੀਜੀਆਈ ’ਚ ਅੜਿੱਕਾ
10 ਸਾਲਾਂ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਦਾ ‘ਕ੍ਰੈਡਿਟ ਕਲੇਮ’ ਕਰਨ ਵਾਲੇ ਜ਼ਿਆਦਾਤਰ ਨੇਤਾਵਾਂ ਦੀਆਂ ਇਲਾਕੇ ਦੇ ਇਕ ਵੱਡੇ ਹਸਪਤਾਲ ਅਤੇ ਵੱਡੇ ਸ਼ਹਿਰਾਂ ਦੇ ਕਈ ਮਸ਼ਹੂਰ ਹਸਪਤਾਲਾਂ ਨਾਲ ਯਾਰੀ ਦੇ ਚੱਲਦਿਆਂ ਹੀ ਇਹ ਪ੍ਰੋਜੈਕਟ ਅੱਜ ਤਕ ਅੜਿਆ ਰਿਹਾ ਹੈ। ਇਹ ਨਿੱਜੀ ਨਫ਼ਾ ਨੁਕਸਾਨ ਨੂੰ ਲੈ ਕੇ ‘ਮੈਡੀਕਲ ਮਾਫੀਆ’ ਦੀ ਪਹੁੰਚ ਹੀ ਆਖੀ ਜਾ ਸਕਦੀ ਹੈ ਜੋ 5 ਜਵਨਰੀ 2022 ਨੂੰ ਪੀਜੀਆਈ ਦਾ ਨੀਂਹ ਪੱਥਰ ਰੱਖਣ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤਕ ਨਾਟਕੀ ਢੰਗ ਨਾਲ ਰੱਦ ਹੋ ਗਈ ਸੀ। ਭਾਵੇਂ ਕਿ ਬਾਅਦ ਵਿਚ ਇਸ ਨੂੰ ਕਿਸਾਨੀ ਮੋਰਚੇ ਨਾਲ ਜੋੜ ਕੇ ਦੱਸਿਆ ਜਾਂਦਾ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਫ਼ਿਰੋਜ਼ਪੁਰ ਵਿਖੇ ਪੀਜੀਆਈ ਹਸਪਤਾਲ ਖੁੱਲ੍ਹਣ ਨਾਲ ਜਿਥੇ ਫ਼ਿਰੋਜ਼ਪੁਰ ਅਤੇ ਆਲੇ-ਦੁਆਲੇ ਦੇ 5-6 ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ ਫ਼ਾਇਦਾ ਹੋਣ ਦੀ ਸੰਭਾਵਨਾ ਹੈ, ਉਥੇ ਪੰਜਾਬ ਦੇ ਕੁਝ ਮਸ਼ਹੂਰ ਨਿੱਜੀ ਹਸਪਤਾਲਾਂ ਨੂੰ ਵੱਡਾ ਵਿੱਤੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਇਸੇ ‘ਵਿੱਤੀ ਡਰ’ ਦੇ ਚੱਲਦਿਆਂ ਕਈ ਵੱਡੇ ਨਿੱਜੀ ਹਸਪਤਾਲਾਂ ਵੱਲੋਂ ਬੀਤੇ 10 ਸਾਲਾਂ ਤੋਂ ਆਪਣੀ ਸਿਆਸੀ ਪਹੁੰਚ ਅਤੇ ਹਾਈ ਪ੍ਰੋਫਾਈਲ ਯਾਰੀਆਂ ਵਰਤ ਕੇ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਇਥੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਅਸਫਲ ਫੇਰੀ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਬਿਨਾਂ ਕਿਸੇ ਅੜਚਨ ਫ਼ਿਰੋਜ਼ਪੁਰ ਦਾ ਪੀਜੀਆਈ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ।
3 ਪੜਾਵਾਂ ਵਿਚ 490 ਕਰੋੜ ਰੁਪਏ ਨਾਲ ਪੂਰਾ ਹੋਵੇਗਾ ਪ੍ਰਾਜੈਕਟ
ਸਾਲ 2021 ਵਿਚ ਨਿਰਧਾਰਤ ਜ਼ਮੀਨ ਦਾ ਜਾਇਜ਼ ਲੈਣ ਪੀਜੀਆਈ ਮੈਨੇਜਮੈਂਟ ਵੱਲੋਂ ਆਏ ਡਿਪਾਰਟਮੈਂਟ ਆਫ ਆਰਥੋਪੈਡਿਕ ਦੇ ਪ੍ਰੋਫੈਸਰ ਸਮੀਰ ਅਗਰਵਾਲ ਨੇ ਦੱਸਿਆ ਸੀ ਕਿ ਪੀਜੀਆਈ ਦੀ ਉਸਾਰੀ ਦਾ ਕੰਮ 3 ਪੜਾਵਾਂ ਵਿਚ ਪੂਰਾ ਕੀਤਾ ਜਾਵੇਗਾ ਜੋ ਕਿ 490 ਕਰੋੜ ਰੁਪਏ ਦਾ ਪ੍ਰਾਜੈਕਟ ਹੈ। ਇਸ ਲਈ ਕਰੀਬ ਸਵਾ 27 ਏਕੜ ਜ਼ਮੀਨ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਪਹਿਲੇ ਪੜਾਅ ਵਿਚ ਓਪੀਡੀ ਸ਼ੁਰੂ ਕੀਤੀ ਜਾਵੇਗੀ, ਦੂਜੇ ਪੜਾਅ ਵਿਚ ਜਨਰਲ ਹਸਪਤਾਲ ਖੋਲ੍ਹਿਆ ਜਾਵੇਗਾ ਅਤੇ ਤੀਜੇ ਪੜਾਅ ਵਿਚ ਬਾਕੀ ਦਾ ਕੰਮ ਕੀਤਾ ਜਾਵੇਗਾ। ਇਸ ਮੌਕੇ ਹਸਪਤਾਲ ਪ੍ਰਬੰਧਨ ਦੇ ਪ੍ਰੋਫੈਸਰ ਵਿਪਨ ਕੌਸ਼ਲ ਨੇ ਦੱਸਿਆ ਸੀ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦਾ 3 ਸਾਲ ਦਾ ਸਮਾਂ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਜਾਵੇ ਅਤੇ ਓਪੀਡੀ ਜਲਦ ਸ਼ੁਰੂ ਕੀਤੀ ਜਾਵੇ। ਉਨ੍ਹਾਂ ਦੱਸਿਆ ਸੀ ਕਿ ਪੀਜੀਆਈ ਹਸਪਤਾਲ ਸਿਰਫ਼ 100 ਬੈੱਡਾਂ ਤਕ ਹੀ ਸੀਮਤ ਨਹੀਂ ਹੋਵੇਗਾ ਸਗੋਂ 400 ਬੈੱਡਾਂ ਦਾ ਵੱਡਾ ਹਸਪਤਾਲ ਬਣੇਗਾ।
ਪਹਿਲਾਂ ਆਈਟੀਆਈ ’ਚ ਬਣਨਾ ਸੀ ਪੀਜੀਆਈ ਸੈਟੇਲਾਈਟ ਸੈਂਟਰ
ਸਾਲ 2013 ਵਿਚ ਕੇਂਦਰ ਦੀ ਯੂਪੀਏ ਸਰਕਾਰ ਵੱਲੋਂ ਫ਼ਿਰੋਜ਼ਪੁਰ ਲਈ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉਸ ਦੌਰਾਨ ਸੂਬੇ ਅੰਦਰ ਅਕਾਲੀ ਭਾਜਪਾ ਦੀ ਸਰਕਾਰ ਹੋਣ ਦੇ ਚੱਲਦਿਆਂ ਭਾਜਪਾ ਦੇ ਤਤਕਾਲੀ ਸੂਬਾਈ ਪ੍ਰਧਾਨ ਅਤੇ ਫ਼ਿਰੋਜ਼ਪੁਰ ਦੇ ਜੰਮਪਲ ਕਮਲ ਸ਼ਰਮਾ ਦੀਆਂ ਕੋਸ਼ਿਸ਼ਾਂ ਸਦਕਾ ਆਈਟੀਆਈ ਦੀ ਜਗ੍ਹਾ ਪੀਜੀਆਈ ਨੂੰ ਮੁਹੱਈਆ ਕਰਵਾਈ ਗਈ ਸੀ ਪਰ ਕੁਝ ‘ਸੋਸ਼ਲ ਅਤੇ ਸਿਆਸੀ ਅੜਚਨਾਂ’ ਕਾਰਨ ਕੁਝ ਸਮਾਂ ਪੀਜੀਆਈ ਪ੍ਰਬੰਧਨ ਨੇ ਉਸ ਜ਼ਮੀਨ ਤੋਂ ਕਿਨਾਰਾ ਕੀਤਾ ਰੱਖਿਆ। ਸਾਲ 2017 ਵਿਚ ਸੂਬੇ ਅੰਦਰ ਕਾਂਗਰਸ ਸਰਕਾਰ ਆਉਣ ਮਗਰੋਂ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੁਝ ‘ਵਿਸ਼ੇਸ਼’ ਤਰਕ ਦੇ ਕੇ ਇਸ ਸੈਟੇਲਾਈਟ ਸੈਂਟਰ ਲਈ ਮੋਗਾ ਰੋਡ ’ਤੇ ਜ਼ਮੀਨ ਅਲਾਟ ਕਰਵਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਹਸਪਤਾਲ ਦਾ ਨੀਂਹ ਪੱਥਰ ਤਕ ਨਹੀਂ ਰੱਖਿਆ ਗਿਆ।