ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਤੋਂ 'ਆਜ਼ਾਦੀ ਕਾ ਅੰਮਿ੍ਤ ਮਹਾ-ਉਤਸਵ' ਨੂੰ ਸਮਰਪਿਤ ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਰਸਵਤੀ ਨਰਸਿੰਗ ਕਾਲਜ ਕੁਰਾਲੀ ਦੇ ਨਰਸਿੰਗ ਵਿਦਿਆਰਥੀਆਂ ਦੁਆਰਾ ਹੱਥਾਂ 'ਚ ਡੇਂਗੂ ਵਿਰੋਧੀ ਜਾਗਰੂਕਤਾ ਤਖ਼ਤੀਆਂ ਫੜ੍ਹ ਕੇ ਅਤੇ ਨਾਅਰੇ ਜਿਵੇਂ ਹਰ ਫਰਾਈਡੇ-ਮਨਾਓ ਡ੍ਰਾਈ ਡੇ, ਹਰ ਐਤਵਾਰ-ਡੇਂਗੂ ਤੇ ਵਾਰ, ਆਦਿ ਲਗਾ ਕੇ ਸਰਹਿੰਦ ਸ਼ਹਿਰ ਵਿੱਚ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।ਇਸ ਸਿਵਲ ਸਰਜਨ ਹਰਵਿੰਦਰ ਸਿੰਘ ਨੇ ਇਸ ਸਾਲ ਦੀ ਥੀਮ 'ਡੇਂਗੂ ਰੋਕਥਾਮ ਯੋਗ ਹੈ-ਆਓ ਹੱਥ ਮਿਲਾਈਏ' ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥੋੜ੍ਹੀਆਂ ਜਿਹੀਆਂ ਸਾਵਧਾਨੀਆਂ ਵਰਤਣ ਅਤੇ ਇਕ ਦੂਜੇ ਦਾ ਸਹਿਯੋਗ ਕਰਨ ਨਾਲ ਅਸੀਂ ਸਹਿਜੇ ਹੀ ਡੇਂਗੂ ਤੇ ਕਾਬੂ ਪਾ ਸਕਦੇ ਹਾਂ ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਖੜ੍ਹੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਸੀਂ ਆਪਣੇ ਆਲੇ ਦੁਆਲੇ ਅਤੇ ਘਰਾਂ ਅੰਦਰ ਕਿਸੇ ਵੀ ਥਾਂ ਤੇ ਪਾਣੀ ਖੜ੍ਹਾ ਨਾ ਹੋਣ ਦੇਈਏ। ਜ਼ਿਲ੍ਹਾ ਐਪੀਡਮੋਲੋਜਿਸਟ ਡਾ.ਗੁਰਪ੍ਰਰੀਤ ਕੌਰ ਨੇ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਮਾਦਾ ਮੱਛਰ ਏਡੀਜ਼ ਅਜਿਪਟੀ ਮਨੁੱਖ ਨੂੰ ਦਿਨ ਵੇਲੇ ਕੱਟਦਾ ਹੈ, ਤੇਜ਼ ਬੁਖਾਰ ,ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਾਸਪੇਸ਼ੀਆਂ ਵਿੱਚ ਦਰਦ ,ਮਸੂੜਿਆਂ ਵਿੱਚੋਂ ਖੂਨ ਦਾ ਵਗਣਾ ,ਜੋੜਾਂ ਵਿੱਚ ਦਰਦ , ਆਦਿ ਇਸ ਦੇ ਮੁੱਖ ਲੱਛਣ ਹੁੰਦੇ ਹਨ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਦੀਪਤੀ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਅਮਰਜੀਤ ਸਿੰਘ ਸੋਹੀ ,ਸਹਾਇਕ ਮਲੇਰੀਆ ਅਫਸਰ ਦਲਬੀਰ ਸਿੰਘ,ਨਰਿੰਦਰ ਸਿੰਘ ,ਸਿਹਤ ਸੁਪਰਵਾਈਜ਼ਰ ਇੰਦਰਜੀਤ ਸਿੰਘ, ਜ਼ਿਲ੍ਹਾ ਪੋ੍ਗਰਾਮ ਮੈਨੇਜਰ ਕਸ਼ੀਤਿਜ ਸੀਮਾ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਲੈਬਾਰਟਰੀ ਟੈਕਨੀਸ਼ੀਅਨ ਹਰਵਿੰਦਰ ਕੌਰ, ਇੰਸੈਕਟ ਕੁਲੈਕਟਰ ਮਨਦੀਪ ਕੌਰ ਆਦਿ ਮੌਜੂਦ ਸਨ।