ਬਹਾਵਵਾਲੀਆ, ਅਬੋਹਰ : ਭਾਰਤੀ ਜਨਤਾ ਪਾਰਟੀ ਵਲੋਂ ਅੱਜ ਐਲਾਨੀ ਗਈ ਉਮੀਦਵਾਰਾਂ ਦੀ ਸੂਚੀ ਤਹਿਤ ਅਬੋਹਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ। ਅਰੁਣ ਨਾਰੰਗ ਨੂੰ ਉਮੀਦਵਾਰ ਬਣਾਏ ਜਾਣ ਨਾਲ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਰੁਣ ਨਾਰੰਗ ਨੇ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੂੰ 3 ਹਜਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਐਤਕੀਂ ਮੁੜ ਭਾਜਪਾ ਵਲੋਂ ਉਨ੍ਹਾਂ ਵਿਚ ਵਿਸ਼ਵਾਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਦੱਸਣਯੋਗ ਹੈ ਕਿ ਅਬੋਹਰ ਵਿਧਾਨ ਸਭਾ ਹਲਕੇ ਵਿਚ ਅਰੋੜਾ ਬਰਾਦਰੀ ਦਾ ਵੱਡਾ ਵੋਟ ਬੈਂਕ ਹੈ। ਜਿਸ ਕਾਰਨ ਪਿਛਲੀ ਵਾਰ ਵੀ ਅਰੁਣ ਨਾਰੰਗ ਨੂੰ ਇੱਥੋਂ ਟਿਕਟ ਇਸੇ ਕਰਕੇ ਦਿੱਤੀ ਗਈ ਸੀ ਤੇ ਉਨ੍ਹਾਂ ਦੀ ਜਿੱਤ ਹੋਣ ਤੋਂ ਬਾਅਦ ਐਤਕੀਂ ਮੁੜ ਅਰੋੜਾ ਕਾਰਡ ਪਾਰਟੀ ਵੱਲੋਂ ਖੇਡਿਆ ਗਿਆ ਹੈ। ਭਾਜਪਾ ਵੱਲੋਂ ਮੁੜ ਦੂਜੀ ਵਾਰ ਟਿਕਟ ਮਿਲਣ ਤੇ ਖੁਸ਼ੀ ਪ੍ਰਗਟ ਕਰਦਿਆਂ ਅਰੁਣ ਨਾਰੰਗ ਨੇ ਕਿਹਾ ਕਿ ਪਾਰਟੀ ਵਲੋਂ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਹ ਇਸ ਸੀਟ ਨੂੰ ਮੁੜ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਸਾਰੇ ਵਰਕਰਾਂ ਤੇ ਹਲਕੇ ਦੇ ਲੋਕਾਂ ਦੀਆਂ ਦੁਆਵਾਂ ਨਾਲ ਉਹ ਇਹ ਸੀਟ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚੇ ਸਨ ਤੇ ਐਤਕੀਂ ਵੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਾਰੰਗ ਨੇ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਅਸੀਂ ਸਾਰੇ ਰਲ ਕੇ ਪੂਰੀ ਮਿਹਨਤ ਨਾਲ ਇਹ ਚੋਣਾਂ ਲੜਾਂਗੇ ਤੇ ਜਿੱਤ ਵੀ ਦਰਜ ਕਰਾਂਗੇ। ਉਧਰ ਵਿਧਾਇਕ ਅਰੁਣ ਨਾਰੰਗ ਟਿਕਟ ਮਿਲਣ ਤੇ ਅਸ਼ੋਕ ਛਾਬੜਾ, ਟੀਟੂ ਛਾਬੜਾ, ਰਿਸ਼ੀ ਨਾਰੰਗ, ਸਿਕੰਦਰ ਕਪੂਰ, ਦਵਿੰਦਰ ਸਿੰਘ ਕਾਕਾ, ਮੰਡਲ ਪ੍ਰਧਾਨ ਗੌਰਵ ਟੱਕਰ ਤੇ ਹੋਰ ਆਗੂਆਂ ਵਲੋਂ ਅਰੁਣ ਨਾਰੰਗ ਨੂੰ ਵਧਾਈ ਦਿੱਤੀ ਗਈ ਹੈ।