ਸਚਿਨ ਮਿੱਢਾ, ਜਲਾਲਾਬਾਦ : ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਪੰਜਾਬ 'ਚ ਚੋਣਾਂ ਦੌਰਾਨ ਈਡੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਹ ਇਸਤੇਮਾਲ ਸਿਰਫ ਲੋਕਾਂ ਨੂੰ ਡਰਾਉਣ ਅਤੇ ਚੋਣਾਂ ਦਾ ਮਾਹੌਲ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਇਹ ਵਿਚਾਰ ਕਾਂਗਰਸ ਪਾਰਟੀ ਦੇ ਮੈਂਬਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਰਾਜ ਬਖਸ਼ ਕੰਬੋਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨਾਂ ਦੱਸਿਆ ਕਿ ਦੇਸ਼ ਦੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਦੇਸ਼ ਦੀਆਂ ਸਪੈਸ਼ਲ ਤੋਪਾ ਆਈਬੀ, ਸੀਆਈਡੀ ਅਤੇ ਈਡੀ ਏਜੰਸੀਆਂ ਦਾ ਇਸਤੇਮਾਲ ਚੋਣਾਂ ਦੇ ਦਿਨਾਂ 'ਚ ਵਿਰੋਧੀ ਪਾਰਟੀਆਂ ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨਾਂ ਏਜੰਸੀਆਂ ਦਾ ਇਸਤੇਮਾਲ ਉਦੋ ਹੀ ਕਿਉ ਕੀਤਾ ਜਾਂਦਾ ਹੈ ਜਦੋਂ ਦੇਸ਼ 'ਚ ਇਲੈਕਸ਼ਨ ਹੁੰਦੇ ਹਨ ਜਾਂ ਕਿਧਰੇ ਸੂਬੇ ਅੰਦਰ ਇਲੈਕਸ਼ਨ ਹੁੰਦੇ ਹਨ। ਉਨਾਂ ਕਿਹਾ ਕਿ ਇਨਾਂ ਦਾ ਇਸਤੇਮਾਲ ਸਿਰਫ ਵਿਰੋਧੀ ਪਾਰਟੀਆਂ 'ਤੇ ਹੀ ਕਿਉ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਦੀ ਫਿਰੋਜਪੁਰ ਰੈਲੀ ਬਿਲਕੁਲ ਫਲਾਪ ਰਹੀ ਅਤੇ ਲੋਕਾਂ ਦਾ ਇਕੱਠ ਨਾ ਹੋਣ ਕਾਰਨ ਪ੍ਰਧਾਨ ਮੰਤਰੀ ਜੀ ਨੂੰ ਵਾਪਸ ਜਾਣਾ ਪਿਆ। ਪਰ ਦੂਜੇ ਪਾਸੇ ਸੁਰੱਖਿਆ ਦਾ ਦੋਸ਼ ਮੜ ਕੇ ਕਾਂਗਰਸ ਸਰਕਾਰ ਨੂੰ ਬਦਨਾਮ ਕਰਨਾ ਇਹ ਕਿਧਰੇ ਵੀ ਠੀਕ ਨਹੀਂ ਸੀ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਨਾ ਨਹੀਂ ਚਾਹੁੰਦੇ ਅਤੇ ਰੈਲੀ 'ਚ ਇਕੱਠ ਨਾ ਹੋਣ ਦਾ ਗੁੱਸਾ ਈਡੀ ਦੀ ਛਾਪੇਮਾਰੀ ਕਰਵਾ ਕੇ ਕੱਿਢਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵਰਤਮਾਨ ਸਮੇਂ ਅੰਦਰ ਲੋਕਾਂ ਦਾ ਝੁਕਾਅ ਕਾਂਗਰਸ ਪਾਰਟੀ ਵੱਲ ਹੈ ਅਤੇ ਜਿਸ ਤਰਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੇ ਕੰਮ ਕਰਵਾਏ ਹਨ ਅਤੇ ਕਈ ਮਸਲਿਆ ਦਾ ਫੌਰੀ ਤੌਰ ਤੇ ਹੱਲ ਕੀਤਾ ਹੈ ਉਸ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।