ਰਾਜਿੰਦਰ ਸਿੰਘ ਭੱਟ, ਫ਼ਤਿਹਗੜ੍ਹ ਸਾਹਿਬ : ਬੁੱਧਵਾਰ ਤੋਂ ਪੰਜਾਬ ਭਰ ਵਿਚ ਭਾਰੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ। ਕਈਂ ਥਾਈਂ ਕਣਕ, ਗੋਭੀ ਅਤੇ ਹੋਰ ਫਸਲਾਂ ਦੇ ਖੇਤ 'ਚ ਪਾਣੀ 'ਚ ਡੁੱਬਣ ਕਾਰਨ ਖਾਸ ਕਰ ਕੇ ਸਬਜ਼ੀਆਂ ਦੀ ਫ਼ਸਲ ਨੂੰ ਭਾਰੀ ਹੋਇਆ ਨੁਕਸਾਨ ਹੋਇਆ ਹੈ। ਫ਼ਤਹਿਗੜ੍ਹ ਸਾਹਿਬ ਹਲਕੇ ਦੇ ਆਸ-ਪਾਸ ਪਿੰਡਾਂ ਵਿਚ ਜ਼ਿਆਦਾਤਰ ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਤੇ ਇਸ ਹਲਕੇ ਵਿਚ ਇਸ ਮੌਸਮ ਵਿਚ ਕਿਸਾਨ ਗੋਭੀ, ਆਲੂ ਅਤੇ ਹੋਰ ਸਬਜ਼ੀਆਂ ਦੀ ਫ਼ਸਲ ਲਾਉਂਦੇ ਹਨ। ਬੀਤੇ ਚਾਰ ਦਿਨਾਂ ਤੋਂ ਰੁਕ-ਰੁਕ ਕੇ ਤੇ ਬੀਤੀ ਰਾਤ ਪਏ ਭਾਰੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਸਰਹਿੰਦ ਸ਼ਹਿਰ ਦੇ ਕਿਸਾਨਾਂ ਕੰਵਲਜੀਤ ਸਿੰਘ ਨੇ ਦੱਸਿਆ ਕਿ ਬਾਰਿਸ਼ ਦੇ ਪਾਣੀ ਨਾਲ ਕਣਕ, ਆਲੂ, ਗੋਭੀ ਤੇ ਹੋਰ ਫ਼ਸਲਾਂ ਦੇ ਖੇਤ ਨੱਕੋ ਨੱਕ ਭਰ ਚੁੱਕੇ ਹਨ। ਪਾਣੀ ਨਾਲ ਨੀਂਵੇਂ ਇਲਾਕਿਆਂ ਵਿਚ ਫ਼ਸਲਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਖੇਤਾਂ ਵਿਚੋਂ ਪਾਣੀ ਕੱਢਣ ਲਈ ਕਿਸਾਨਾਂ ਨੂੰ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਕਿਸਾਨਾਂ ਦਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਦਾ ਭਾਰੀ ਬਾਰਿਸ਼ ਨਾਲ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਵੀ ਦੇਵੇ।
ਇਸ ਸਬੰਧੀ ਜਦੋਂ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਲੂ ਅਤੇ ਗੋਭੀ ਦੀ ਫ਼ਸਲ ਲਈ ਇਹ ਬਾਰਿਸ਼ ਕਾਫੀ ਨੁਕਸਾਨਦਾਇਕ ਹੈ। ਕਣਕ ਦੀ ਫ਼ਸਲ ਵੀ ਅਜੇ ਉਹ ਛੋਟੀ ਹੋਣ ਕਾਰਨ ਜੇਕਰ ਪਾਣੀ ਵਿਚ ਡੁੱਬਦੀ ਹੈ ਤਾਂ ਕਣਕ ਦੀ ਫਸਲ ਲਈ ਵੀ ਇਹ ਬਾਰਿਸ਼ ਕਾਫੀ ਨੁਕਸਾਨਦਾਇਕ ਸਾਬਤ ਹੋਵੇਗੀ, ਪਰ ਕਣਕ ਦੀ ਫਸਲ ਨੂੰ ਦੂਸਰਾ ਪਾਣੀ ਲੱਗਣਾ ਬਾਕੀ ਸੀ।