ਤੇਜਿੰਦਰ ਪਾਲ ਸਿੰਘ ਖ਼ਾਲਸਾ, ਫਾਜ਼ਿਲਕਾ : ਸਹਾਇਕ ਪੋ੍ਫੈਸਰਾਂ ਦੀ ਭਰਤੀ ਪ੍ਰਕਿਰਿਆ ਜਲਦੀ ਨੇਪਰੇ ਨਾ ਚਾੜ੍ਹਨ ਤੇ ਈ.ਟੀ.ਟੀ.ਟੈਟ ਪਾਸ ਅਤੇ ਬੀਐਡ. ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਅਣਮਨੁੱਖੀ ਤਸ਼ੱਦਦ ਦੇ ਵਿਰੋਧ 'ਚ ਅੱਜ ਫਾਜ਼ਿਲਕਾ ਦੇ ਪਿੰਡ ਚੂਹੜੀ ਵਾਲਾ ਚਿਸਤੀ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਿਸ ਦੀ ਅਗਵਾਈ ਸੁਬੇਗ ਸਿੰਘ ਝੰਗੜ ਭੈਣੀ ਜ਼ਿਲ੍ਹਾ ਸਕੱਤਰ ਸਰਬ ਭਾਰਤ ਨੌਜਵਾਨ ਸਭਾ ਫਾਜ਼ਿਲਕਾ ਤੇ ਵਿਦਿਆਰਥੀ ਆਗੂ ਸੋਨਾ ਸਿੰਘ ਵੱਲੋਂ ਕੀਤੀ ਗਈ।
ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਕਾਲਜਾਂ 'ਚ ਕੋਈ ਨਵੀੰ ਭਰਤੀ ਨਹੀ ਕੀਤੀ ਗਈ। ਜਿਸ ਨਾਲ ਉਚੇਰੀ ਸਿੱਖਿਆ ਦਾ ਪੱਧਰ ਦਿਨੋ-ਦਿਨ ਡਿੱਗਦਾ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 1158 ਸਹਾਇਕ ਪੋ੍ਫੈਸਰਾਂ ਦੀ ਛੇਤੀ ਭਰਤੀ ਮੁਕੰਮਲ ਕੀਤੀ ਜਾਵੇ। ਉਹਨਾਂ ਨੇ ਈਟੀਟੀ ਟੈਟ ਪਾਸ ਤੇ ਬੀ.ਐਡ. ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਨੌਕਰੀਆਂ ਤਾਂ ਕਿ ਦੇਣੀਆਂ ਸੀ ਉਨ੍ਹਾਂ ਨੂੰ ਲਾਠੀਆਂ ਨਾਲ ਉਨ੍ਹਾਂ ਦੇ ਹੱਕ ਦੀ ਆਵਾਜ਼ ਨੂੰ ਬੰਦ ਕਰਨ ਲਈ ਪੰਜਾਬ ਪੁਲਿਸ ਰਾਹੀਂ ਅਧਿਆਪਕਾਂ 'ਤੇ ਅਣਮਨੁੱਖੀ ਤਸ਼ੱਦਦ ਕਰਨ ਲਈ ਵਰਤ ਰਹੀ ਹੈ।
ਕਾਂਗਰਸ ਸਰਕਾਰ ਵੋਟਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਕੇ ਸੱਤਾ 'ਚ ਆਈ ਸੀ। ਕਿ ਅਸੀਂ ਹਰ ਘਰ 'ਚ ਨੌਜਵਾਨ ਨੂੰ ਰੋਜ਼ਗਾਰ ਦਿਆਂਗੇ। ਪਰ ਪੌਣੇ 5 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਸਿੱਖਿਆ ਅਦਾਰਿਆਂ 'ਚ ਸਿੱਖਿਆਰਥੀਆਂ ਲਈ ਸਿੱਖਿਆ ਦੇ ਯੋਗ ਪ੍ਰਬੰਧ ਨਹੀਂ ਕੀਤੇ ਜਾ ਰਹੇ। ਬੇਰੁਜ਼ਗਾਰ ਨੌਜਵਾਨਾਂ ਨੂੰ ਹੱਕ ਮੰਗਣ ਕਰਕੇ ਅਣਮਨੁੱਖੀ ਤਸ਼ੱਦਦ ਕਰਕੇ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਸ ਦੇ ਮੰਤਰੀ ਝੂਠੇ ਵਾਅਦੇ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਲੱਗੇ ਹੋਏ ਹਨ। ਸਾਡੀਆਂ ਧੀਆਂ ਭੈਣਾਂ ਦੀ ਇੱਜਤਾਂ ਹੱਕ ਮੰਗਣ ਸਮੇਂ ਸੜਕਾਂ 'ਤੇ ਰੋਲੀਆਂ ਜਾ ਰਹੀਆਂ ਹਨ। ਹਰੇਕ ਵਰਗ ਨਿਰਾਸ਼ਾ ਭਰੀ ਜ਼ਿੰਦਗੀ ਨਾਲ ਦੋ ਚਾਰ ਹੋ ਰਿਹਾ ਹੈ। ਜਿਸ ਲਈ ਅਸੀਂ ਗਦਰੀ ਬਾਬਿਆਂ ਅਤੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੇ ਵਾਰਿਸ ਮੂੰਹ ਤੋੜਵਾਂ ਜੁਆਬ ਦੇਣ ਲਈ ਸੰਘਰਸ਼ ਲੜਨ ਵਾਲੇ ਜਾਗਦੀਆਂ ਜਮੀਰਾਂ ਵਾਲੇ ਲੋਕਾਂ ਦੇ ਨਾਲ ਹਰ ਫਰੰਟ 'ਤੇ ਸੰਘਰਸ਼ ਲੜਨ ਵਾਲੇ ਲੋਕਾਂ ਦੇ ਨਾਲ ਹਾਂ।
ਇਸ ਮੌਕੇ ਸਾਜਣ ਕੁਮਾਰ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਪਰਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਪ੍ਰਰੀਤ ਸਿੰਘ ਅਤੇ ਬਿੰਦਰ ਸਿੰਘ ਵੱਡੀ ਗਿਣਤੀ 'ਚ ਵਿਦਿਆਰਥੀ ਅਤੇ ਨੌਜਵਾਨ ਹਾਜ਼ਰ ਸਨ।