ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਸਰਹਿੰਦ ਦੀ ਬ੍ਰਾਹਮਣ ਬਾਜਰਾ ਬਸਤੀ ਦੀਆਂ ਝੁੱਗੀਆਂ 'ਚ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜ਼ਰੀ ਕੌਰ ਦੀ ਯਾਦ 'ਚ ਸਮਾਜ ਸੇਵੀ ਇੰਜ: ਭਾਨ ਸਿੰਘ ਜੱਸੀ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਮੁਫ਼ਤ ਸਿੱਖਿਆ ਦੇਣ ਦੀ ਸੇਵਾ ਦੇ ਕੇਂਦਰ 'ਚ ਪਹੁੰਚਦਿਆਂ ਭਾਈ ਤੇਜਿੰਦਰ ਸਿੰਘ ਯੂਐੱਸਏ ਨੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਗਾਉਣ ਅਤੇ ਉਨਾਂ੍ਹ ਵੱਲੋਂ ਪੜ੍ਹਾਈ 'ਚ ਕੀਤੀ ਸਖ਼ਤ ਮਿਹਨਤ ਨੂੰ ਵੇਖਦਿਆਂ ਬੱਚਿਆਂ ਅਤੇ ਅਧਿਆਪਕਾਂ ਨੂੰ 31000 ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ। ਉਪਰੰਤ ਸਮਨਦੀਪ ਸਿੰਘ ਯੂਐੱਸਏ ਅਤੇ ਬੇਟੀ ਬੇਅੰਤ ਕੌਰ ਵੱਲੋਂ ਇਨਾਂ੍ਹ ਬੱਚਿਆਂ ਲਈ ਦਿੱਤੀਆਂ ਵਰਦੀਆਂ, ਕਾਪੀਆਂ ਅਤੇ ਰਜਿਸਟਰ ਭੇਟ ਕਰਨ ਦੀ ਸੇਵਾ ਕੀਤੀ ਗਈ। ਇਸ ਮੌਕੇ 'ਤੇਰਾ ਤੇਰਾ ਸੰਸਥਾ ਸੈਕਰਾਮੈਂਟੋ ਯੂਐੱਸਏ' ਦੇ ਮੁੱਖ ਪ੍ਰਬੰਧਕ ਭਾਈ ਤੇਜਿੰਦਰ ਸਿੰਘ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਕੌਰ ਦੀ ਯਾਦ ਵਿੱਚ ਝੁੱਗੀਆਂ ਅਤੇ ਸਲੱਮ ਏਰੀਆ ਵਿਚ ਰਹਿਣ ਵਾਲੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੀ ਚਲਾਈ ਜਾ ਰਹੀ ਸੇਵਾ ਸ਼ਲਾਘਾਯੋਗ ਅਤੇ ਨਿਵੇਕਲਾ ਕਦਮ ਹੈ। ਉਨਾਂ੍ਹ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੰ੍ਥ ਸਾਹਿਬ ਦਾ ਸਿਧਾਂਤ ਦੱਬੇ ਕੁਚਲੇ, ਮਜ਼ਲੂਮ, ਨਿਮਾਣੇ ਤੇ ਨਿਤਾਣੇ ਲੋਕਾਂ ਦੇ ਹੱਕ 'ਚ ਡਟ ਕੇ ਖੜ੍ਹਨ ਵਾਲਾ ਸਿਧਾਂਤ ਹੈ। ਭਾਈ ਤੇਜਿੰਦਰ ਸਿੰਘ ਨੇ ਲੋਕਾਂ, ਖਾਸ ਕਰ ਕੇ ਬਾਬੇ ਨਾਨਕ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਵੰਧ ਦੀ ਸੇਵਾ ਵਿੱਚੋਂ ਕੁਝ ਹਿੱਸਾ ਗਰੀਬ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ 'ਤੇ ਖਰਚਣ ਲਈ ਅੱਗੇ ਆਉਣ। ਇਸ ਮੌਕੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਕਲੱਬ ਦੇ ਆਗੂ ਤੇਜਿੰਦਰ ਸਿੰਘ ਲਾਡੀ, ਬਿਕਰਮਜੀਤ ਸਿੰਘ ਮੁਹਾਲੀ, ਸਿਮਰਨਜੀਤ ਸਿੰਘ ਕੈਨੇਡਾ ਤੇ ਜਗਰੂਪ ਸਿੰਘ ਚਾਂਗਲੀ ਆਦਿ ਮੌਜੂਦ ਸਨ।