ਤੇਜਿੰਦਰ ਸਿੰਘ ਖਾਲਸਾ, ਅਬੋਹਰ : ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਸਾਂਝੇ ਸੱਦੇ ਤਹਿਤ ਅੱਜ ਸਵੇਰੇ 9 ਵਜੇ ਤੋਂ ਰਾਜਸਥਾਨ ਨੂੰ ਜਾਂਦੇ ਮੁੱਖ ਮਾਰਗਾਂ ' ਤੇ ਚੱਕਾ ਜਾਮ ਕਰ ਦਿੱਤਾ। ਕਿਸਾਨਾਂ ਨੇ ਰਾਜਸਥਾਨ ਨੂੰ ਜਾਂਦੇ ਅਬੋਹਰ ਸ਼੍ਰੀ ਗੰਗਾਨਗਰ ਹਾਈਵੈ ਦੇ ਪਿੰਡ ਗਿੱਦੜਾਂਵਾਲੀ, ਅਬੋਹਰ ਹਨੂੰਮਾਨਗੜ੍ਹ ਹਾਈਵੈ ਦੇ ਪਿੰਡ ਰਾਜਪੁਰਾ, ਬਜੀਦਪੁਰ ਭੋਮਾ ਅਤੇ ਦੋਦੇਵਾਲਾ ਵਿਖੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਚੱਕਾ ਜਾਮ ਕਰ ਦਿੱਤਾ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਚੱਕਾ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਮੰਗ ਸੀ ਕਿ ਪੰਜਾਬ ਰਿਪੈਰੀਅਨ ਸੂਬਾ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੀ ਪਾਣੀ ਦੀ ਮੰਗ ਨੂੰ ਪੂਰਾ ਨਹੀਂ ਕਰ ਰਿਹਾ ਜਦ ਕਿ ਰਾਜਸਥਾਨ ਨੂੰ ਬਣਦੇ ਪਾਣੀ ਨਾਲੋਂ 2000 ਕਿਊਸਕ ਪਾਣੀ ਵੱਧ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦੀ ਮੰਗ ਸਿਰਫ 250 ਕਿਊਸਕ ਪਾਣੀ ਦੀ ਹੈ ਪਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਲੱਚਰ ਵਤੀਰੇ ਕਾਰਨ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦਾ ਕੁਝ ਇਲਾਕਾ ਮਾਰੂਥਲ ਬਣਨ ਦੀ ਕਗਾਰ ' ਤੇ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਸੁਖਮੰਦਰ ਸਿੰਘ ਸੁੱਖ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਦੱਸਿਆ ਪਿਛਲੇ ਸਮੇਂ ਵਿੱਚ ਸਰਹਿੰਦ ਫੀਡਰ ਨਹਿਰ ਟੁੱਟਣ ਕਰਕੇ 45 ਦਿਨ ਨਹਿਰੀ ਪਾਣੀ ਸਾਡੇ ਇਲਾਕੇ ਨੂੰ ਨਹੀਂ ਮਿਲਿਆ ਹੁਣ ਸਾਨੂੰ ਨਹਿਰੀ ਵਿਭਾਗ ਦੇ ਅਧਿਕਾਰੀ ਵਾਰਬੰਦੀ ਸਿਸਟਮ ਵਿੱਚ ਝੋਕ ਰਹੇ ਹਨ। ਜਿਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਜਾਵੇਗਾ। ਕਿਉਕਿ ਇਲਾਕੇ ਦੇ ਕਿਸਾਨਾਂ ਕੋਲ ਪਾਣੀ ਦਾ ਇਕੋ ਇੱਕ ਜਰਿਆ ਨਹਿਰਾਂ ਹਨ ਇੱਥੋਂ ਹੀ ਪੀਣ ਦਾ ਪਾਣੀ ਅਤੇ ਖੇਤਾ ਲਈ ਸਿੰਚਾਈ ਦਾ ਪਾਣੀ ਪੂਰਾ ਹੁੰਦਾ ਹੈ। ਜ਼ਮੀਨ ਦਾ ਹੇਠਲਾ ਪਾਣੀ ਬਹੁਤ ਖਾਰਾ ਹੋਣ ਕਰਕੇ ਇਸ ਦੀ ਵਰਤੋਂ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਇੱਕ ਆਮ ਕਿਸਾਨ ਜਿਸ ਦੀ 5 ਏਕੜ ਤੱਕ ਦੀ ਵਾਹੀ ਹੈ। ਉਹ ਨਹਿਰੀ ਪਾਣੀ ਦੀਆਂ 7 ਵਾਰੀਆਂ ਨਾਲ ਆਪਣੇ ਪੂਰੇ ਖੇਤ ਨੂੰ ਸਿੰਚਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਸਿੰਚਾਈ ਮੰਤਰੀ ਨਾਲ ਮਿਲ ਕੇ ਗੁਹਾਰ ਲਗਾਈ ਗਈ ਹੈ ਪਰ ਐਸ ਸੀ ਫਿਰੋਜ਼ਪੁਰ ਨੂੰ ਕਿਸਾਨਾਂ ਦੇ ਨਾਲ ਨਾਲ ਸਰਕਾਰੀ ਮੰਤਰੀਆਂ ਦੀ ਵੀ ਕੋਈ ਪਰਵਾਹ ਨਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਹਿਰੀ ਵਿਭਾਗ ਦਾ ਫਿਰੋਜ਼ਪੁਰ ਦਾ ਐਸ ਸੀ ਜੋਕਿ ਰਾਜਸਥਾਨ ਨਾਲ ਸੰਬਧ ਰੱਖਦਾ ਹੈ। ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਖਤਮ ਕਰਕੇ ਰਾਜਸਥਾਨ ਨੂੰ ਵਾਧੂ ਪਾਣੀ ਦੇ ਰਿਹਾ ਹੈ। ਇਸ ਬਾਰੇ ਸ਼ੋਸ਼ਲ ਮੀਡਿਆ ਦੇ ਇੱਕ ਵਿਡਿਓ ਵੀ ਵਾਰਿਅਲ ਹੋ ਰਹੀ ਹੈ। ਜਿਸ ਵਿੱਚ ਜੀ ਕੇ ਐਸ ਦਾ ਚੈਅਰਮੈਨ ਸਾਫ ਤੋਰ ਤੇ ਐਸ ਸੀ ਫਿਰੋਜ਼ਪੁਰ ਦੇ ਰਾਜਸਥਾਨ ਦੇ ਪਿੰਡ ਦਾ ਨਾਮ ਦੱਸ ਰਿਹਾ ਹੈ ਅਤੇ ਸ਼ਬਦੀ ਤੌਰ ਤੇ ਕਹਿ ਰਿਹਾ ਹੈ ਕਿ ਮੈ ਪਹਿਲਾਂ ਹੀ ਤੁਹਾਡੇ ਬਣਦੇ ਪਾਣੀ ਨਾਲੋਂ ਵੀ ਵੱਧ ਪਾਣੀ ਤੁਹਾਨੂੰ ਦੇ ਰਿਹਾ ਹਾਂ। ਇਸ ਸੰਬੰਧੀ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਦੇ ਆਗੂਆਂ,ਸੁਖਜਿੰਦਰ ਸਿੰਘ ਰਾਜਨ, ਜਗਜੀਤ ਸਿੰਘ ਸੰਧੂ ਝੁਰੜਖੇੜਾ, ਨਿਰਮਲ ਸਿੰਘ ਬਹਾਵਵਾਲਾ, ਸ਼ੁਭਾਸ ਗੋਦਾਰਾ, ਸੁਨੀਲ, ਡੂਡੀ, ਸਾਹਿਬ ਰਾਮ, ਸੁਧੀਰ ਰਿਣਵਾ ਆਦਿ ਨੇ ਦੱਸਿਆ ਵਿਭਾਗ ਵੱਲੋਂ ਫਿਰ 7 ਦਿਨਾਂ ਦੀ ਬੰਦੀ ਦੀ ਐਲਾਨ ਕਰਕੇ ਪਾਣੀ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਕਿਸਾਨਾਂ ਅਤੇ ਬਾਗਬਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਹੁਣ ਉਨ੍ਹਾਂ ਪਾਣੀ ਦੀ ਵੱਧ ਲੋੜ ਹੈ ਪਰ ਨਹਿਰ ਬੰਦੀ ਕਰਕੇ ਉਨ੍ਹਾਂ ਨੂੰ ਬਰਬਾਦੀ ਵੱਲ ਧੱਕਿਆ ਜਾ ਰਿਹਾ ਹੈ। ਨਹਿਰਾਂ ਵਿੱਚ ਪਾਣੀ ਨਾ ਹੋਣ ਕਾਰਨ ਉਨ੍ਹਾਂ ਦੀ ਨਰਮੇ ਦੀ ਬਿਜਾਈ ਰੁੱਕੀ ਹੋਈ ਹੈ, ਉਥੇ ਹੀ ਨਰਮੇ ਦੀ ਖੜੀ ਫਸਲ ਨੂੰ ਵੀ ਪਾਣੀ ਦੀ ਲੋੜ ਹੈ। ਕਿਸਾਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦ ਤਕ ਨਹਿਰੀ ਪਾਣੀ ਨਹੀਂ ਛੱਡਿਆ ਜਾਂਦਾ ਤਦ ਤੱਕ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਖਬਰ ਲਿਖੇ ਜਾਣ ਤੱਕ ਰਾਜਸਥਾਨ ਨੂੰ ਜਾਂਦੇ ਸਾਰੇ ਮਾਰਗ ਕਿਸਾਨਾਂ ਨੇ ਚੱਕਾ ਜਾਮ ਕਰਕੇ ਬੰਦ ਕੀਤੇ ਹੋਏ ਸਨ।