ਰਵੀ ਮੋਂਗਾ, ਗੁਰੂਹਰਸਹਾਏ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਬਲਾਕ ਝੋਕ ਮੋਹੜੇ ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਝੋਕ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਹੋਈ । ਜਿਸ ਵਿਚ ਸੂਬਾ ਪ੍ਰਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਵੀ ਮੌਜ਼ੂਦ ਰਹੇ। ਕਿਸਾਨੀ ਮੰਗਾਂ ਮਸਲਿਆਂ ਉੱਪਰ ਵਿਸਥਾਰਪੂਰਵਕ ਚਰਚਾ ਕਰਨ ਤੋਂ ਬਾਅਦ ਬਲਾਕ ਝੋਕ ਮੋਹੜੇ ਦੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਵਸੰਮਤੀ ਨਾਲ ਗੁਰਭੇਜ ਸਿੰਘ ਲੋਹੜਾ ਨਵਾਬ ਨੂੰ ਪ੍ਰਧਾਨ, ਰੇਸ਼ਮ ਸਿੰਘ ਦਿਲਾਰਾਮ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਤਾਪ ਸਿੰਘ ਲਖਮੀਰਪੁਰਾ ਨੂੰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਮਿਸ਼ਰੀਵਾਲਾ ਨੂੰ ਜਨਰਲ ਸਕੱਤਰ, ਸਤਵੀਰ ਸਿੰਘ ਮਿਸ਼ਰੀਵਾਲਾ ਨੂੰ ਜਥੇਬੰਦਕ ਸਕੱਤਰ, ਵਰਿੰਦਰ ਸਿੰਘ ਤਰਿੱਡਾ ਨੂੰ ਸਕੱਤਰ, ਬੂਟਾ ਸਿੰਘ ਹਾਮਦ ਨੂੰ ਖਜ਼ਾਨਚੀ, ਗੁਰਨਾਮ ਸਿੰਘ ਚੱਕ ਸੋਮੀਆ ਨੂੰ ਪ੍ਰਰੈੱਸ ਸਕੱਤਰ ਅਤੇ ਸ਼ੁਭਕਰਮਨ ਦਿਲਾਰਾਮ ਨੂੰ ਬਲਾਕ ਦਾ ਸਪੋਕਸਮੈਨ ਨਿਯੁਕਤ ਕੀਤਾ ਗਿਆ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਦੀਆਂ ਹੱਦਾਂ ਤੇ ਮੋਰਚਾ ਸਮਾਪਤ ਕਰਨ ਵਾਲੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਸਨ, ਜਿਨਾਂ੍ਹ ਵਿੱਚ ਅੰਦੋਲਨ ਦੌਰਾਨ ਕਿਸਾਨਾਂ ਉਪਰ ਬਣਾਏ ਗਏ ਸਾਰੇ ਕੇਸ ਵਾਪਸ ਲੈਣ, ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦੇਣ ਅਤੇ ਐੱਮਐੱਸਪੀ ਦੀ ਕਮੇਟੀ ਬਣਾਉਣ ਬਾਰੇ ਕਿਹਾ ਗਿਆ ਸੀ। ਪਰ ਸਰਕਾਰ ਵੱਲੋਂ ਕਿਸੇ ਵੀ ਮਸਲੇ 'ਤੇ ਸੰਜੀਦਗੀ ਨਹੀਂ ਵਿਖਾਈ ਗਈ ਤੇ ਨਾ ਹੀ ਇਸ ਸਬੰਧੀ ਕੋਈ ਅੱਗੇ ਕਾਰਜ ਕੀਤਾ ਗਿਆ। ਇਸ ਤੋਂ ਇਲਾਵਾ ਉਨਾਂ੍ਹ ਕਿਹਾ ਕਿ ਲਖੀਮਪੁਰ ਖੀਰੀ ਦੇ ਘਟਨਾਕ੍ਰਮ ਸਬੰਧੀ ਸਿੱਟ ਦੀ ਰਿਪੋਰਟ ਆ ਜਾਣ ਤੋਂ ਬਾਅਦ ਵੀ ਦੋਸ਼ੀ ਅਜੇ ਮਿਸ਼ਰਾ ਟੈਨੀ ਅਤੇ ਉਸਦੇ ਸਾਥੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਉਲਟਾ ਕਿਸਾਨਾਂ ਨੂੰ ਫਸਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿਚ 31 ਜਨਵਰੀ ਨੂੰ ਦੇਸ਼ ਭਰ ਦੇ ਜ਼ਿਲ੍ਹਾ ਡੀਸੀ ਦਫਤਰਾਂ ਅਤੇ ਤਹਿਸੀਲਾਂ 'ਤੇ ਸਰਕਾਰ ਦੇ ਖਿਲਾਫ ਵਿਸ਼ਵਾਸਘਾਤ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਬਲਾਕ ਕਮੇਟੀ ਦੇ ਪ੍ਰਧਾਨ ਗੁਰਭੇਜ ਸਿੰਘ ਅਤੇ ਪੂਰੀ ਬਲਾਕ ਕਮੇਟੀ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਕਿਸਾਨੀ ਮਸਲਿਆਂ ਲਈ ਹਰ ਸਮੇਂ ਤੱਤਪਰ ਰਹਿਣਗੇ ਅਤੇ ਪੂਰੀ ਤਨਦੇਹੀ ਨਾਲ ਮਿਲੀ ਹੋਈ ਜ਼ਿੰਮੇਵਾਰੀ ਨੂੰ ਨਿਭਾਉਣਗੇ। ਉਨਾਂ੍ਹ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 31 ਜਨਵਰੀ ਨੂੰ ਡੀ ਸੀ ਦਫਤਰ ਫਿਰੋਜ਼ਪੁਰ ਵਿਖੇ ਵੱਡੀ ਗਿਣਤੀ ਵਿਚ ਪਹੁੰਚਣ, ਜਿੱਥੇ ਰੋਸ ਧਰਨਾ ਦੇਣ ਤੋਂ ਬਾਅਦ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਜੀਤ ਸਿੰਘ ਦਿਲਾਰਾਮ, ਜਸਵਿੰਦਰ ਸਿੰਘ ਕੜਮਾਂ, ਸਰਬਜੀਤ ਸਿੰਘ ਅਲਫੁਕੇ, ਦਰਸ਼ਨ ਸਿੰਘ ਮਿਸ਼ਰੀਵਾਲਾ, ਰਜਿੰਦਰ ਸਿੰਘ ਮਿਸ਼ਰੀਵਾਲਾ, ਅਮਰਜੀਤ ਸਿੰਘ ਝੋਕ, ਅਮਰੀਕ ਸਿੰਘ ਲਖਮੀਰਪੁਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।