ਹਰਪ੍ਰੀਤ ਸਿੰਘ ਚਾਨਾ, ਫ਼ਰੀਦਕੋਟ : ਮੋਗਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਦੋ ਮਾਸੂਮ ਭੈਣ-ਭਰਾ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿੱਖਾਂ ਵਾਲਾ ਦਾ ਵਸਨੀਕ ਦਵਿੰਦਰ ਸਿੰਘ ਆਪਣੇ ਭਤੀਜੇ ਰਾਜਵੰਸ਼ ਸਿੰਘ (7) ਅਤੇ ਭਤੀਜੀ ਮਨਵੀਰ ਕੌਰ (4) ਪੁੱਤਰੀ ਬਲਕਰਨ ਸਿੰੰਘ ਆਪਣੀ ਸਵਿਫ਼ਟ ਕਾਰ ’ਤੇ ਕਿਸੇ ਜ਼ਰੂਰੀ ਕੰਮ ਤੋਂ ਪਿੰਡ ਪੰਜਗਰਾਈਂ ਕਲਾਂ ਤੋਂ ਆਪਣੇ ਪਿੰਡ ਸਿੱਖਾਂ ਵਾਲਾ ਨੂੰ ਜਾ ਰਹੇ ਸਨ। ਕੋਠੇ ਥੇਹ ਵਾਲਾ ਨਜ਼ਦੀਕ ਕਿਸੇ ਸਾਈਕਲ ਚਾਲਕ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨਾਲ ਟਕਰਾ ਕੇ ਸੜਕ ਦੇ ਕੰਢੇ ਇਕ ਸਫ਼ੈਦੇ ਨਾਲ ਜਾ ਟਕਰਾਈ।
ਇਸ ਦੌਰਾਨ ਕਾਰ ’ਚ ਕੰਡਕਟਰ ਸਾਈਡ ’ਤੇ ਬੈਠੇ ਉਕਤ ਭੈਣ-ਭਰਾ ਅਤੇ ਡਰਾਈਵਰ ਦਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਦੂਜੀ ਕਾਰ ’ਚ ਸਵਾਰ ਸ਼ਿਵਰਾਜ ਸਿੰਘ ਗਿੱਲ (46) ਵਾਸੀ ਪਿੰਡ ਪੰਜਗਰਾਈਂ ਕਲਾਂ, ਕੋਟਕਪੂਰਾ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ, ਜੋ ਹਾਦਸੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਇਸ ਸਮੇਂ ਉਹ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹੈ। ਜ਼ਖ਼ਮੀ ਹਾਲਤ ’ਚ ਦੋਵਾਂ ਬੱਚਿਆਂ ਨੂੰ ਕੋਟਕਪੂਰਾ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ।