ਫਤਹਿਗੜ੍ਹ ਸਾਹਿਬ, ਹਰਪ੍ਰੀਤ ਸਿੰਘ ਗਿੱਲ : ਇਸ ਸਾਲ ਸੂਰਜਮੁਖੀ ਦੀ ਫਸਲ ਤੇ ਲਗਾਤਾਰ ਕਰੋਪੀ ਚੱਲ ਰਹੀ ਹੈ। ਫਸਲ ਦੇ ਐਨ ਪੱਕਣ ਸਮੇਂ ਇਸ ਉੱਪਰ ਕਈ ਤਰਾਂ ਦੀਆਂ ਸੁੰਡੀਆਂ ਤੇ ਰਸਚੂਸਕ ਕੀਟਾਂ ਨੇ ਹਮਲਾ ਕਰ ਦਿੱਤਾ ਹੈ ਜੋ ਕਿਸਾਨਾਂ ਵੱਲੋਂ ਮਹਿੰਗੇ ਰਸਾਇਣ ਵਰਤਣ ਨਾਲ ਵੀ ਕਾਬੂ ਨਹੀਂ ਆ ਰਹੇ ਜਿਸ ਕਾਰਨ ਸੂਰਜਮੁਖੀ ਉਤਪਾਦਕ ਮੰਡੀ ’ਚ ਭਾਅ ਵੱਧ ਮਿਲਣ ਦੇ ਬਾਵਜੂਦ ਭਾਰੀ ਆਰਥਿਕ ਨੁਕਸਾਨ 'ਚ ਹਨ।
ਵਰਨਣਯੋਗ ਹੈ ਕਿ ਇਸ ਸਾਲ ਮਿਆਰੀ ਬੀਜ ਨਾ ਮਿਲਣ ਕਾਰਨ ਤੇ ਫਿਰ ਬਿਜਾਈ ਸਮੇ ਹੀ ਮੀਂਹ ਪੈਣ ਕਾਰਨ ਤੇ ਫੁੱਲ ਨਿਕਲਣ ਸਮੇ ਇਸ ‘ਤੇ ਹੋਏ ਤੋਤਿਆਂ ਦੇ ਹਮਲੇ ਨੇ ਕਿਸਾਨਾਂ ਦੇ ਨੱਕ ‘ਚ ਦਮ ਕਰੀ ਰੱਖਿਆ ਤੇ ਹੁਣ ਪੱਕਣ ਦੇ ਅੰਤਿਮ ਦਿਨਾਂ ਚ ਕੀਟਾਂ ਦੇ ਹੋਏ ਤਾਜ਼ਾ ਹਮਲੇ ਨੇ ਜਿੱਥੇ ਕਿਸਾਨਾਂ ’ਤੇ ਆਰਥਿਕ ਬੋਝ ਪਾ ਦਿੱਤਾ ਹੈ ਉੱਥੇ ਇਸ ਦੇ ਝਾੜ ’ਚ ਭਾਰੀ ਕਮੀ ਹੋਣ ਦੇ ਆਸਾਰ ਬਣ ਗਏ ਹਨ। ਇਸ ਮਾਰੂ ਹਮਲੇ ਕਾਰਨ ਫੁੱਲ ਸਮੇਂ ਤੋਂ ਪਹਿਲਾਂ ਹੀ ਸੁੱਕ ਰਹੇ ਹਨ ਜਿਸ ਕਾਰਨ ਝਾੜ ’ਚ ਗੰਭੀਰ ਰੂਪ ਨਾਲ ਕਮੀ ਆਉਣ ਦਾ ਡਰ ਹੈ।
ਤੇਲ ਬੀਜ ਦੀ ਇਸ ਫਸਲ ਉੱਪਰ ਹੋਏ ਇਸ ਹਮਲੇ ਸਬੰਧੀ ਅਮਲੋਹ ਬਲਾਕ ਦੇ ਪਿੰਡ ਹਰੀਪੁਰ ਦੇ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਖੇਤਾਂ 'ਚ ਵੀ ਇਨ੍ਹਾਂ ਕੀਟਾਂ ਨੇ ਗੰਭੀਰ ਹਮਲਾ ਕੀਤਾ ਹੈ ਜਿਸ ਕਾਰਨ ਬਹੁਤ ਸਾਰੇ ਫੁੱਲਾਂ ਵਿਚ ਦਾਣਾ ਹੀ ਨਹੀਂ ਪਿਆ ਤੇ ਇਹ ਖੇਤ 'ਚ ਸਿੱਧੇ ਹੀ ਖੜ੍ਹੇ ਰਹੇ। ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਆਪਣੇ ਖੇਤਾਂ ਵਿਚ ਕੀਟਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਪਰ ਕੀਟ ਖ਼ਤਮ ਨਹੀ ਹੋਏ।
12 ਤੋਂ ਘੱਟ ਕੇ 5 ਕੁਇੰਟਲ ਹੋਇਆ ਝਾੜ
ਹਰੀਪੁਰ ਪਿੰਡ ਦੇ ਇਕ ਹੋਰ ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਫਸਲ ਤੇ ਇਸ ਸਾਲ ਕਈ ਤਰਾਂ ਦੀਆਂ ਆਈਆਂ ਮਹਾਂਮਾਰੀਆਂ ਕਾਰਨ ਉਸ ਵਲੋ ਦੋ ਦਿਨ ਪਹਿਲਾਂ ਕੱਟੀ ਫਸਲ ਦਾ ਝਾੜ ਪੰਜ ਕੁਇੰਟਲ ਪ੍ਰਤੀ ਏਕੜ ਆਇਆ ਹੈ ਜਦੋਂਕਿ ਪਿਛਲੇ ਸਾਲਾਂ ਵਿਚ ਹਰ ਸਾਲ ਝਾੜ 10-12 ਕੁਇੰਟਲ ਪ੍ਰਤੀ ਏਕੜ ਆਉਂਦਾ ਰਿਹਾ ਹੈ। ਇਸੇ ਪਿੰਡ ਦੇ ਇਕ ਹੋਰ ਕਿਸਾਨ ਹਜਾਰਾ ਸਿੰਘ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਝਾੜ ਅੱਧਾ ਰਹਿਣ ਦੀ ਪੁਸ਼ਟੀ ਕੀਤੀ ਹੈ।
ਖੁਰਾਕੀ ਤੇਲ ਦੇ ਭਾਅ ਵਿਚ ਤੇਜ਼ੀ ਨੂੰ ਦੇਖਦੇ ਹੋਏ ਜਿਨ੍ਹਾਂ ਕਿਸਾਨਾਂ ਨੇ ਇਹ ਸੋਚ ਕੇ ਸੂਰਜਮੁਖੀ ਦੀ ਕਾਸ਼ਤ ਕੀਤੀ ਸੀ ਕਿ ਉਨ੍ਹਾਂ ਨੂੰ ਇਸ ਤੇਜ਼ੀ ਨਾਲ ਚੰਗਾ ਮੁਨਾਫਾ ਹੋਵੇਗਾ ਉਨ੍ਹਾਂ ਦੀਆਂ ਆਸਾਂ ਤੇ ਬਾਜ਼ਾਰ 'ਚ ਤੇਜ਼ੀ ਹੋਣ ਦੇ ਬਾਵਜੂਦ ਹੁਣ ਘਟੇ ਝਾੜ ਨੇ ਪਾਣੀ ਫੇਰ ਦਿੱਤਾ ਹੈ।
6200 ਹੈ ਮੌਜੂਦਾ ਭਾਅ, 7000 ਤਕ ਜਾਣ ਦੀ ਸੰਭਾਵਨਾ
ਏਸ਼ੀਆ ਦੀ ਸਭ ਤੋ ਵੱਡੀ ਅਨਾਜ ਮੰਡੀ ਖੰਨਾ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਪੁਸ਼ਟੀ ਕੀਤੀ ਕਿ ਇਸ ਵਾਰ ਸ਼ੁਰੂ ਚ ਹੀ ਸੂਰਜਮੁਖੀ ਦਾ ਭਾਅ 6100-6200 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ ਪਰ ਆ ਰਹੀ ਫਸਲ ਦੀ ਕੁਆਲਟੀ ਪਿਛਲੇ ਸਾਲਾਂ ਜਿਹੀ ਨਹੀਂ ਹੈ ਅਤੇ ਇਸ ਵਿਚ ਤੇਲ ਦੀ ਮਾਤਰਾ ਵੀ ਘਟਣ ਦਾ ਖਦਸ਼ਾ ਹੈ। ਰਾਜਪੁਰਾ ਮੰਡੀ ਦੇ ਇਕ ਹੋਰ ਆੜ੍ਹਤੀ ਨਰਿੰਦਰ ਕੁਮਾਰ ਨੇ ਦੱਸਿਆਂ ਕਿ ਇਸ ਸਮੇਂ ਭਾਅ 6300 ਰੁਪਏ ਤਕ ਲੱਗ ਰਿਹਾ ਹੈ ਪਰ ਜੇ ਅਗਲੇ ਦਿਨਾਂ ਵਿਚ ਕੁਆਲਿਟੀ 'ਚ ਸੁਧਾਰ ਹੋ ਗਿਆ ਤਾਂ ਤੇਲ ਦੇ ਹਿਸਾਬ ਨਾਲ ਭਾਅ 7000 ਨੂੰ ਵੀ ਪਾਰ ਕਰ ਸਕਦਾ। ਇਨ੍ਹਾਂ ਦੋਵਾਂ ਵਪਾਰੀਆਂ ਨੇ ਦੱਸਿਆ ਕਿ ਜੋ ਵੀ ਕਿਸਾਨ ਹੁਣ ਤਕ ਮੰਡੀ 'ਚ ਫਸਲ ਲੈ ਕੇ ਆਏ ਹਨ, ਉਨ੍ਹਾਂ ਵਿਚੋਂ ਕੋਈ ਝਾੜ ਨੂੰ ਲੈ ਕੇ ਸੰਤੁਸ਼ਟ ਨਹੀ ਸਗੋ ਸਾਰੇ ਹੀ ਝਾੜ ਅੱਧਾ ਰਹਿ ਜਾਣ ਦੀ ਗੱਲ ਕਰ ਰਹੇ ਹਨ।