ਭੋਲਾ ਸ਼ਰਮਾ, ਜੈਤੋ : ਪਿੰ੍ਸੀਪਲ ਸੈਕਟਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਜੋਏ ਸ਼ਰਮਾ ਆਈਏਐੱਸ ਵੱਲੋਂ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਦੇ ਪ੍ਰਬੰਧਾਂ ਸਬੰਧੀ ਡਾ. ਅਵਤਾਰਜੀਤ ਸਿੰਘ ਗੋਂਦਾਰਾ ਸੀਨੀਅਰ ਮੈਡੀਕਲ ਅਫ਼ਸਰ ਬਾਜਾਖਾਨਾ ਨਾਲ ਵੀਡੀਓ ਕਾਨਫ਼ਰੰਸ ਕੀਤੀ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਵਤਾਰਜੀਤ ਸਿੰਘ ਗੋਂਦਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਪਗ ਅੱਧਾ ਘੰਟਾ ਚੱਲੀ ਇਸ ਵੀਡੀਓ ਕਾਨਫ਼ਰੰਸ ਵਿਚ ਪਿੰ੍ਸੀਪਲ ਸੈਕਟਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਜੋਏ ਸ਼ਰਮਾ ਆਈਏਐੱਸ ਨੇ ਸੀਐੱਚਸੀ ਬਾਜਾਖਾਨਾ ਦੇ ਕੰਮਕਾਜ ਅਤੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਕਰਮਚਾਰੀਆਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਸੀ ਅਤੇ ਸਖ਼ਤ ਹਦਾਇਤ ਕੀਤੀ ਕਿ ਕਿਸੇ ਵੀ ਪੱਧਰ 'ਤੇ ਕਿਸੇ ਵੀ ਕਰਮਚਾਰੀ ਵੱਲੋਂ ਸਿਹਤ ਸੰਸਥਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਡਾ. ਅਵਤਾਰਜੀਤ ਸਿੰਘ ਗੋਂਦਾਰਾ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਭੇਜੀ ਲਿਸਟ ਅਨੁਸਾਰ ਸਾਲ 2007 ਤੋਂ ਕਿਸੇ ਵੀ ਕਿਸਮ ਦੀਆਂ ਹੋਈਆਂ ਬੇਨਿਯਮੀਆਂ ਸਬੰਧੀ ਜਾਂਚ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਇਸ ਮੌਕੇ ਉਨ੍ਹਾਂ ਵੱਲੋਂ ਸੀਐੱਚਸੀ ਬਾਜਾਖਾਨਾ ਦੇ ਸਟਾਫ਼ ਵੱਲੋਂ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਸ਼ੁਰੂ ਕੀਤੇ ਹੋਏ ਭਲਾਈ ਫੰਡ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਬਾਕੀ ਸੰਸਥਾਵਾਂ ਨੂੰ ਵੀ ਇਸ ਤੋਂ ਸੇਧ ਲੈ ਕੇ ਅਜਿਹਾ ਕਾਰਜ ਸ਼ੁਰੂ ਕਰਨਾ ਚਾਹੀਦਾ ਹੈ। ਪਿਛਲੇ ਸਮੇਂ ਵਿਚ ਸਟਾਫ਼ ਨਰਸਾਂ ਦੀ ਲਗਪਗ ਦੋ ਮਹੀਨੇ ਚੱਲੀ ਹੜਤਾਲ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਡਲਿਵਰੀ ਦੀਆਂ ਸਹੂਲਤਾਂ ਨਿਰਵਿਘਣ ਦੇਣ ਲਈ ਉਨ੍ਹਾਂ ਵੱਲੋਂ ਡਾ. ਅਵਤਾਰਜੀਤ ਸਿੰਘ ਗੋਂਦਾਰਾ ਅਤੇ ਡਾ. ਕਿਰਨਦੀਪ ਕੌਰ ਐੱਮਡੀ ਗਾਇਨੀ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।