ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਦਾ ਬੀਤੇ ਦਿਨ ਸੰਗਰੂਰ ਦੀ ਡਾਕਟਰ ਅਮਨਦੀਪ ਕੌਰ ਗੌਸਲ ਨਾਲ ਵਿਆਹ ਬਹੁਤ ਹੀ ਸਾਦਾ ਢੰਗ ਨਾਲ ਹੋਇਆ। ਦੋਵਾਂ ਪਰਿਵਾਰਾਂ ਦੇ ਚੋਣਵੇਂ ਮੈਂਬਰਾਂ ਦੀ ਹਾਜ਼ਰੀ ਵਿਚ ਵਿਆਹ ਦੀਆਂ ਰਸਮਾਂ ਸੰਗਰੂਰ ਦੇ ਗੁਰੂਦੁਆਰਾ ਸਾਹਿਬ ਵਿਖੇ ਨਿਭਾਈਆਂ ਗਈਆਂ। ਰਣਬੀਰ ਭੁੱਲਰ ਦਾ ਵਿਆਹ ਇਸ ਕਦਰ ਸਾਧਾਰਨ ਢੰਗ ਨਾਲ ਹੋਇਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਇਸ ਵਿਚ ਸ਼ਰੀਕ ਹੋਏ ਸਨ।ਜ਼ਿਕਰਯੋਗ ਹੈ ਕਿ ਰਣਬੀਰ ਭੁੱਲਰ ਦੀ ਪਹਿਲੀ ਪਤਨੀ ਕੁਲਰਾਜ ਕੌਰ ਦਾ ਕੁੱਝ ਸਾਲ ਪਹਿਲਾਂ ਬ੍ਰੇਨ ਕੈਂਸਰ ਨਾਲ ਦੇਹਾਂਤ ਹੋ ਗਿਆ ਸੀ। ਕੁਲਰਾਜ ਕੌਰ ਦੇ ਲੰਮੇ ਚੱਲੇ ਇਲਾਜ ਦੌਰਾਨ ਲਗਭਗ 6 ਸਾਲ ਰਣਬੀਰ ਭੁੱਲਰ ਅਤੇ ਉਨ੍ਹਾਂ ਦੀ ਮਾਤਾ ਜੀ ਵੱਲੋਂ ਕੀਤੀ ਸੇਵਾ ਦੀ ਸਾਰੇ ਇਲਾਕੇ ਵੱਲੋਂ ਸ਼ਲਾਘਾ ਕੀਤੀ ਜਾਂਦੀ ਰਹੀ ਹੈ। ਹਰ ਆਮ ਅਤੇ ਖ਼ਾਸ ਦੀ ਜ਼ੁਬਾਨ ’ਤੇ ਇਕੋ ਗੱਲ ਸੀ ਕਿ ,‘ਜਿਉਣਾ ਮਰਨਾ ਤਾਂ ਰੱਬ ਦੇ ਵੱਸ ਹੈ ,ਪਰ ਜੋ ਸੇਵਾ ਰਣਬੀਰ ਨੇ ਆਪਣੀ ਬਿਮਾਰ ਪਤਨੀ ਦੀ ਕੀਤੀ ਹੈ, ਇਸ ਤੋਂ ਵੱਡੀ ਜੀਵਨ ਸਾਥੀ ਦੀ ਮਿਸਾਲ ਨਹੀਂ ਹੋ ਸਕਦੀ। ਇਸ ਦੌਰਾਨ ਬੱਚਿਆਂ ਨੂੰ ਵੀ ਆਪਣੇ ਤੋਂ ਦੂਰ ਹੋਸਟਲ ਵਿਚ ਰੱਖਣਾ ਪਿਆ ਸੀ। ਵਿਧਾਇਕ ਰਣਬੀਰ ਭੁੱਲਰ ਦੇ ਦੋ ਬੱਚੇ ਹਨ। ਬੇਟੀ ਕੈਨੇਡਾ ਵਿਖੇ ਪੜ੍ਹ ਰਹੀ ਹੈ ਜਦਿਕ ਬੇਟਾ ਰੋਹਨ ਸਕੂਲ ਵਿਚ ਪੜ੍ਹਦਾ ਹੈ।
‘ਨਾਜਾਇਜ਼ ਸਵਾਲੀ’ ਅਖੌਤੀ ਮੀਡੀਆ ਨੂੰ ਵੱਖ-ਵੱਖ ਸਮੱਰਥਕਾਂ ਅਤੇ ਸਿਆਸਤਦਾਨਾਂ ਵੱਲੋਂ ਪਈਆਂ ਝਾੜਾਂ
ਵਿਧਾਇਕ ਰਣਬੀਰ ਭੁੱਲਰ ਦਾ ਵਿਆਹ ਹੁੰਦਿਆਂ ਹੀ ਜਿਥੇ ਲਗਪਗ ਹਰ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਪਾਰਟੀ ਪੱਧਰ ਤੋਂ ਉਪਰ ਉਠਦਿਆਂ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦਿੱਤੀਆਂ, ਉਥੇ ਸੋਸ਼ਲ ਮੀਡੀਆ ’ਤੇ ਕੁੱਝ ਵੈਬਸਾਈਟਈਏ ਖ਼ਬਰੀ ਚੈਨਲਾਂ ਵੱਲੋਂ ਵਰਤੀ ਭਾਸ਼ਾ ’ਤੇ ਵੀ ਵੱਖ-ਵੱਖ ਸਮਰਥਕਾਂ ਅਤੇ ਲੀਡਰਾਂ ਵੱਲੋਂ ਉਨ੍ਹਾਂ ਦੀ ਕਾਫੀ ਲਾਹ-ਪਾਹ ਕੀਤੀ ਗਈ। ਇਸ ਦੌਰਾਨ ਜਿੱਥੇ ਕੁੱਝ ਸਮੱਰਥਕਾਂ ਨੇ ਰਣਬੀਰ ਭੁੱਲਰ ਦੇ ਸੰਘਰਸ਼ ਦੀ ਗਾਥਾ ਬਿਆਨ ਕੀਤੀ ਤਾਂ ਕਈਆਂ ਨੇ ਉਨ੍ਹਾਂ ਵੱਲੋਂ ਬਿਮਾਰ ਪਤਨੀ ਦੀ ਕੀਤੀ ਸੇਵਾ ਦਾ ਹਵਾਲਾ ਦੇ ਕੇ ਮਹਿਲਾਵਾਂ ਲਈ ਉਨ੍ਹਾਂ ਦੇ ਮਨ ਵਿਚ ਸਤਿਕਾਰ ਸਬੰਧੀ ਵੀ ਲਿਖਿਆ।
ਇਸ ਦੌਰਾਨ ਬੀਤੇ ਦੋ ਦਿਨ ਤੋਂ ਸੋਸ਼ਲ ਮੀਡੀਆ ’ਤੇ ਵਿਧਾਇਕ ਰਣਬੀਰ ਭੁੱਲਰ ਦੀ ‘ਸੰਤਾਂ ਵਰਗੀ ਦਰਿਆਦਿਲੀ ਤੇ ਸਿਪਾਹੀਆਂ ਵਰਗੀ ਮੜਕ’ ਜਿਹੇ ਚਰਚੇ ਵੀ ਵੱਖ-ਵੱਖ ਪੋਸਟਾਂ ਵਿਚ ਪੜ੍ਹਨ ਨੂੰ ਮਿਲਦੇ ਰਹੇ। ਕਈਆਂ ਨੇ ਤਾਂ ਇਥੋਂ ਤੱਕ ਲਿਖਿਆ ਕਿ ਜਦੋਂ ਉਹ ਲੋਕਾਂ ਲਈ ਜ਼ਿੰਦਗੀ ਜਿਉਂਦਾ ਰਿਹਾ ਤਾਂ ਠੀਕ ਸੀ, ਪਰ ਆਪਣੇ ਬਾਰੇ ਕੀ ਸੋਚ ਲਿਆ ਕੁੱਝ ਨਾਸਮਝ ਲੋਕਾਂ ਨੇ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।