ਤੇਜਿੰਦਰਪਾਲ ਸਿੰਘ ਖਾਲਸਾ, ਫਾਜ਼ਿਲਕਾ : ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਘਰ-ਘਰ ਨੌਕਰੀ ਦਾ ਵਾਅਦਾ ਕਰ ਕੇ ਨੌਜਵਾਨਾਂ ਦੀਆਂ ਵੋਟਾਂ ਹਾਸਲ ਕਰ ਗਈ ਪਰ ਪੰਜ ਸਾਲ ਬੀਤ ਜਾਣ ਬਾਅਦ ਕਾਂਗਰਸ ਪਾਰਟੀ ਦਾ ਦਾਅਵਾ ਕਿੰਨਾ ਕੁ ਸੱਚ ਹੋਇਆ ਇਸ ਬਾਰੇ ਪੰਜਾਬੀ ਜਾਗਰਣ ਵੱਲੋਂ ਇਕ ਵਿਸ਼ੇਸ਼ ਪਹਿਲ ਕਰ ਕੇ ਲੋਕਾਂ ਤਕ ਪਹੁੰਚ ਕੀਤੀ ਗਈ ਜਿਸ 'ਚ ਬਾਰਡਰ ਪੱਟੀ ਦੇ ਜ਼ਿਲ੍ਹਾ ਫ਼ਾਜ਼ਲਿਕਾ ਦੇ ਨੌਜਵਾਨ ਹੱਥਾਂ 'ਚ ਡਿਗਰੀਆਂ ਫੜ ਅੱਜ ਵੀ ਨੌਕਰੀ ਦੀ ਉਡੀਕ ਕਰ ਰਹੇ ਹਨ।
ਸਰਕਾਰ ਦਾ ਕਾਰਜਕਾਲ ਮੁੱਕ ਗਿਆ ਪਰ ਬੇਰੁਜ਼ਗਾਰ ਨੌਜਵਾਨਾਂ ਦੀ ਉਡੀਕ ਨਹੀਂ ਮੁੱਕੀ। ਇਸੇ ਹਿਤਾਸ਼ਾ ਤੋਂ ਬਚਣ ਲਈ ਅੱਜਕੱਲ੍ਹ ਵਿਦੇਸ਼ ਜਾਣ ਦਾ ਰੁਝਾਨ ਨੌਜਵਾਨਾਂ 'ਚ ਵਧ ਗਿਆ ਹੈ। ਇਕਲੇ ਜਲਾਲਾਬਾਦ ਹਲਕੇ 'ਚ ਪੈਂਦੇ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ ਕੋਰੋਨਾ ਕਾਲ ਤੋਂ ਬਾਅਦ ਖੁੱਲ੍ਹੀਆਂ ਫਲਾਈਟਾਂ ਵਿਚ ਲਗਭਗ ਤੀਹ ਤੋਂ ਪੈਂਤੀ ਨੌਜਵਾਨ ਵਿਦੇਸ਼ ਦਾ ਰੁਖ਼ ਕਰ ਚੁੱਕੇ ਹਨ ਅਤੇ ਬਹੁਤੇ ਵਿਦੇਸ਼ ਜਾਣ ਦੇ ਚਾਹਵਾਨ ਵੀ ਹਨ। ਪੰਜਾਬੀ ਜਾਗਰਣ ਨਾਲ ਗੱਲ ਕਰਦੇ ਪਿੰਡ ਦੇ ਸਾਬਕਾ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਪਿੰਡ ਦੇ ਨੌਜਵਾਨ ਸਿਰਫ਼ ਰੋਜ਼ੀ ਰੋਟੀ ਦੀ ਭਾਲ ਨੂੰ ਦੇਸ਼ ਛੱਡ ਕੇ ਵਿਦੇਸ਼ ਦਾ ਰਾਹ ਅਪਣਾ ਰਹੇ ਹਨ। ਉਨਾਂ੍ਹ ਕਿਹਾ ਨੌਜਵਾਨ ਜਾਂਦੇ ਤਾਂ ਵਿਦਿਆਰਥੀ ਬਣ ਕੇ ਹਨ ਪਰ ਉਨਾਂ੍ਹ ਦਾ ਅਸਲ ਮਕਸਦ ਉੱਥੇ ਰੋਟੀ ਦਾ ਜੁਗਾੜ ਲਾਉਣਾ ਅਤੇ ਪੈਸਾ ਕਮਾਉਣਾ ਹੁੰਦਾ ਹੈ। ਉਨਾਂ੍ਹ ਦੱਸਿਆ ਬਹੁਤਾਤ ਲੋਕ ਆਪ ਦੇ ਨੌਜਵਾਨ ਬੱਚਿਆਂ ਨੂੰ ਬਾਹਰ ਭੇਜਣ ਲਈ ਵਿਦੇਸ਼ ਭੇਜਣ ਲਈ ਬਹੁਤਾ ਖਰਚਾ ਨਹੀਂ ਕਰ ਸਕਦੇ ਜਿਸ ਕਰਕੇ ਉਨਾਂ੍ਹ ਨੂੰ ਆਪਣੀਆਂ ਜ਼ਮੀਨਾਂ ਵੇਚ ਕੇ ਨੌਜਵਾਨਾਂ ਨੂੰ ਬਾਹਰ ਭੇਜਣਾ ਪੈ ਰਿਹਾ ਹੈ । ਉਨਾਂ੍ਹ ਦੱਸਿਆ ਬਾਈ ਇਲੈਕਸ਼ਨ 'ਚ ਇਲਾਕੇ ਦੇ ਵਿਧਾਇਕ ਰਮਿੰਦਰ ਆਵਲਾ ਵੱਲੋਂ ਇਲਾਕੇ 'ਚ ਇਕ ਵੱਡੀ ਇੰਡਸਟਰੀ ਖੋਲ੍ਹ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਗਈ ਸੀ ਜਿਸ ਕਰਕੇ ਬਹੁਤਾਤ ਨੌਜਵਾਨਾਂ ਵੱਲੋਂ ਆਂਵਲਾ ਨੂੰ ਵਿਧਾਇਕ ਦੀ ਕੁਰਸੀ ਤੇ ਬਿਠਾਇਆ ਗਿਆ ਪਰ ਮੌਜੂਦਾ ਵਿਧਾਇਕ ਨੇ ਨੌਜਵਾਨਾਂ ਦੀਆਂ ਆਸਾਂ 'ਤੇ ਪਾਣੀ ਫੇਰਨ ਲੱਗਿਆਂ ਸਮਾਂ ਨਹੀਂ ਲਾਇਆ ਤੇ ਇਲਾਕੇ ਵਿਚ ਕੋਈ ਇੰਡਸਟਰੀ ਨਹੀਂ ਲਗਾਈ। ਪਿੰਡ ਚੱਕ ਖਿਉ ਵਾਲਾ ਦੇ ਵਾਸੀ ਨਿਸ਼ਾਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਸਾਡੇ ਪਿੰਡ ਵਿੱਚ ਪਿਛਲੇ ਛੇ ਮਹੀਨਿਆਂ 'ਚੋਂ ਚਾਰ ਨੌਜਵਾਨ ਵਿਦੇਸ਼ ਵਿੱਚ ਜਾ ਚੁੱਕੇ ਹਨ ਅਤੇ ਚਾਰ ਨੌਜਵਾਨਾਂ ਬਾਹਰ ਜਾਣ ਲਈ ਕੈਨੇਡਾ ਦੇ ਦੂਤਾਵਾਸ ਵਿਚ ਬਿਨੈ ਪੱਤਰ ਦੇ ਚੁੱਕੇ ਹਨ ਜੋ ਚਾਰ ਬੰਦੇ ਜਾ ਚੁੱਕੇ ਹਨ ਉਨਾਂ੍ਹ 'ਚੋਂ ਦੋ ਜ਼ਿਮੀਂਦਾਰਾਂ ਨੇ ਆਪਣੀ ਜ਼ਮੀਨ ਵੇਚ ਕੇ ਆਪਣੇ ਨੌਜਵਾਨ ਧੀਆਂ ਨੂੰ ਕੈਨੇਡਾ ਭੇਜਿਆ ਗਿਆ। ਉਨਾਂ੍ਹ ਕਿਹਾ ਉਸ ਦੇ ਆਪਣੇ ਘਰ ਵਿੱਚ ਇਕ ਨੌਜਵਾਨ ਵੱਲੋਂ ਬੀਐੱਸਸੀ ਐਗਰੀਕਲਚਰ ਕੀਤੀ ਗਈ ਹੈ ਅਤੇ ਹੁਣ ਸਰਕਾਰ ਵੱਲੋਂ ਉਨਾਂ੍ਹ ਨੂੰ ਨੌਕਰੀ ਮਿਲਣ ਦੀ ਆਸ ਨਹੀਂ ਹੈ।
ਘਰ ਘਰ ਨੌਕਰੀ ਅਤੇ ਨੌਜਵਾਨਾਂ ਨੂੰ ਵੱਡੇ ਵੱਡੇ ਸੁਪਨੇ ਵਿਖਾ ਕੇ ਆਪਣੇ ਸੁਪਨੇ ਕਰਨ ਵਾਲੇ ਨੇਤਾਵਾਂ ਨੂੰ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਭੋਰਾ ਵੀ ਸੰਗ ਨਹੀਂ ਲੱਗਦੀ। ਦੁਨੀਆਂ ਦੇ ਵੱਧ ਤੋਂ ਵੱਧ ਦੇਸ਼ ਘੁੰਮ ਚੁੱਕੇ ਜਾਂ ਪਰਵਾਸੀ ਭਾਰਤੀਆਂ ਨਾਲ ਗੱਲ ਕਰਨ 'ਤੇ ਮਹਿਸੂਸ ਹੋਇਆ ਦੇਸ਼ 'ਚ ਸਰੋਤਾਂ ਦੀ ਕਮੀ ਨਹੀਂ ਹੈ,ਪਰ ਗਵਰਨੈਂਸ ਦੀ ਕਮੀ ਹੈ। ਅਜੇ ਕੱਚੇ ਮੁਲਾਜ਼ਮ ਪੱਕੇ ਹੋਣ ਲਈ ਸੰਘਰਸ਼ ਦੇ ਰਾਹ ਤੇ ਸੀ ਅਧਿਆਪਕ,ਸਿਹਤ ਕਰਮੀ ਅਤੇ ਹੋਰ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜ਼ਮ ਜਿਨਾਂ੍ਹ ਨੂੰ ਸਿਰਫ਼ ਇੰਨੀ ਕੁ ਤਨਖਾਹ ਮਿਲਦੀ ਹੈ,ਜੋ ਮਹੀਨੇ ਦੇ ਸ਼ੁਰੂ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਸਿਆਸਤਦਾਨਾਂ ਨੂੰ ਆਪਣੀ ਸਿਆਸਤ ਛੱਡ ਕੇ ਨੌਜਵਾਨਾਂ ਅਤੇ ਦੇਸ਼ ਦੇ ਨਾਗਰਿਕਾਂ ਦੇ ਭਵਿੱਖ ਬਾਰੇ ਵੀ ਸੋਚਣਾ ਚਾਹੀਦਾ ਹੈ।