ਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ
ਪੂਰੇ ਸੂਬੇ ਲਈ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਫਰੀਦਕੋਟ ਜ਼ਿਲੇ੍ਹ ਦੀਆਂ 2 ਹੋਣਹਾਰ ਬੇਟੀਆਂ ਨੇ ਪਿਛਲੇ ਦਿਨੀਂ ਜਰਮਨ ਵਿਖੇ ਹੋਏ ਆਈਐੱਸਐੱਫਐੱਸ ਚੈਂਪੀਅਨਸ਼ਿਪ ਵਿਸ਼ਵ ਕੱਪ ਸੂਟਿੰਗ ਮੁਕਾਬਲਿਆਂ ਵਿਚ ਕੁਲ 6 ਤਮਗੇ ਜਿੱਤ ਕੇ ਜ਼ਿਲ੍ਹੇ ਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਫਰੀਦਕੋਟ ਜ਼ਿਲੇ੍ਹ ਦੀਆਂ ਇਹ ਦੋਵੇਂ ਬੇਟੀਆਂ ਜਿੱਥੇ ਸਾਡਾ ਮਾਣ ਬਣੀਆਂ ਹਨ ਉੱਥੇ ਹੀ ਇਹ ਨੌਜਵਾਨ ਖਿਡਾਰੀਆਂ ਲਈ ਪੇ੍ਰਰਨਾ ਸਰੋਤ ਵੀ ਬਣੀਆਂ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਇਸ ਚੈਂਪੀਅਨਸ਼ਿਪ ਵਿਚ ਰੈਪਿਡ ਫਾਇਰ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਸਿਮਰਨਜੀਤ ਕੌਰ ਬਰਾੜ ਅਤੇ ਉਸ ਦੇ ਮਾਤਾ-ਪਿਤਾ ਦਾ ਸਨਮਾਨ ਕਰਨ ਮੌਕੇ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੱਲ੍ਹ 5 ਤਮਗੇ ਜਿੱਤਣ ਵਾਲੀ ਸਿਫਤ ਕੌਰ ਸਮਰਾ ਨੂੰ ਸਨਮਾਨਿਤ ਕੀਤਾ ਅਤੇ ਅੱਜ ਸਿਮਰਨਜੀਤ ਕੌਰ ਜਿਸ ਨੇ ਗੋਲਡ ਮੈਡਲ ਜਿੱਤਿਆ ਹੈ ਦਾ ਸਨਮਾਨ ਕਰ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਫਰੀਦਕੋਟ ਦੇ ਖਿਡਾਰੀਆਂ ਨੂੰ ਆਪਣੇ ਜ਼ਿਲੇ੍ਹ ਜਾਂ ਨੈਸ਼ਨਲ ਖੇਡਾਂ ਸਬੰਧੀ ਵਧੀਆ ਕੋਚਿੰਗ ਅਤੇ ਹੋਰ ਸਹੂਲਤਾਂ ਮਿਲਣ ਉਹ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖਣਗੇ। ਉਨ੍ਹਾਂ ਕਿਹਾ ਕਿ ਸਿਮਰਨਪ੍ਰਰੀਤ ਕੌਰ ਨੇ ਆਪਣੀ ਪੜਾਈ ਦੇ ਨਾਲ-ਨਾਲ ਸਖਤ ਮਿਹਨਤ ਕਰ ਕੇ ਦਿੱਲੀ ਅਤੇ ਪੰਜਾਬ ਦੇ ਹੋਰ ਥਾਵਾਂ 'ਤੇ ਸ਼ਿਰਕਤ ਕੀਤੀ ਅਤੇ ਉਹ ਇਸ ਮੁਕਾਮ 'ਤੇ ਪਹੁੰਚੀ। ਉਨ੍ਹਾਂ ਇਸ ਮੌਕੇ ਸਿਮਰਨਪ੍ਰਰੀਤ ਕੌਰ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਵੀ ਸਨਮਾਨ ਕੀਤਾ। ਫਰੀਦਕੋਟ ਦੀ ਜੰਮਪਲ ਸਿਮਰਨਜੀਤ ਕੌਰ ਬਰਾੜ ਬਾਰ੍ਹਵੀਂ ਦੀ ਵਿਦਿਆਰਥਣ ਹੈ ਅਤੇ ਉਸ ਦੇ ਪਿਤਾ ਸ. ਸਮਿੰਦਰ ਸਿੰਘ ਬਰਾੜ ਅਤੇ ਮਾਤਾ ਹਰਚਰਨ ਕੋਰ ਜੋ ਅਧਿਆਪਕ ਹਨ, ਨੇ ਇਸ ਸਨਮਾਨ ਲਈ ਡਿਪਟੀ ਕਮਿਸ਼ਨਰ ਤੇ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਉਪਰਾਲੇ ਨਾਲ ਸਿਮਰਨ ਤੇ ਉਨ੍ਹਾਂ ਦਾ ਮਾਣ ਹੋਰ ਵਧਿਆ ਹੈ। ਸਿਮਰਨਜੀਤ ਕੌਰ ਤੇ ਆਪਣੀ ਜਿੱਤ ਦਾ ਸਿਹਰਾ ਆਪਣੀ ਕੋਚ ਵੀਰਪਾਲ ਕੋਰ, ਮਾਤਾ ਪਿਤਾ ਦੀ ਸਖਤ ਮਿਹਨਤ ਨੂੰ ਦੱਸਿਆ ਤੇ ਕਿਹਾ ਕਿ ਉਹ ਹੁਣ ਹੋਰ ਮਿਹਨਤ ਨਾਲ ਪ੍ਰਰੈਕਟਿਸ ਕਰੇਗੀ ਅਤੇ ਆਉਣ ਵਾਲੇ ਸਮੇਂ ਵਿਚ ਦੇਸ਼ ਲਈ ਹੋਰ ਮੈਡਲ ਜਿੱਤੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਐੱਸਡੀਐੱਮ ਮੈਡਮ ਬਲਜੀਤ ਕੌਰ, ਜਸਬੀਰ ਜੱਸੀਕ ਮੀਡੀਆ ਕੋਆਰਡੀਨੇਟਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।