ਦੇਸ਼ ਵਿਚ ਸਾਈਲੇਜ ਉਦਯੋਗ ਤੇਜੀ ਨਾਲ ਵੱਧ ਰਿਹਾ ਹੈ। ਸਿਰਫ ਪਸ਼ੂ ਪਾਲਕਾਂ ‘ਚ ਹੀ ਨਹੀਂ, ਸਗੋਂ ਕਿਸਾਨਾਂ ‘ਚ ਚਾਰੇ ਵਾਲੀ ਮੱਕੀ ਬੀਜਣ ਦਾ, ਨਿਵੇਸ਼ਕਾਂ ‘ਚ ਸਾਈਲੇਜ ਸਨਅਤ ਸਥਾਪਿਤ ਕਰਨ ਦਾ ਅਤੇ ਬਹੁਤ ਸਾਰ ਹੋਰ ਉੱਦਮੀਆਂ ‘ਚ ਸਾਈਲੇਜ ਲਈ ਵਰਤੀ ਜਾਣ ਵਾਲੀ ਮਸ਼ੀਨਰੀ ‘ਚ ਨਿਵੇਸ਼ ਕਰਨ ਦਾ ਗਰਾਫ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਪੰਜਾਬ ਦੇ ਪਸ਼ੂ ਪਾਲਕਾਂ ਚ ਆਪਣੇ ਪਸ਼ੂਆਂ ਲਈ ਹਰੇ ਚਾਰੇ ਦੀ ਥਾਂ ਸਾਈਲੇਜ ਦੀ ਵਰਤੋਂ ਦਾ ਰੁਝਾਨ ਵਧਣ ਕਾਰਨ ਇਕ ਸਾਲ ਵਿਚ ਹੀ ਹਰੀ ਮੱਕੀ ਦੇ ਭਾਅ ਚ 40 ਪ੍ਰਤੀਸ਼ਤ ਦਾ ਵਾਧਾ ਹੋ ਗਿਆ ਹੈ ਜਿਸ ਕਾਰਨ ਜਿੱਥੇ ਮੱਕੀ ਉਤਪਾਦਕ ਖੁਸ਼ ਹਨ ਉੱਥੇ ਪਸ਼ੂ ਪਾਲਕਾਂ ਲਈ ਇਹ ਆਰਥਿਕ ਸੱਟ ਵੀ ਹੈ ਕਿਉਂਕਿ ਉਨ੍ਹਾਂ ਨੂੰ ਤੇਜੀ ਨਾਲ ਹਰਮਨ ਪਿਆਰੀ ਹੋ ਰਹੀ ਪਸ਼ੂਆਂ ਦੀ ਇਸ ਮੁੱਖ ਖੁਰਾਕ ਤੇ ਹੁਣ ਦੁੱਗਣੇ ਪੈਸੇ ਖਰਚਨੇ ਪੈਣਗੇ। ਇਸਦੇ ਬਾਵਜੂਦ ਇਹ ਰੁਝਾਨ ਸੂਬੇ ਦੀ ਕਿਸਾਨੀ, ਸਨਅਤ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਵਾਲਾ ਹੈ। ਇਸ ਪੂਰੇ ਵਰਤਾਰੇ ਦੇ ਹਰੇਕ ਪਹਿਲੂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੀ ਹੈ ਪੰਜਾਬੀ ਜਾਗਰਣ ਦੇ ਫਤਹਿਗਡ਼੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ਗਿੱਲ ਦੀ ਇਹ ਰਿਪੋਰਟ
ਕੀ ਹੈ ਸਾਈਲੇਜ
ਸਾਈਲੇਜ ਨੂੰ ਪੰਜਾਬੀ ਚ ਮੱਕੀ ਦਾ ਅਚਾਰ ਵੀ ਕਹਿੰਦੇ ਹਨ। ਮੱਕੀ ਦੀ ਫਸਲ ਨੂੰ ਜਦੋਂ ਛੱਲੀਆਂ ਚਾਬੂ ਹੋ ਜਾਣ ਤਾਂ ਕੱਟ ਕੇ ਤੇ ਇਸ ਦਾ ਕੁਤਰਾ ਕਰਕੇ ਇਸ ਤਰਾਂ ਨਾਲ ਏਅਰ ਟਾਇਟ ਕਰ ਦਿੱਤਾ ਜਾਂਦਾ ਹੈ ਕਿ ਇਸ ਵਿਚ ਆਕਸੀਜਨ ਪ੍ਰਵੇਸ਼ ਨਾ ਕਰ ਸਕੇ। ਇਸ ਮਗਰੋਂ ਫਰਮਟੇਸ਼ਨ ਹੋਣ ‘ਤੇ ਇਸ ਨੂੰ ਲੰਬੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ। ਇਸ ਦੀ ਖੁਰਾਕੀ ਤਾਕਤ ਵੀ ਕਾਫੀ ਵੱਧ ਜਾਂਦੀ ਹੈ ਕਿਉਂਕਿ ਇਸ ਵਿਚ ਮੱਕੀ ਦੇ ਦਾਣੇ ਹੋਣ ਕਾਰਨ ਪ੍ਰੋਟੀਨ ਸਮੇਤ ਹੋਰ ਤੱਤ ਹਰੇ ਚਾਰੇ ਦੇ ਮੁਕਾਬਲੇ ਕਾਫੀ ਵੱਧ ਜਾਂਦੇ ਹਨ ਤੇ ਫਰਮਟੇਸ਼ਨ ਹੋ ਜਾਣ ਕਾਰਨ ਪਸੂਆਂ ਨੂੰ ਹਜ਼ਮ ਵੀ ਜਲਦੀ ਤੇ ਸੌਖਾ ਹੋ ਜਾਂਦਾ ਹੈ।
ਪੰਜਾਬ ਨੇ 1977 ’ਚ ਅਪਣਾਈ ਸੀ ਇਹ ਤਕਨੀਕ
ਡੇਅਰੀ ਵਿਭਾਗ ਚੋ ਬਤੌਰ ਹਰਾ ਚਾਰਾ ਵਿਕਾਸ ਅਫਸਰ ਵਜੋਂ ਸੇਵਾ ਮੁਕਤ ਹੋਏ ਡਾ. ਰਛਪਾਲ ਸਿੰਘ ਨੇ ਦੱਸਿਆ ਕਿ ਸਾਇਲੇਜ ਦੀ ਖੋਜ ਸਭ ਤੋਂ ਪਹਿਲਾਂ ਇੰਗਲੈਂਡ ‘ਚ 1928 ‘ਚ ਹੋਈ ਸੀ ਅਤੇ ਪੰਜਾਬ ‘ਚ ਉਨ੍ਹਾਂ ਨੇ ਸਭ ਤੋਂ ਪਹਿਲਾਂ 1977 ਵਿਚ ਇਸ ਵਿਧੀ ਨੂੰ ਉਸ ਸਮੇ ਅਪਣਾਇਆ ਜਦੋ ਇੰਡੋ-ਸਰਵਿਸ ਡੇਅਰੀ ਪ੍ਰੋਜੈਕਟ ਤਹਿਤ ਵਿਭਾਗ ਵੱਲੋਂ ਉਨ੍ਹਾਂ ‘ਤੇ ਬਲਾਕ ‘ਚ ਸਾਈਲੇਜ ਦੇ ਚਾਰ ਪਿੱਟ ਭਰਵਾਉਣ ਦੀ ਜ਼ਿੰਮੇਵਾਰੀ ਲਗਾਈ। ਡਾ. ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾ ਪਿੱਟ ਉਸ ਸਮੇਂ ਦੇ ਡਿਪਟੀ ਡਾਇਰੈਕਟਰ ਡੇਅਰੀ ਪਟਿਆਲਾ ਬਲਵੰਤ ਸਿੰਘ ਚੱਠਾ ਦੀ ਦੇਖਰੇਖ ‘ਚ ਅਮਲੋਹ ਬਲਾਕ ਦੇ ਪਿੰਡ ਕੌਲਗਡ਼੍ਹ ‘ਚ ਗਰੇਵਾਲ ਡੇਅਰੀ ਫਾਰਮ ‘ਚ ਬਣਵਾਇਆ ਸੀ।
ਸ਼ੁਰੂਆਤੀ ਦੌਰ ’ਚ ਨਹੀਂ ਸੀ ਅਪਣਾਇਆ ਕਿਸਾਨਾਂ ਨੇ
ਸ਼ੁਰੂ ਵਿਚ ਸਹੀ ਮਸ਼ੀਨਰੀ ਉਪਲਬਧ ਨਾ ਹੋਣ ਕਾਰਨ ਪਸ਼ੂ ਪਾਲਕਾਂ ਵਿਚ ਸਾਈਲੇਜ ਦੀ ਵਰਤੋਂ ਦਾ ਡੇਅਰੀ ਵਿਭਾਗ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਬਹੁਤਾ ਰੁਝਾਨ ਨਹੀਂ ਬਣ ਸਕਿਆ ਤੇ ਉਹ ਆਪਣੇ ਪਸ਼ੂਆਂ ਲਈ ਹਰੇ ਚਾਰੇ ਦੀ ਹੀ ਵਧੇਰੇ ਵਰਤੋਂ ਕਰਦੇ ਸਨ। ਜਦੋਂ ਚਾਰੇ ਦੀ ਥੁਡ਼ ਪੈਦਾ ਹੋ ਜਾਂਦੀ ਤਾਂ ਤੂਡ਼ੀ ਦੇ ਨਾਲ ਖੱਲ ਤੇ ਫੀਡ (ਦਾਣੇ) ਦੀ ਵਰਤੋਂ ਕਰਦੇ ਸਨ ਜੋ ਬੇਹੱਦ ਮਹਿੰਗੀ ਹੋਣ ਦੇ ਬਾਵਜੂਦ ਪਸ਼ੂਆਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਨਹੀਂ ਸੀ ਕਰਦੀ। ਪਰ ਹੁਣ ਸਾਧਨ ਵਿਕਸਤ ਹੋਣ ਤੇ ਸਾਈਲੇਜ ਦੀ ਗੁਣਵੱਤਾ ਦੀ ਸਮਝ ਆਉਣ ਕਾਰਨ ਇਸ ਦੀ ਰਾਸ਼ਟਰੀ ਅਤੇ ਸੂਬੇ ਦੀ ਮੰਡੀ ਚ ਮੰਗ ਬੇਹੱਦ ਵੱਧ ਗਈ ਹੈ।
ਕਿਸਾਨਾਂ ’ਚ ਸਾਈਲੇਜ ਦੀ ਮੰਗ ਵਧਣ ਦੇ ਇਹ ਹਨ ਕਾਰਨ
ਪਟਿਆਲਾ ਨਜਦੀਕ ਪਿੰਡ ਕਲਿਆਣ ਚ ਨਵੀਨਤਮ ਤਕਨੀਕ ਦੇ ਡੇਅਰੀ ਫਾਰਮ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਕਾਂ ਲਈ ਇਹ ਵੱਡੀ ਸਮੱਸਿਆ ਸੀ ਕਿ ਉਹ ਆਪਣੇ ਪਸ਼ੂਆਂ ਲਈ ਸਾਰਾ ਸਾਲ ਹਰੇ ਚਾਰੇ ਦਾ ਪ੍ਰਬੰਧ ਨਹੀ ਸਨ ਕਰ ਸਕਦੇ। ਮਈ-ਜੂਨ ਤੇ ਨਵੰਬਰ-ਦਸੰਬਰ ਚ ਹਰੇ ਚਾਰੇ ਦੀ ਭਾਰੀ ਕਿੱਲਤ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਬਹੁਤੇ ਰਾਜਾਂ ਦੇ ਪਸ਼ੂ ਪਾਲਕ ਸੁੱਕੇ ਘਾਹ-ਫੂਸ ਤੇ ਫਸਲਾਂ ਦੀ ਰਹਿੰਦ ਖੂੰਹਦ ਨਾਲ ਪਸ਼ੂਆਂ ਦਾ ਪੇਟ ਭਰਦੇ ਹਨ। ਇਹ ਖੁਰਾਕ ਪੌਸ਼ਟਿਕ ਨਾ ਹੋਣ ਕਾਰਨ ਜਿੱਥੇ ਦੁੱਧ ਦੇਣ ਦੀ ਸਮਰੱਥਾ ਘਟਾ ਦਿੰਦਾ ਹੈ ਉੱਥੇ ਪਸ਼ੂਆਂ ਦੀ ਸਿਹਤ ਵੀ ਕਮਜੋਰ ਹੋ ਜਾਂਦੀ ਹੈ ਜਿਸ ਕਾਰਨ ਸਾਈਲੇਜ ਖੁਰਾਕ ਦੇ ਰੂਪ ‘ਚ ਇਕ ਜਬਰਦਸਤ ਬਦਲ ਦੇ ਰੂਪ ‘ਚ ਉੱਭਰ ਕੇ ਸਾਹਮਣੇ ਆਇਆ ਹੈ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੂਜਾ ਕਾਰਨ ਪਸ਼ੂਆਂ ਨੂੰ ਹਰ ਰੋਜ ਹਰਾ ਚਾਰਾ ਕੱਟ ਕੇ ਪਾਉਣ ਨਾਲੋਂ ਸਾਈਲੇਜ ਪਾਉਣਾ ਬਹੁਤ ਸੌਖਾ ਤੇ ਸਸਤਾ ਪੈਦਾ ਹੈ ਅਤੇ ਇਸ ਦੇ ਨਾਲ ਹੀ ਫੀਡ ਤੇ ਖਲ ਦੀ ਵਰਤੋਂ ਵੀ ਘੱਟ ਜਾਂਦੀ ਹੈ।
ਚਾਰੇ ਦੀ ਵਧਦੀ ਲੋਡ਼ ਪੂਰੀ ਕਰਨ ਲਈ ਵਧੀਆ ਬਦਲ
ਭਵਿੱਖ ਚ ਸਾਈਲੇਜ ਦੀ ਮੰਗ ਹੋਰ ਜਿਆਦਾ ਵਧਣੀ ਯਕੀਨੀ ਹੈ ਕਿਉਂਕਿ 10ਵੀ ਪੰਜ ਸਾਲਾ ਯੋਜਨਾ ਦੇ ਅੰਕਡ਼ਿਆਂ ਮੁਤਾਬਿਕ ਸੰਨ 2020 ਚ ਦੇਸ਼ ਚ ਮੱਝਾਂ ਤੇ ਗਾਵਾਂ ਕੀ ਕੁਲ ਗਿਣਤੀ 314.7 ਮਿਲੀਅਨ ਸੀ ਜੋ ਕਿ ਅਗਲੇ ਪੰਜ ਸਾਲ ‘ਚ 10 ਮਿਲੀਅਨ ਦੇ ਵਾਧੇ ਨਾਲ 324.7 ਮਿਲੀਅਨ ਹੋ ਰਹੀ ਹੈ। ਪੰਜਾਬ ‘ਚ ਇਸ ਸਮੇਂ ਹਾਡ਼ੀ ਤੇ ਸਾਉਣੀ ਦੋਵੇਂ ਫਸਲੀ ਚੱਕਰਾਂ ‘ਚ ਹਰੇ ਚਾਰੇ ਹੇਠਾਂ 0.87 ਮਿਲੀਅਨ ਹੈਕਟਰ ਰਕਬਾ ਹੈ ਜਿਸ ਤੋਂ ਕੁੱਲ 69.7 ਮਿਲੀਅਨ ਟਨ ਦਾ ਉਤਪਾਦਨ ਹੁੰਦਾ ਹੈ ਜਦੋਂ ਕਿ ਲੋਡ਼ 91.1 ਮਿਲੀਅਨ ਟਨ ਦੀ ਹੈ ਜਿਸ ਕਾਰਨ ਹੁਣ ਵੀ 24.8 ਮਿਲੀਅਨ ਟਨ ਦੀ ਘਾਟ ਹੈ ਜਿਸ ਤੋਂ ਸਪਸ਼ਟ ਹੈ ਕਿ ਜਿਸ ਰਫਤਾਰ ਨਾਲ ਦੇਸ ਚ ਪਸ਼ੂਧਨ ‘ਚ ਵਾਧਾ ਹੋ ਰਿਹਾ ਹੈ ਉਸ ਰਫਤਾਰ ਨਾਲ ਚਾਰੇ ਦੇ ਰਕਬੇ ਅਤੇ ਉਤਪਾਦਨ ‘ਚ ਵਾਧਾ ਸੰਭਵ ਨਹੀਂ ਜਿਸ ਕਾਰਨ ਸਾਲ ਵਿਚ ਇਕ ਵਾਧੂ ਫਸਲ ਪੈਦਾ ਕਰਕੇ ‘ਤੇ ਉਸ ਦਾ ਸਾਈਲੇਜ ਬਣਾਉਣਾ ਇੱਕੋ ਇਕ ਬਦਲ ਹੈ ਜੋ ਪਸ਼ੂਆਂ ਦੀ ਖੁਰਾਕੀ ਲੋਡ਼ ਪੂਰੀ ਕਰ ਸਕਦਾ ਹੈ।
ਪੰਜਾਬ ਚ ਆਰਥਿਕ ਕ੍ਰਾਂਤੀ ਦਾ ਅਧਾਰ ਬਣ ਸਕਦਾ ਸਾਈਲੇਜ
ਪੰਜਾਬ ਜੋ ਕਿ ਪਹਿਲਾਂ ਹੀ ਖੇਤੀ ਪ੍ਰਧਾਨ ਸੂਬਾ ਹੈ ਵਿਚ ਸਾਈਲੇਜ ਵਾਲੀ ਮੱਕੀ ਦੀ ਖੇਤੀ ਦਾ ਬਹੁਤ ਵੱਡਾ ਸਕੋਪ ਹੈ। ਕੇਵੀਕੇ ਫਰੀਦਕੋਟ ਚ ਤਾਇਨਾਤ ਪ੍ਰਿੰਸੀਪਲ ਐਕਸਟੈਨਸ਼ਨ ਸਾਇੰਟਿਸਟ ( ਖੇਤੀ ਵਿਗਿਆਨ) ਡਾ. ਹਰਿੰਦਰ ਸਿੰਘ ਅਨੁਸਾਰ ਪੰਜਾਬ ਚ ਕਈ ਫਸਲੀ ਚੱਕਰਾਂ ਚ ਮੱਕੀ ਦੀ ਖੇਤੀ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਜਿਸ ਨਾਲ ਇਸ ਸੂਬੇ ਦੇ ਕਿਸਾਨਾਂ ਦੀ ਆਰਥਿਕਤਾ ਚ ਸੁਧਾਰ ਆਵੇਗਾ ਉੱਥੇ ਪੰਜਾਬ ਚ ਸਾਈਲੇਜ ਅਧਾਰਿਤ ਵੱਡੀ ਸਨਅਤ ਖਡ਼ੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਜਮੀਨ ਤੇ ਜਲਵਾਯੂ ਮੱਕੀ ਦੀ ਖੇਤੀ ਲਈ ਬੇਹੱਦ ਢੁਕਵਾਂ ਹੈ ਅਤੇ ਕਣਕ-ਝੋਨੇ ਦੇ ਫਸਲੀ ਚੱਕਰ ਚ ਅੱਧ ਅਪ੍ਰੈਲ ਤੋਂ ਲੈ ਅੱਧ ਜੁਲਾਈ ਤੱਕ ਜਦੋ ਜਮੀਨ ਵਿਹਲੀ ਹੁੰਦੀ ਵਿਚ ਇਹ ਮੱਕੀ ਉਗਾਈ ਜਾ ਸਕਦੀ ਹੈ ਕਿਉਂਕਿ ਮਾਹਿਰਾਂ ਅਨੁਸਾਰ 80 ਦਿਨਾਂ ਦੀ ਮੱਕੀ ਦਾ ਸਭ ਤੋਂ ਵਧੀਆ ਸਾਈਲੇਜ ਤਿਆਰ ਹੁੰਦਾ ਹੈ ਜਿਸ ਕਾਰਨ ਇੱਥੇ ਰਿਕਾਰਡ ਉਤਪਾਦਨ ਹੋ ਸਕਦਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਨਅਤ ਲਈ ਵੱਖਰੀ ਇਕ ਅਜਿਹੀ ਨੀਤੀ ਬਣਾਈ ਜਾਵੇ ਜਿਸ ਨਾਲ ਨਿਵੇਸਕ ਖੁੱਲ ਕੇ ਨਿਵੇਸ ਕਰਨ।
ਸਾਈਲੇਜ ਬਣਾਉਣ ਵਾਲੇ ਯੂਨਿਟਾਂ ‘ਚ ਤੇਜੀ ਨਾਲ ਹੋ ਰਿਹਾ ਹੈ ਵਾਧਾ
ਜਿੱਥੇ ਪਹਿਲਾਂ ਸਿਰਫ ਕਿਸਾਨ ਹੀ ਆਪਣੇ ਪਸ਼ੂਆਂ ਲਈ ਸਾਈਲੇਜ ਤਿਆਰ ਕਰਦੇ ਸਨ ਹੁਣ ਬਹੁਤ ਸਾਰੇ ਨਿਵੇਸ਼ਕ ਇਸ ਖੇਤਰ ‘ਚ ਆ ਗਏ ਹਨ ਜੋ ਮਾਰਕਿਟ ਲਈ ਸਾਈਲੇਜ ਤਿਆਰ ਕਰਦੇ ਹਨ। ਇਸ ਸਮੇ ਪੰਜਾਬ ਚ ਤਕਰੀਬਨ ਡੇਢ ਸੌ ਦੇ ਕਰੀਬ ਛੋਟੇ ਤੇ ਮੀਡੀਅਮ ਯੂਨਿਟ ਚੱਲ ਰਹੇ ਹਨ ਜਦੋਂ ਕਿ ਅੱਠ ਵੱਡੇ ਯੂਨਿਟ ਚੱਲ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟਾ ਯੂਨਿਟ ਲਗਾਉਣ ਉੱਪਰ 50-60 ਲੱਖ ਰੁਪਏ ਲੱਗਦੇ ਹਨ ਜਦੋਂ ਕਿ ਵੱਡੇ ਯੂਨਿਟ ‘ਤੇ 10 ਕਰੋਡ਼ ਤੋ ਵੱਧ ਦਾ ਨਿਵੇਸ਼ ਹੁੰਦਾ ਹੈ। ਪੰਜਾਬ ਦੇ ਸਭ ਤੋਂ ਵੱਡੇ ਯੂਨਿਟ ਪੰਜਾਬ ਸਾਈਲੇਜ ਕੰਪਨੀ ਰਾਜਪੁਰਾ ਦੇ ਡਾਇਰੈਕਟਰ ਸੀਰਾਜ ਰਾਜਾ ਨੇ ਦੱਸਿਆ ਕਿ ਉਹ ਪੰਜਾਹ ਹਜਾਰ ਟਨ ਸਾਈਲੇਜ ਦਾ ਉਤਪਾਦਨ ਕਰਦੇ ਹਨ ਜਿਸ ਦੀ ਰਾਸ਼ਟਰੀ ਮੰਡੀ ਵਿਚ ਅਸਾਨੀ ਨਾਲ ਖਪਤ ਹੋ ਜਾਂਦੀ ਹੈ। ਮਾਰਕਿਟ ਸਬੰਧੀ ਪੁੱਛਣ ਤੇ ਰਾਜਾ ਨੇ ਦੱਸਿਆ ਕਿ ਰਾਜਸਥਾਨ, ਗੁਜਰਾਤ, ਜੰਮੂ, ਹਿਮਾਚਲ, ਉਤਰਾਖੰਡ ਸਮੇਤ ਹੋਰ ਵੀ ਕਈ ਰਾਜ ਹਨ ਜਿੱਥੇ ਹਰੇ ਚਾਰੇ ਦੀ ਥੁਡ਼ ਰਹਿੰਦੀ ਹੈ ਇਥੇ ਉਨ੍ਹਾਂ ਦੇ ਉਤਪਾਦ ਦੀ ਬੇਹੱਦ ਮੰਗ ਹੈ। ਰਾਜਪੁਰਾ ‘ਚ ਹੀ ਇਕ ਹੋਰ ਵੱਡੇ ਯੂਨਿਟ ਨਿਉਟਰੀਮਿਲ ਸਾਈਲੇਜ ਐਗਰੋ ਵਲੋ ਇਸ ਸਾਲ 60 ਹਜਾਰ ਟਨ ਸਾਈਲੇਜ ਦਾ ਉਤਪਾਦਨ ਕਰਨ ਦਾ ਟੀਚਾ ਹੈ।
ਇਸ ਸਾਲ ਵੱਡੀ ਪੱਧਰ ‘ਤੇ ਵਿਕੀ ਸਾਈਲੇਜ ਬਣਾਉਣ ਵਾਲੀ ਮਸ਼ੀਨਰੀ
ਪੰਜਾਬ ਇਸ ਸਮੇ ਸਾਈਲੇਜ ਦੇ ਤਿੰਨ ਤਰਾਂ ਦੇ ਯੂਨਿਟ ਲੱਗ ਰਹੇ ਹਨ ਜਿਨ੍ਹਾਂ ਚ ਛੋਟੇ, ਦਰਮਿਆਨੇ ਤੇ ਵੱਡੇ ਯੂਨਿਟ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟੇ ਯੂਨਿਟ ‘ਤੇ ਪੰਜਾਹ ਲੱਖ, ਦਰਮਿਆਨੇ ਤੇ ਇਕ ਤੋਂ ਦੋ ਕਰੋਡ਼ ਜਦੋਂ ਕਿ ਵੱਡੇ ਯੂਨਿਟ ‘ਤੇ ਦਸ ਕਰੋਡ਼ ਤੋਂ ਵੱਧ ਲਾਗਤ ਆਉਂਦੀ ਹੈ। ਸੁਨਾਮ ਨੇਡ਼ੇ ਪਿੰਡ ਖਡਿਆਲ ‘ਚ ਐੱਸ ਵੈਲ ਇੰਜੀਨੀਅਰ ਵਰਕਸ ਦੇ ਮਾਲਕ ਜਗਸੀਰ ਖਾਨ ਜੋ ਸਾਈਲੇਜ ਬੇਲਰ ਬਣਾਉਂਦਾ ਹੈ ਨੇ ਦੱਸਿਆ ਕਿ ਉਨ੍ਹਾਂ ਦੀ ਇਕੱਲੀ ਫਰਮ ਵੱਲੋਂ ਇਸ ਵਾਰ 30 ਨਵੇਂ ਬੇਲਰ ਬਣਾ ਕੇ ਵੇਚੇ ਗਏ ਹਨ ਜਦੋਂ ਕਿ 15 ਪੁਰਾਣੇ ਜੋ ਵਿਦੇਸਾਂ ਚੋਂ ਸਕ੍ਰੈਪ ‘ਚ ਆਏ ਸਨ ਨੂੰ ਮੌਡੀਫਾਈ ਕੀਤਾ ਗਿਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਜੇ ਇਕ ਫਰਮ ਵੱਲੋਂ 45 ਨਵੀਆਂ ਮਸ਼ੀਨਾਂ ਤਿਆਰ ਕੀਤੀਆਂ ਗਈਆਂ ਹਨ ਤਾਂ ਦਰਜਨਾਂ ਹੋਰ ਫਰਮਾਂ ਵਲੋ ਵੀ ਮਸ਼ੀਨਾਂ ਵੇਚੀਆਂ ਗਈਆਂ ਹੋਣਗੀਆਂ। ਜੇ ਐੱਸ.ਪੀ. ਐਗਰੋ ਪ੍ਰੋਡਕਟ ਦੇ ਮਾਲਕ ਮਿੰਟੂ ਲਲੌਛੀ ਨੇ ਦੱਸਿਆ ਕਿ ਉਸ ਵੱਲੋਂ ਇਸ ਸਾਲ ਛੋਟੇ ਪੱਧਰ ਤੋਂ ਸਾਈਲੇਜ ਦਾ ਕੰਮ ਸੁਰੂ ਕੀਤਾ ਹੈ ਤੇ ਉਹ ਹਰ ਸਾਲ ਇਸ ਦਾ ਵਿਸਥਾਰ ਕਰਨ ਦਾ ਇੱਛੁਕ ਹੈ
ਮੱਕੀ ਦੇ ਭਾਅ ਚ ਆਇਆ ਵੱਡਾ ਉਛਾਲ
ਕਿਸਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ 30 ਤੋਂ 32 ਹਜਾਰ ਰੁਪਏ ਪ੍ਰਤੀ ਏਕਡ਼ ਇਹ ਮੱਕੀ ਵਿਕੀ ਸੀ ਜਦੋਂ ਕਿ ਇਸ ਸਾਲ ਸ਼ੁਰੂ ਵਿਚ ਹੀ ਰੇਟ ਕਾਫੀ ਉੱਚਾ ਖੁੱਲ੍ਹਿਆ ਹੈ। ਸਮਾਣਾ ਬਲਾਕ ਦੇ ਪਿੰਡ ਕੂਕਾ ਦੇ ਦਲਵੀਰ ਸਿੰਘ ਵਲੋ ਛੇ ਏਕਡ਼ ਹਰੀ-ਮੱਕੀ 45 ਹਜਾਰ ਪ੍ਰਤੀ ਏਕਡ਼ ਵੇਚੀ ਗਈ ਹੈ ਜਿਸ ਦੇ ਹੋਰ ਵਧਣ ਦੀ ਸੰਭਾਵਨਾ ਹੈ। ਭਾਅ ਵਧਣ ਦਾ ਦੂਜਾ ਵੱਡਾ ਕਾਰਨ ਇਸ ਸਾਲ ਪਕਾਵੀਂ ਮੱਕੀ ਦੇ ਭਾਅ ‘ਚ ਆਇਆ ਵੱਡਾ ਉਛਾਲ ਵੀ ਹੈ ਕਿਉਂਕਿ ਮੱਕੀ ਦਾ ਭਾਅ ਅਨਾਜ ਮੰਡੀਆਂ ‘ਚ ਲਗਭਗ 24-25 ਸੌ ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ ਜਿਸ ਕਾਰਨ ਕਿਸਾਨ 45 ਹਜਾਰ ਪ੍ਰਤੀ ਏਕਡ਼ ਤੋਂ ਘੱਟ ਭਾਅ ਤੇ ਹਰੀ ਮੱਕੀ ਵੇਚਣ ਲਈ ਤਿਆਰ ਨਹੀਂ।
ਤੂਡ਼ੀ ਦੇ ਵਧੇ ਭਾਅ ਕਾਰਨ ਵੀ ਦੇ ਰਹੇ ਸਾਈਲੇਜ ਨੂੰ ਪਹਿਲ
ਤੂਡ਼ੀ ਦੇ ਭਾਅ ਨੂੰ ਲੱਗੀ ਅੱਗ ਕਾਰਨ ਵੀ ਪਸ਼ੂ ਪਾਲਕ ਤੂਡ਼ੀ ਦੀ ਥਾਂ ਸਾਈਲੇਜ ਨੂੰ ਤਰਜੀਹ ਦੇਣ ਲੱਗ ਪਏ ਹਨ। ਪਿਛਲੇ ਸਮੇ ‘ਚ ਤੂਡ਼ੀ ਦੇ ਭਾਅ ਆਮ ਤੌਰ ਤੇ ਤਿੰਨ ਚਾਰ ਸੌ ਰੁਪਏ ਪ੍ਰਤੀ ਕੁਇੰਟਲ ਚਲਦਾ ਸੀ ਪਰ ਤੂਡ਼ੀ ਦੀ ਵਰਤੋਂ ਉਦਯੋਗਿਕ ਭੱਠੀਆਂ ‘ਚ ਹੋਣ ਕਾਰਨ ਇਸ ਦਾ ਭਾਅ ਵੱਧ ਕੇ ਹਜਾਰ ਰੁਪਏ ਪ੍ਰਤੀ ਕੁਇੰਟਲ ਨੂੰ ਵੀ ਪਾਰ ਕਰ ਗਿਆ ਹੈ ਜਿਸ ਕਾਰਨ ਪਸ਼ੂ ਪਾਲਕ ਹੁਣ ਤੂਡ਼ੀ ਦੀ ਥਾਂ ਤੇ ਸਾਈਲੇਜ ਵਰਤਣ ਲੱਗ ਪਏ ਹਨ ਕਿਉਂਕਿ ਇਹ ਉਨ੍ਹਾਂ ਨੂੰ ਸਸਤਾ ਹੀ ਨਹੀਂ ਪੈਂਦਾ ਸਗੋਂ ਪੌਸ਼ਟਿਕ ਹੋਣ ਕਾਰਨ ਲਾਹੇਵੰਦ ਵੀ ਹੈ। ਇਸ ਨਾਲ ਪਸ਼ੂਆਂ ਦੀ ਸਿਹਤ ਵੀ ਸੁਧਰਦੀ ਹੈ ਤੇ ਦੁੱਧ ਦੇਣ ਦੀ ਸਮਰੱਥਾ ਵਿਚ ਵੀ ਬਹੁਤ ਵਾਧਾ ਹੁੰਦਾ ਹੈ।
ਸਾਈਲੇਜ ਭੂਮੀਹੀਣ ਪਸ਼ੂ ਪਾਲਕਾਂ ਲਈ ਰਾਮਬਾਣ- ਹੈ
ਦੋ ਮੱਝਾਂ ਤੇ ਇਕ ਗਾਂ ਦੇ ਦੁੱਧ ਨਾਲ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਵਾਲੇ ਗੁਰਮੇਲ ਸਿੰਘ ਪਿੰਡ ਛੰਨਾ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਸੀਜਨ ਦੌਰਾਨ ਖੇਤਾਂ ਚੋਂ ਘਾਹ ਖੋਤਕੇ ਆਪਣੇ ਪਸੂਆਂ ਲਈ ਚਾਰੇ ਦਾ ਪ੍ਰਬੰਧ ਕਰ ਲੈਂਦੇ ਸਨ ਪਰ ਜਦੋਂਂ ਖੇਤਾਂ ‘ਚ ਘਾਹ ਨਹੀਂਂਂ ਮਿਲਦਾ ਤਾਂ ਉਹ ਸਹਿਰੋਂ ਟਾਲ ਤੋਂ ਚਾਰਾ ਖਰੀਦ ਲਿਆਉਂਦੇ ਸਨ ਜਿਸ ਲਈ ਹਰ ਰੋਜ ਜਿੱਥੇ ਦਸ ਕਿਲੋਮੀਟਰ ਦਾ ਪੈਂਡਾ ਤਹਿ ਕਰਨਾ ਪੈਦਾ ਸੀ ਉੱਥੇ ਉਸ ਦਾ ਖਰਚ ਵੀ ਵਿੱਤੋਂ ਬਾਹਰ ਹੋ ਜਾਂਦਾ ਸੀ ਪਰ ਹੁਣ ਉਹ ਇਕ ਵਾਰ ਹੀ ਪੰਜ ਪੰਜ ਕੁਇੰਟਲ ਦੀਆਂ ਮੱਕੀ ਦੇ ਅਚਾਰ ਦੀਆਂ ਦੋ ਗੱਠਾਂ ਸੁਟਵਾ ਲੈਂਦਾ ਹੈ ਜਿਸ ਨਾਲ ਪੰਦਰਾਂ ਵੀਹ ਦਿਨ ਅਰਾਮ ਨਾਲ ਨਿਕਲ ਜਾਂਦੇ ਹਨ। ਇਹ ਹਰੇ ਨਾਲੋਂ ਵਧੀਆ ਰਹਿੰਦਾ ਹੈ ਅਤੇ ਸਸਤਾ ਤੇ ਸੌਖਾ ਵੀ ਹੈ।
ਹਰੇ ਚਾਰੇ ਦਾ ਵਧੀਆ ਬਦਲ ਹੈ ਸਾਈਲੇਜ
ਪਸੂ ਪਾਲਣ ਵਿਭਾਗ ਪੰਜਾਬ ਦੇ ਖੇਤੀਬਾਡ਼ੀ ਵਿਕਾਸ ਅਫਸਰ ਖੁਰਾਕ ਤੇ ਚਾਰਾ ਹਰਬੰਸ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਪਸ਼ੂ ਪਾਲਕ ਮੱਕੀ ਨੂੰ ਜਦੋਂ ਛੱਲੀਆਂ ‘ਚ ਦਾਣੇ ਭਰ ਜਾਣ ਉਸ ਸਮੇਂ ਕੱਟ ਕੇ ਪਸ਼ੂਆਂ ਨੂੰ ਪਾਉਂਦੇ ਹਨ ਤਾਂ ਇਸ ਦੇ ਖੁਰਾਕੀ ਤੱਤ ਸਾਈਲੇਜ ਦੇ ਲਗਭਗ ਬਰਾਬਰ ਹੀ ਹੁੰਦੇ ਹਨ ਪਰ ਇਹ ਸੰਭਵ ਨਹੀਂ ਕਿਉਂਕਿ ਇੱਕੋ ਦਿਨ ਸਾਰਾ ਹਰਾ ਚਾਰਾ ਨਹੀ ਕੱਟਿਆ ਜਾ ਸਕਦਾ ਜਿਸ ਕਾਰਨ ਖੁਰਾਕੀ ਤੱਤ ਵੀ ਇਕਸਾਰ ਨਹੀ ਰਹਿੰਦੇ ਜਿਸ ਲਈ ਸਾਈਲੇਜ ਇਕ ਵਧੀਆ ਬਦਲ ਹੈ। ਉਨ੍ਹਾਂ ਦੱਸਿਆ ਕਿ ਜਵਾਰ ਐੱਸ ਐਲ 45 ਵੀ ਪੌਸ਼ਟਿਕ ਸਾਈਲੇਜ ਲਈ ਚੰਗੀ ਫਸਲ ਹੈ ਅਤੇ ਜਿਨ੍ਹਾਂ ਖੇਤਰਾਂ ‘ਚ ਪਾਣੀ ਦੀ ਕਮੀ ਹੈ ਉਨ੍ਹਾਂ ‘ਚ ਬਾਜਰੇ ਦੀ ਪੀਸੀਵੀ 166 ਕਿਸਮ ਦਾ ਸਾਈਲੇਜ ਬਣਾਇਆ ਜਾ ਸਕਦਾ ਹੈ।