ਪਰਮਵੀਰ ਸਿੰਘ, ਖਮਾਣੋਂ : ਅਣਪਛਾਤੇ ਨੰਬਰ ਤੋਂ ਫੋਨ ਕਾਲ ਆਉਂਦੀ ਹੈ। ਹਾਲ-ਚਾਲ ਪੁੱਛਣ ਮਗਰੋਂ ਕਿਹਾ ਜਾਂਦਾ ਕਿ ਮੈਂ ਵਿਦੇਸ਼ ਤੋਂ ਤੁਹਾਡਾ ਰਿਸ਼ਤੇਦਾਰ ਬੋਲਦਾ ਹਾਂ। ਅੱਗੋਂ ਵਾਲਾ ਸਵਾਲ ਕਰਦਾ ਕੌਣ, ਫੋਨ ਕਰਨ ਵਾਲਾ ਕਹਿੰਦਾ ਕਿ ਤੁਸੀਂ ਪਛਾਣੋ, ਪੈਸੇ ਦੀ ਠੱਗੀ ਕਰਨ ਦਾ ਇਹ ਨਵਾਂ ਫਾਰਮੂਲਾ ਸਾਹਮਣੇ ਆ ਰਿਹਾ ਹੈ। ਜੇਕਰ ਤੁਸੀਂ ਅੰਦਾਜ਼ਨ ਫੋਨ ਕਰਨ ਵਾਲੇ ਦੇ ਨਾਮ ਦੀ ਰਿਸ਼ਤੇਦਾਰ ਵਜੋਂ ਪਛਾਣ ਕਰ ਬੈਠੇ ਤਾਂ ਸਮਝੋ ਤੁਸੀਂ ਮਾਇਆ ਜਾਲ 'ਚ ਫਸ ਚੁੱਕੇ ਹੋ।
-------------
ਠੱਗਾਂ ਦੇ ਨਿਸ਼ਾਨੇ 'ਤੇ ਪੇਂਡੂ
ਏਟੀਐੱਮ ਪਾਸਵਰਡ ਹਾਸਲ ਕਰ ਕੇ, ਆਨਲਾਈਨ ਬੈਂਕਿੰਗ ਠੱਗੀ, ਲਾਟਰੀ ਨਿਕਲਣ ਦੇ ਨਾਂ 'ਤੇ ਅਕਸਰ ਲੋਕਾਂ ਨਾਲ ਠੱਗੀਆਂ ਦੇ ਮਾਮਲੇ ਚਰਚਾ 'ਚ ਬਣੇ ਰਹਿੰਦੇ ਹਨ। ਇਸੇ ਨੂੰ ਜਾਰੀ ਰੱਖਦਿਆਂ ਹੁਣ ਠੱਗ ਭੋਲੇ ਪੇਂਡੂਆਂ ਨੂੰ ਨਵੇਂ ਪੈਂਤੜੇ ਰਾਹੀਂ ਆਪਣਾ ਸ਼ਿਕਾਰ ਬਣਾਉਣ ਲੱਗ ਪਏ ਹਨ। ਵਿਦੇਸ਼ ਤੋਂ ਫੋਨ 'ਤੇ ਖੁਦ ਨੂੰ ਰਿਸ਼ਤੇਦਾਰ ਦਸ ਇਹ ਠੱਗ ਲੋਕਾਂ ਨੂੰ ਆਪਣੀਆਂ ਗੱਲਾਂ 'ਚ ਐਸਾ ਉਲਝਾਉਂਦੇ ਹਨ ਕਿ ਬੰਦੇ ਨੂੰ ਠੱਗੀ ਹੋ ਜਾਣ ਮਗਰੋਂ ਹੀ ਗੱਲ ਸਮਝ ਆਉਂਦੀ ਹੈ।
----------
ਸਾਹਮਣੇ ਨਹੀਂ ਆਉਂਦੇ ਸ਼ਿਕਾਰ
ਠੱਗੀ ਦੇ ਸ਼ਿਕਾਰ ਲੋਕ ਆਪਣੇ ਨਾਲ ਬੀਤੀ ਦੇ ਹੱਲ ਲਈ ਕਈ ਵਾਰ ਪੁਲਸ ਕੋਲ ਤਾਂ ਪਹੁੰਚ ਕਰਦੇ ਹਨ ਪਰ ਲੋਕਾਂ ਸਾਹਮਣੇ ਇਸ ਡਰੋਂ ਨਹੀਂ ਆਉਂਦੇ ਕਿ ਉਨਾਂ੍ਹ ਦਾ ਮਖੌਲ ਉਡਾਇਆ ਜਾਵੇਗਾ। ਅਜਿਹੇ 'ਚ ਸ਼ਰਮਿੰਦਗੀ ਦੇ ਡਰੋਂ ਉਹ ਚੁੱਪ ਰਹਿਣਾ ਹੀ ਬਿਹਤਰ ਸਮਝਦੇ ਹਨ।
-------------------
ਚਰਚਾ 'ਚ ਠੱਗੀ ਦੇ ਦੋ ਮਾਮਲੇ
ਬਲਾਕ ਖਮਾਣੋਂ ਨਾਲ ਜੁੜੇ ਦੋ ਅਜਿਹੇ ਠੱਗੀ ਦੇ ਮਾਮਲੇ ਲੋਕਾਂ 'ਚ ਚਰਚਾ 'ਚ ਹਨ। ਇਕ ਮਾਮਲੇ 'ਚ ਵਿਦੇਸ਼ੀ ਰਿਸ਼ਤੇਦਾਰ ਬਣ ਕੇ ਆਨੇ-ਬਹਾਨੇ ਕਰੀਬ ਡੇਢ ਲੱਖ ਦਾ ਰਗੜਾ ਲਾ ਦਿੱਤਾ ਗਿਆ। ਜਦਕਿ ਦੂਜੇ ਮਾਮਲੇ 'ਚ ਕਰੀਬ ਸਾਢੇ ਚਾਰ ਲੱਖ ਦੀ ਠੱਗੀ ਹੋਈ ਦੱਸੀ ਜਾਂਦੀ ਹੈ। ਫਿਲਹਾਲ ਦੋਵੇਂ ਮਾਮਲੇ ਪੁਲਸ ਕੋਲ ਪਹੁੰਚੇ ਦਸੇ ਜਾਂਦੇ ਹਨ।
--------------------
ਪ੍ਰਧਾਨ ਬਾਰ ਐਸੋਸੀਏਸ਼ਨ ਖਮਾਣੋਂ ਐਡਵੋਕੇਟ ਚਰਨਜੀਤ ਸਿੰਘ ਸਿੱਧੂ ਕਹਿੰਦੇ ਹਨ ਕਿ ਠੱਗ ਬੜੇ ਸ਼ਾਤਿਰ ਨੇ, ਇਨਾਂ੍ਹ ਤੋਂ ਬਚਣਾ ਆਮ ਪੇਂਡੂ ਲੋਕਾਂ ਲਈ ਅੌਖਾ ਹੈ। ਅੱਗੇ ਕਿਹਾ ਕਿ ਅਜਿਹੇ ਸ਼ਾਤਿਰ ਲੋਕਾਂ ਤੋਂ ਭੋਲੇ ਲੋਕਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣ ਦੀ ਜ਼ਰੂਰਤ ਹੈ। ਪ੍ਰਸ਼ਾਸਨ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਕਿਸੇ ਤਰੀਕੇ ਜਾਗਰੂਕ ਕੀਤਾ ਜਾਵੇ ਤਾਂ ਜੋ ਆਪਣਾ ਬਚਾਅ ਕਰ ਸਕਣ।