ਜ.ਸ., ਅੰਮਿ੍ਤਸਰ : ਖ਼ੁਦ ਨੂੰ ਪਰਦੇਸ ਵਿਚ ਲੁਕੇ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਗੁਰਗਾ ਦੱਸ ਕੇ ਹੁਣ ਪਿੰਡ ਚਵਿੰਡਾ ਦੇਵੀ ਦੇ ਆੜ੍ਹਤੀ ਮੁਨੀਸ਼ ਕੁਮਾਰ ਤੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਵ੍ਹਟਸਐਪ ਕਾਲ ਸੁਣਨ ਪਿੱਛੋਂ ਆੜ੍ਹਤੀ ਤੇ ਉਸ ਦਾ ਪਰਿਵਾਰ ਸਹਿਮਿਆ ਹੋਇਆ ਹੈ।
ਦੂਜੇ ਪਾਸੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਰਿਕਾਰਡ ਸਾਈਬਰ ਸ਼ਾਖਾ ਨੂੰ ਭੇਜ ਦਿੱਤਾ ਗਿਆ ਹੈ। ਫ਼ਿਲਹਾਲ ਅਣਪਛਾਤੇ ਅਨਸਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਕੱਥੂਨੰਗਲ ਦੀ ਪੁਲਿਸ ਨੂੰ ਚਵਿੰਡਾ ਦੇਵੀ ਵਾਸੀ ਮੁਨੀਸ਼ ਨੇ ਦੱਸਿਆ ਕਿ ਉਹ ਆੜ੍ਹਤੀ ਹੈ ਤੇ ਹੱਟੀ ਵੀ ਚਲਾਉਂਦਾ ਹੈ। ਸ਼ੁੱਕਰਵਾਰ ਦੁਪਹਿਰੇ ਇਕ ਵਜੇ ਉਹ ਆਪਣਾ ਕੰਮ ਕਰ ਰਿਹਾ ਸੀ ਤੇ ਇਸ ਦੌਰਾਨ ਕਿਸੇ ਅਣਪਛਾਤੇ ਵ੍ਹਟਸਐਪ ਨੰਬਰ ਤੋਂ ਕਾਲ ਆਈ।
ਮੁਲਜ਼ਮ ਨੇ ਆਪਣੇ ਆਪ ਨੂੰ ਵਿਦੇਸ਼ ਵਿਚ ਬੈਠੇ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਦਾ ਗੁਰਗਾ ਦੱਸਿਆ ਤੇ ਦਸ ਲੱਖ ਦੀ ਫਿਰੌਤੀ ਮੰਗਣ ਲੱਗ ਪਿਆ। ਜਦੋਂ ਸ਼ਿਕਾਇਤ ਕਰਤਾ ਨੇ ਮੁਲਜ਼ਮ ਦਾ ਵਿਰੋਧ ਕੀਤਾ ਤਾਂ ਵ੍ਹਟਸਐਪ ਕਾਲਰ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਤਾਂ ਉਹ ਗੋਲੀ ਮਾਰ ਦੇਵੇਗਾ। ਇੰਨਾ ਹੀ ਨਹੀਂ ਗੈਂਗਸਟਰ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਕਾਲੇ ਰੰਗ ਦੀ ਸਕਾਰਪੀਓ ਵਿਚ ਘੁੰਮਦਾ ਹੈ ਤੇ ਸਾਰੀ ਜਾਣਕਾਰੀ ਰੱਖਦਾ ਹੈ।