ਚਾਨਾ, ਕੋਟਕਪੂਰਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਹਲਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਇਲਾਕੇ ਦੀ ਸੰਗਤ ਵੱਲੋਂ ਤਖ਼ਤ ਪਟਨਾ ਸਾਹਿਬ ਦੇ ਲੰਗਰਾਂ ਲਈ ਰਾਸ਼ਨ ਦੇ ਤਿੰਨ ਟਰੱਕ ਵੀ ਰਵਾਨਾ ਕੀਤੇ। ਉਨ੍ਹਾਂ ਨੂੰ ਹਲਕੇ ਦੀਆਂ ਵੱਖ-ਵੱਖ ਸਭਾਵਾਂ/ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਪੀਕਰ ਵੱਲੋਂ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਧੰਨਵਾਦੀ ਦੌਰਾ ਵੀ ਕੀਤਾ ਗਿਆ।
ਇਸ ਮੌਕੇ ਸਪੀਕਰ ਸੰਧਵਾਂ ਨੇ ਗੁਰਬਚਨ ਸਿੰਘ, ਅਵਤਾਰ ਸਿੰਘ, ਰੂਪ ਸਿੰਘ, ਮਹਿੰਦਰ ਸਿੰਘ ਮਦਾਨ, ਅਮਰ ਸਿੰਘ ਸਮੇਤ ਸਮੂਹ ਸੰਗਤ ਕੋਟਕਪੂਰਾ, ਅੰਬਾਲਾ, ਜੀਂਦ, ਪਾਣੀਪਤ ਆਦਿ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਲੰਗਰਾਂ ਦੀ ਰਸਦ, ਜੋ ਕਿ ਤਿੰਨ ਟਰੱਕ ਸਨ। ਉਨ੍ਹਾਂ ਨੂੰ ਸਮੁੱਚੀ ਸੰਗਤ ਨਾਲ ਤਖਤ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਕੀਤਾ। ਇਸ ਉਪਰੰਤ ਸਵਰਨਕਾਰ ਸਭਾ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜੌੜਾ, ਗੁਰਚਰਨ ਸਿੰਘ ਪੱਪੂ ਆਦਿ ਦੀ ਅਗਵਾਈ ਹੇਠ ਸੇਤੀਆ ਰਿਜ਼ੋਰਟ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ। ਵੱਖ-ਵੱਖ ਸਮਾਜਿਕ, ਧਾਰਮਿਕ ਸਮਾਗਮਾਂ 'ਚ ਸ਼ਿਰਕਤ ਕਰਨ ਉਪਰੰਤ ਦੁਪਹਿਰ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਹਲਕੇ ਦੇ ਪਿੰਡ ਲਾਲੇਆਣਾ, ਨਾਨਕਸਰ, ਢਾਬ ਗੁਰੂ ਕੀ, ਭੈਰੋਂ ਭੱਟੀ, ਕੋਠੇ ਥੇਹ ਆਦਿ ਦਾ ਧੰਨਵਾਦੀ ਦੌਰਾ ਕਰਦਿਆਂ ਆਪਣੀ ਦੂਜੀ ਵਾਰ ਇਤਿਹਾਸਕ ਜਿੱਤ ਲਈ ਸਮੂਹ ਇਲਾਕਾ ਵਾਸੀਆਂ, ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਵੱਲੋਂ ਰਿਕਾਰਡ ਜਿੱਤ ਦਵਾ ਕੇ ਉਨ੍ਹਾਂ ਨੂੰ ਦੂਜੀ ਵਾਰ ਪੰਜਾਬ ਵਿਧਾਨ ਸਭਾ 'ਚ ਭੇਜਿਆ ਗਿਆ ਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਸਪੀਕਰ ਬਣਾ ਕੇ ਵੱਡਾ ਮਾਣ ਦਿੱਤਾ ਗਿਆ ਹੈ।