ਸਚਿਨ ਮਿੱਢਾ, ਜਲਾਲਾਬਾਦ : ਸਥਾਨਕ ਸ਼ਹਿਰੀ ਖੇਤਰ ਵਿੱਚ ਵਰਤਮਾਨ ਸਮੇਂ ਦਰ ਇਥੋ ਦਾ ਪਟਵਾਰ ਦਫਤਰ ਸਬੰਧਤ ਪਟਵਾਰੀ ਵਲੋ ਜ਼ਿੰਮੇਵਾਰੀ ਨਾ ਸੰਭਾਲਣ ਕਾਰਨ ਬੰਦ ਪਿਆ ਹੈ ਅਤੇ ਸਥਾਨਕ ਪ੍ਰਰਾਪਰਟੀ ਨਾਲ ਸਬੰਧਤ ਡੀਲਰ ਤੇ ਆਮ ਲੋਕ ਕਾਫੀ ਪਰੇਸ਼ਾਨ ਹਨ ਅਤੇ ਜਿਨ੍ਹਾਂ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਦਖਲ ਦੇਣ ਤੇ ਪਟਵਾਰੀ ਦੀ ਦਫਤਰ ਖੋਲ੍ਹਣ ਜ਼ਿੰਮੇਵਾਰੀ ਲਗਾਉਣ ਦੀ ਮੰਗ ਕੀਤੀ ਹੈ। ਪ੍ਰਰਾਪਰਟੀ ਡੀਲਰ ਐਸੋਸੀਏਸ਼ਨ ਦੇ ਆਗੂ ਸੁਰਿੰਦਰ ਪਰੂਥੀ, ਰਾਜੀਵ ਮਾਨਕਟਾਲਾ, ਪਿੰ੍ਸ ਧਵਨ, ਰਾਜਨ ਸਿਡਾਨਾ, ਪ੍ਰਦੀਪ ਨਾਰੰਗ, ਅਸ਼ਵਨੀ ਕਾਠਪਾਲ, ਸਵੀਟਾ ਮਦਾਨ, ਗੋਰਾ ਕਮਰਾ, ਸੋਨੂੰ ਵਧਵਾ, ਪਰਮਜੀਤ ਮੱਕੜ ਨੇ ਦੱਸਿਆ ਕਿ ਜਲਾਲਾਬਾਦ 'ਚ ਵਜੀਰ ਸਿੰਘ ਪਟਵਾਰੀ ਦੀ ਰਿਟਾਇਰਮੈਂਟ ਤੋਂ ਬਾਅਦ ਇਥੋਂ ਦੇ ਦਫਤਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਕੋਈ ਵੀ ਤਿਆਰ ਨਹੀਂ ਹੈ ਅਤੇ ਜਦ ਵੀ ਉਹ ਸਬੰਧਤ ਪਟਵਾਰ ਦਫਤਰ ਜਾਂਦੇ ਹਨ ਤਾਂ ਉਹ ਦਫਤਰ ਬੰਦ ਪਿਆ ਹੁੰਦਾ ਹੈ।
ਐਸੋਸੀਏਸ਼ਨ ਆਗੂਆਂ ਨੇ ਦੱਸਿਆ ਕਿ ਪਿਛਲੇ ਕਰੀਬ 2 ਮਹੀਨਿਆਂ ਤੋਂ ਪਟਵਾਰ ਦਫਤਰ ਨਾਲ ਸਬੰਧਤ ਕੰਮਕਾਜ ਬੰਦ ਪਿਆ ਹੈ ਅਤੇ ਮੌਜੂਦਾ ਪਟਵਾਰੀ ਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਹੈ ਜਦ ਵੀ ਉਹ ਮੋਬਾਇਲ ਫੋਨ 'ਤੇ ਸੰਪਰਕ ਕਰਦੇ ਹਨ ਤਾਂ ਅੱਗੋ ਸਵਿੱਚ ਆਫ ਆਉਦਾ ਹੈ। ਐਸੋਸੀਏਸ਼ਨ ਨੇ ਦੱਸਿਆ ਕਿ ਪਟਵਾਰੀ ਦੇ ਨਾ ਬੈਠਣ ਕਾਰਣ ਵੱਖ-ਵੱਖ ਪ੍ਰਰਾਪਰਟੀਆਂ ਦੇ ਇੰਤਕਾਲ, ਦਰਜ਼ ਕਰਵਾਉਣ, ਪੁਰਾਣੇ ਇੰਤਕਾਲ ਦੀ ਦੁਰਸਤੀ, ਨਿਸ਼ਾਨ ਦੇਹੀ ਸਬੰਧੀ ਕਈ ਹੋਰ ਕੰਮ ਹਨ ਜੋ ਪਟਵਾਰੀ ਨਾ ਹੋਣ ਕਾਰਣ ਨਹੀਂ ਹੋ ਰਹੇ । ਐਸੋਸੀਏਸ਼ਨ ਨੇ ਕਿਹਾ ਕਿ ਇਸ ਸਬੰਧੀ ਉਹ ਪਿਛਲੇ ਐਸਡੀਐਮ ਨੂੰ ਵੀ ਮਿਲੇ ਸਨ ਪਰ ਅਜੇ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹਾ ਦੇ ਅਧਿਕਾਰੀਆਂ ਤੋਂ ਮੰਗ ਹੈ ਕਿ ਇਸ ਸਮੱਸਿਆ ਦਾ ਫੌਰੀ ਤੇ ਹੱਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਮਣਾ ਨਾ ਕਰਨਾ ਪਵੇ ।