ਕੇਵਲ ਸਿੰਘ,ਅਮਲੋਹ
ਸਮੇਂ ਦੇ ਗੇੜ ਕਾਰਨ, ਭਾਵੇਂ ਜ਼ਿੰਦਗੀ ਦੇ ਪਹੀਏ ਨੂੰ ਪਹਿਲੀ ਵਾਰ ਤੇਜ਼ ਗਤੀ ਦੇਣ ਵਾਲੇ ਸਾਇਕਲ ਦੀ ਹੋਂਦ 'ਤੇ ਧੂੜ ਪੈ ਗਈ ਸੀ ਪਰ ਨੋਬਲ ਕੋਰੋਨਾ ਵਾਇਰਸ ਕਾਰਨ ਇਸ ਆਮ ਆਦਮੀ ਦੀ ਸਵਾਰੀ ਦੀਆਂ ਮੁੜ ਕੁੱਲ ਦੁਨੀਆਂ ਵਿਚ ਜੜ੍ਹਾਂ ਲੱਗਣ ਲੱਗ ਪਈਆਂ ਹਨ, ਕਿਉਂਕਿ ਅੰਤਰ ਰਾਸ਼ਟਰੀ ਪੱਧਰ 'ਤੇ ਹਾਲਾਤ ਅਜਿਹੇ ਬਣ ਗਏ ਹਨ ਕਿ ਹਰ ਚੇਤੰਨ ਵਿਅਕਤੀ ਨੂੰ ਬਾਈ-ਸਾਇਕਲ ਦੀ ਲੋੜ ਹੀ ਮਹਿਸੂਸ ਨਹੀਂ ਹੋ ਰਹੀ ਸਗੋਂ ਸਿਹਤਮੰਦ ਜ਼ਿੰਦਗੀ ਜਿਊਣ ਲਈ ਇਹ ਇਕ ਵੱਡੀ ਜ਼ਰੂਰਤ ਬਣ ਗਿਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਸਾਇਕਲ ਦੀ ਕਾਢ ਲਈ ਇਤਿਹਾਸ ਵਿਚ ਕੋਈ ਇਕ ਮੱਤ ਨਹੀਂ ਪਰ ਅਨੁਮਾਨ ਹੈ ਕਿ ਇਸ ਦੀ ਕਾਢ 1816-17 ਈਸਵੀ 'ਚ ਹੋਈ ਤੇ ਸ਼ੁਰੂ ਵਿਚ ਸਾਇਕਲ ਲੱਕੜੀ ਦੇ ਹੁੰਦੇ ਸਨ ਜਿਨ੍ਹਾਂ ਨੂੰ ਪੈਰਾ ਨਾਲ ਧੱਕ ਕੇ ਚਲਾਇਆ ਜਾਂਦਾ ਸੀ ਪਰ ਅੱਜ ਸਾਇਕਲ ਦੀ ਤਕਨੀਕ ਵਿਕਸਤ ਹੁੰਦੇ ਹੁੰਦੇ ਹਾਈਬ੍ਰੈਡ ਸਾਇਕਲ ਤੱਕ ਪਹੁੰਚ ਗਈ ਹੈ। ਦੁਨੀਆਂ ਭਰ ਵਿਚ ਹਰ ਸਾਲ ਦਸ ਕਰੋੜ ਸਾਇਕਲ ਵਿਕਦੇ ਹਨ ਅਤੇ ਦੁਨੀਆਂ ਵਿਚ ਸਾਇਕਲ ਦੀ ਵਰਤੋਂ ਸਭ ਤੋਂ ਵੱਧ ਚੀਨ ਵਿਚ ਕੀਤੀ ਜਾਂਦੀ ਹੈ ਜਿੱਥੇ 1000 ਵਿਅਕਤੀਆਂ ਪਿੱਛੇ 149 ਸਾਇਕਲ ਹਨ ਤੇ ਸਾਡੇ ਦੇਸ਼ 'ਚ ਇਹ ਅੰਕੜਾ 1000 ਪਿੱਛੇ ਸਿਰਫ਼ 90 ਸਾਇਕਲਾਂ ਦਾ ਸੀ। ਜਿਸ ਵਿਚ ਕੋਰੋਨਾ-19 ਵਾਇਰਸ ਕਾਰਨ ਹੈਰਾਨੀ ਜਨਕ ਵਾਧਾ ਹੋਇਆ ਹੈ। ਪ੍ਰਰਾਪਤ ਅੰਕੜਿਆਂ ਅਨੁਸਾਰ ਇਸ ਬਿਮਾਰੀ ਤੋਂ ਬਾਅਦ ਸਾਇਕਲ ਦੀ ਮੰਗ ਵਿਚ 60-65 ਫੀਸਦੀ ਦਾ ਵਾਧਾ ਹੋਇਆ ਹੈ ਕਿਉਂਕਿ ਇਸ ਬਿਮਾਰੀ ਦੇ ਕਾਰਨ ਆਵਾਜਾਈ ਦੇ ਰੋਜਮਰਾ ਦੇ ਜਨਤਕ ਸਾਧਨ ਇਕ ਵਾਰ ਬਿਲਕੁਲ ਠੱਪ ਹੋ ਗਏ ਜਿਸ ਕਾਰਨ ਆਮ ਲੋਕਾਂ ਖ਼ਾਸ ਕਰ ਕੇ ਪ੍ਰਵਾਸੀ ਮਜ਼ਦੂਰਾਂ ਵਿੱਚ ਆਪੋ ਆਪਣੇ ਘਰੀ ਜਾਣ ਲਈ ਸਾਇਕਲ ਦੀ ਮੰਗ ਇਕ ਦਮ ਚਰਮਸੀਮਾ 'ਤੇ ਪਹੁੰਚ ਗਈ, ਆਵਾਜਾਈ ਦੇ ਜਨਤਕ ਸਾਧਨ ਇਸ ਸਮੇਂ ਭਾਵੇਂ ਮੁੜ ਗਤੀਸ਼ੀਲ ਹੋ ਗਏ ਹਨ ਪਰ ਆਮ ਲੋਕ ਜਿਨ੍ਹਾਂ ਵਿਚ ਕਲਾਸ ਫੋਰ ਤੋਂ ਲੈ ਕੇ ਆਲਾ-ਅਫਸਰਾਂ ਤੱਕ ਕੋਈ ਵੀ ਇਸ ਬਿਮਾਰੀ ਦੀ ਦਹਿਸ਼ਤ ਕਾਰਨ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਨ ਦਾ ਜੋਖ਼ਮ ਨਹੀਂ ਉਠਾ ਰਿਹਾ। ਇਸ ਸਮੇਂ ਹਾਲਾਤ ਇਹ ਬਣ ਗਏ ਹਨ ਕਿ ਇਕ ਜੂਨ ਤੋਂ ਬਾਅਦ ਕਲਕੱਤਾ ਵਿਚ ਤਕਰੀਬਨ 15 ਲੱਖ ਲੋਕਾਂ ਨੇ ਸਾਇਕਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਪ੍ਰਰਾਪਤ ਅੰਕੜਿਆਂ ਅਨੁਸਾਰ ਬੰਗਲੁਰੂ 'ਚ ਵੀ ਸਾਇਕਲ ਦੀ ਮੰਗ 50 ਪ੍ਰਤੀਸ਼ਤ ਤੱਕ ਵੱਧ ਗਈ ਹੈ ਇਹੋ ਹਾਲ ਦੇਸ਼ ਦੇ ਬਾਕੀ ਕਸਬਿਆਂ ਤੇ ਸ਼ਹਿਰਾਂ ਦਾ ਹੈ। ਮੰਗ ਵਧਣ ਪਿੱਛੇ ਮਾਹਰ ਸਿਰਫ਼ ਆਵਾਜਾਈ ਦੀ ਜ਼ਰੂਰਤ ਨੂੰ ਹੀ ਨਹੀਂ ਮੰਨਦੇ ਸਗੋਂ ਉਨ੍ਹਾਂ ਅਨੁਸਾਰ ਕੋਵਿਡ-19 ਬਿਮਾਰੀ ਕਾਰਨ ਜਿੰਮ, ਸਵੀਮਿੰਗਪੂਲ ਬੰਦ ਹੋ ਗਏ ਹਨ ਅਤੇ ਲੋਕ ਵਰਜ਼ਿਸ਼ ਲਈ ਸਟੇਡੀਅਮਾਂ 'ਚ ਜਾਣ ਤੋਂ ਵੀ ਡਰਦੇ ਹਨ ਕਿਉਂਕਿ ਉੱਥੇ ਸੋਸ਼ਲ ਡਿਸਟੈਂਸ ਬਣਾਈ ਰੱਖਣਾ ਮੁਸ਼ਕਲ ਹੈ ਇਸ ਲਈ ਆਮ ਲੋਕ ਵਰਜ਼ਿਸ਼ ਲਈ ਸਾਇਕਲ ਨੂੰ ਸਭ ਤੋਂ ਯੋਗ ਸਾਧਨ ਮੰਨਣ ਲੱਗ ਪਏ ਹਨ ਤੇ ਉਂਝ ਵੀ ਸਿਹਤ ਮਾਹਰਾਂ ਵੱਲੋਂ ਵੱਖੋ ਵੱਖ ਸੰਚਾਰ ਸਾਧਨਾਂ ਰਾਹੀਂ ਲੋਕਾਂ ਨੂੰ ਅਮਿਉਨਟੀ ਵਧਾਉਣ ਲਈ ਕਸਰਤ ਕਰਨ ਦਾ ਇਨ੍ਹਾਂ ਦਿਨਾਂ ਵਿਚ ਬਹੁਤ ਜ਼ਿਆਦਾ ਪ੍ਰਚਾਰ ਹੋਇਆ ਹੈ। ਮਨਿਸਟਰੀ ਆਫ਼ ਹਾਊਸਿੰਗ ਐਂਡ ਅਰਬਨ ਅਫੇਅਰਜ਼ ਵੱਲੋਂ ਵੀ ਪਿਛਲੇ ਸਮੇਂ 'ਚ ਇਕ ਅਡਵਾਇਜਰੀ ਜਾਰੀ ਕੀਤੀ ਗਈ ਹੈ ਕਿ ਜੇਕਰ ਛੋਟੇ ਪੈਂਡੇ ਦੇ ਸਫ਼ਰ ਲਈ ਲੋਕ ਸਾਇਕਲ ਦੀ ਵਰਤੋਂ ਕਰਨ ਤਾਂ ਭਾਰਤੀ ਅਰਥ ਵਿਵਸਥਾ ਨੂੰ 1.8 ਟ੍ਲੀਅਨ ਦਾ ਫ਼ਾਇਦਾ ਹੋ ਸਕਦਾ ਹੈ। ਸਾਇਕਲ ਇੰਡਸਟਰੀ ਦੇ ਵੱਖੋ ਵੱਖ ਸੰਗਠਨਾਂ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਇਹ ਸਨਅਤ ਅੰਤਰ ਰਾਸ਼ਟਰੀ ਬਾਜ਼ਾਰ 'ਚ ਮੁਕਾਬਲੇਬਾਜ਼ੀ ਕਰਨ ਤੋਂ ਅਸਮਰੱਥ ਹੈ ਕਿਉਂਕਿ ਇਸ 'ਤੇ ਪਾਏ ਗਏ ਟੈਕਸਾਂ ਦੇ ਬੋਝ ਕਾਰਨ ਭਾਰਤੀ ਸਾਇਕਲਾਂ ਦੀਆਂ ਕੀਮਤਾਂ ਚਾਇਨਾ ਦੇ ਸਾਇਕਲਾਂ ਨਾਲੋਂ 15 ਪ੍ਰਤੀਸ਼ਤ ਤੱਕ ਵੱਧ ਜਾਂਦੀਆਂ ਹਨ। ਸਾਡੇ ਦੇਸ਼ ਵਿਚ ਹੇਠਲੇ ਵਰਗ ਦੇ ਲੋਕਾਂ ਦੀ ਖ਼ਰੀਦ ਸ਼ਕਤੀ ਇਨ੍ਹੀਂ ਕਮਜ਼ੋਰ ਹੈ ਕਿ ਉਨ੍ਹਾਂ ਕੋਲ ਚੁੱਲ੍ਹੇ ਚੌਕੇ ਦੇ ਖਰਚੇ ਤੋਂ ਬਾਅਦ ਸਾਇਕਲ ਖ਼ਰੀਦਣ ਯੋਗੀ ਨਕਦ ਰਾਸ਼ੀ ਨਹੀਂ ਬਚਦੀ ਅਤੇ ਇਹ ਵੀ ਦਿਲਚਸਪ ਗੱਲ ਹੈ ਕਿ ਸਾਡੇ ਮੁਲਕ ਵਿਚ ਸਾਇਕਲ ਖ਼ਰੀਦਣ ਲਈ ਫਾਈਨਾਂਸ ਦਾ ਕੋਈ ਪ੍ਰਬੰਧ ਨਹੀਂ ਜਦੋਂ ਕਿ ਕੋਈ ਵੀ ਵਿਅਕਤੀ ਦੋ ਹਜ਼ਾਰ ਰੁਪਏ ਦੇ ਕੇ ਕਰਜ਼ੇ 'ਤੇ ਮੋਟਰ ਸਾਇਕਲ ਕਿਤੋਂ ਵੀ ਖ਼ਰੀਦ ਸਕਦਾ ਹੈ।