ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਬਰਗਾਡ਼ੀ ਬੇਅਦਬੀ ਕਾਂਡ ਪਿੱਛੋਂ ਅਕਤੂਬਰ 2015 ’ਚ ਹੋਏ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀ ਕਾਂਡ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਇਕ ਵਾਰ ਮੁਡ਼ ਸੰਘਰਸ਼ ਸ਼ੁਰੂ ਹੋ ਗਿਆ ਹੈ। ਇਸ ਵਾਰ ਸੰਘਰਸ਼ ਦੀ ਅਗਵਾਈ ਪੰਥਕ ਆਗੂ ਨਹੀਂ ਬਲਿਕ ਬਹਿਬਲ ਕਲਾਂ ਗੋਲ਼ੀ ਕਾਂਡ ਦੇ ਪੀਡ਼ਤ ਪਰਿਵਾਰਾਂ ਵੱਲੋਂ ਇਨਸਾਫ਼ ਮੋਰਚਾ ਬਣਾ ਕੇ ਕੀਤੀ ਜਾ ਰਹੀ ਹੈ। ਇਨਸਾਫ਼ ਮੋਰਚੇ ਨੇ ਬੁੱਧਵਾਰ ਦੁਪਹਿਰੇ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਪੱਕਾ ਮੋਰਚਾ ਲਾ ਕੇ ਜਾਮ ਲਾ ਦਿੱਤਾ ਹੈ।
112 ਦਿਨਾਂ ਤੋਂ ਬਹਿਬਲ ਕਲਾਂ ਗੋਲ਼ੀ ਕਾਂਡ ਵਾਲੀ ਥਾਂ ’ਤੇ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਤੇ ਸਾਧੂ ਸਿੰਘ ਵੱਲੋਂ ਇਨਸਾਫ਼ ਮੋਰਚੇ ਦਾ ਗਠਨ ਕਰ ਕੇ ਧਰਨਾ ਦਿੱਤਾ ਜਾ ਰਿਹਾ ਸੀ। ਇਨਸਾਫ਼ ਮੋਰਚੇ ਨੇ ਸਰਕਾਰ ਨੂੰ 31 ਮਾਰਚ ਤਕ ਬੇਅਦਬੀ ਕਾਂਡ ਤੇ ਗੋਲ਼ੀ ਕਾਂਡ ਦੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕਰਨ ਦਾ ਅਲਟੀਮੇਟਮ ਦਿੱਤਾ ਸੀ। ਪਰ ਕਾਰਵਾਈ ਨਾ ਹੋਣ ’ਤੇ ਇਨਸਾਫ਼ਾ ਮੋਰਚੇ ਨੇ ਹਾਈਵੇ ਜਾਮ ਕਰਨ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਬੁੱਧਵਾਰ ਨੂੰ ਪੱਕਾ ਮੋਰਚਾ ਲਾ ਕੇ ਨੈਸ਼ਨਲ ਹਾਈਵੇ ਠੱਪ ਕਰ ਦਿੱਤਾ ਗਿਆ।
ਬਹਿਬਲ ਕਲਾਂ ਗੋਲ਼ੀ ਕਾਂਡ ’ਚ ਮਾਰੇ ਗੇ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਲਡ਼ਾਈ ਨਹੀਂ ਬਲਕਿ ਇਹ ਸਿੱਖ ਕੌਮ ਦੀ ਲਡ਼ਾਈ ਹੈ। ਮਾਮਲਾ ਗੁਰੂ ਮਹਾਰਾਜ ਦੀ ਬੇਅਦਬੀ ਦਾ ਹੈ ਅਤੇ ਉਨ੍ਹਾਂ ਨੂੰ ਮੰਨਣ ਵਾਲੇ ਅੱਗੇ ਆਉਣ ਤਾਂ ਜੋ ਇਨਸਾਫ਼ ਮਿਲ ਸਕੇ। ਉਧਰ ਪੰਥਕ ਆਗੂਆਂ ਨੇ ਕਿਹਾ ਕਿ ਪਿਛਲੇ ਮੋਰਚੇ ’ਚ ਕੁਝ ਗਡ਼ਬਡ਼ੀਆਂ ਸਨ। ਉਨ੍ਹਾਂ ਵਿਚੋਂ ਕੁਝ ਲੋਕ ਸੱਤਾਧਾਰੀ ਪਾਰਟੀ ਦੇ ਕਰੀਬ ਪੁੱਜ ਗਏ ਸਨ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਉਹ ਇਨਸਾਫ਼ ਲੈ ਕੇ ਹੀ ਮੰਨਣਗੇ।
ਫਾਸਟ ਟਰੈਕ ਅਦਾਲਤ ਬਣੇ : ਸਿੱਧੂ
ਇਨਸਾਫ਼ ਮੋਰਚੇ ਦੇ ਧਰਨੇ ’ਚ ਪੁੱਜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਰਗਾਡ਼ੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀ ਕਾਂਡ ’ਚ ਇਨਸਾਫ਼ ਲਈ ਫਾਸਟ ਟਰੈਕ ਅਦਾਲਤ ਬਣਾਉਣੀ ਚਾਹੀਦੀ ਹੈ। ਸਿੱਧੂ ਨੇ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਦੱਸਦਿਆਂ ਕਿਹਾ ਕਿ ਜੇ ਉਹ (ਮਾਨ) ਇਸ ਅਹਿਮ ਮਸਲੇ ਨੂੰ ਹੱਲ ਕਰਦੇ ਹਨ ਤਾਂ ਪੂਰੀ ਸਿੱਖ ਕੌਮ ਉਨ੍ਹਾਂ ਦੀ ਜੈ-ਜੈਕਾਰ ਕਰੇਗੀ। ਜੈ-ਜੈਕਾਰ ਕਰਨ ਵਾਲਿਆਂ ’ਚ ਉਹ (ਸਿੱਧੂ) ਸਭ ਤੋਂ ਪਹਿਲਾਂ ਹੋਣਗੇ। ਜੇ ਸਾਬਕਾ ਮੁੱਖ ਮੰਤਰੀਆਂ ਵਾਂਗ ਮੌਜੂਦਾ ਸਕਰਾ ਨੇ ਇਸ ਮਾਮਲੇ ’ਤੇ ਛੇਤੀ ਹੀ ਕੁਝ ਨਾ ਕੀਤਾ ਤਾਂ ਉਹ ਇਨਸਾਫ਼ ਮੋਰਚੇ ਨਾਲ ਖਡ਼੍ਹੇ ਰਹਿਣਗੇ। ਹੁਣ ਭਾਵੇਂ ਇੱਥੇ ਲੋਕਾਂ ਦੀ ਗਿਣਤੀ ਪੰਜ ਜਾਂ ਸੱਤ ਸੌ ਹੈ ਪਰ ਜਿਸ ਦਿਨ ਇਹ ਸੱਤ ਲੱਖ ਹੋਵੇਗੀ ਉਸ ਦਿਨ ਸਰਕਾਰ ਦਬਾਅ ’ਚ ਆਵੇਗੀ ਤੇ ਸਰਕਾਰ ਨੂੰ ਕਾਰਵਾਈ ਕਰਨੀ ਹੀ ਪਵੇਗੀ।
ਸਿੱਧੂ ਨੂੰ ਸੁਣਾਈਆਂ ਖਰੀਆਂ-ਖਰੀਆਂ
ਇਨਸਾਫ਼ ਮੋਰਚੇ ਦੇ ਇਕ ਬੁਲਾਰੇ ਨੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ। ਉਸ ਨੇ ਤਨਜ਼ ਕੱਸਿਆ ਕਿ ਜਦੋਂ ਪੰਜਾਬ ’ਚ ਪੰਜ ਸਾਲ ਉਨ੍ਹਾਂ (ਸਿੱਧੂ) ਦੀ ਸਰਕਾਰ ਸੀ ਤਾਂ ਇਸ ਮਾਮਲੇ ’ਚ ਕੁਝ ਨਹੀਂ ਹੋਇਆ, ਸਿਰਫ਼ ਸਿਆਸਤ ਹੀ ਹੁੰਦੀ ਰਹੀ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਸਵਿੰਦਰ ਸਿੰਘ ਸਾਹੋਕੇ, ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ, ਗੁਰਦੀਪ ਸਿੰਘ, ਪ੍ਰਧਾਨ ਜਸਵੀਰ ਸਿੰਘ ਬਰਾਡ਼ ਖੋਟੇ, ਗੁਰਜੰਟ ਸਿੰਘ ਜੰਟਾ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਸੋਨੀ ਆਗੂਆਂ ਨੇ ਸੰਬੋਧਨ ਕੀਤਾ।
ਸੁਰੱਖਿਆ ਪ੍ਰਬੰਧਾਂ ਲਈ 450 ਪੁਲਿਸ ਜਵਾਨ ਤਾਇਨਾਤ, ਰੂਟ ਡਾਇਵਰਟ
ਹਾਈਵੇ ਠੱਪ ਕੀਤੇ ਜਾਣ ਬਾਅਦ ਫ਼ਰੀਦਕੋਟ ਦੇ ਐੱਸਐੱਸਪੀ ਵਰੁਣ ਸ਼ਰਮਾ ਹੋਰ ਪੁਲਿਸ ਅਧਿਕਾਰੀਆਂ ਨਾਲ ਮੌਕੇ ’ਤੇ ਪੁੱਜੇ। ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ 450 ਪੁਲਿਸ ਜਾਵਾਂ ਨੂੰ ਮੌਕੇ ’ਤੇ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਹਾਈਵੇ ਦਾ ਰੂਟ ਡਾਇਵਰਟ ਕਰ ਦਿੱਤਾ ਗਿਆ।
ਧਰਨੇ ਕਾਰਨ ਰਾਹਗੀਰ ਹੋਏ ਪਰੇਸ਼ਾਨ
ਇਸ ਮੌਕੇ ਰਾਹਗੀਰ ਸੁਖਵਿੰਦਰ ਸਿੰਘ, ਤੇਜਵੀਰ ਸਿੰਘ, ਗੁਰਮੱਖ ਸਿੰਘ, ਲਾਭ ਸਿੰਘ, ਰੋਸ਼ਨ ਲਾਲ, ਪ੍ਰੀਤਮ ਸਿੰਘ ਆਦਿ ਨੇ ਦੱਸਿਆ ਕਿ ਉਹ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹਨ ਤੇ ਉਹ ਇਸ ਇਲਾਕੇ ਤੋਂ ਅਣਜਾਣ ਹਨ। ਉਨ੍ਹਾਂ ਨੂੰ ਵੱਖ-ਵੱਖ ਪਿੰਡਾਂ ਰਾਹੀਂ ਆਪਣੀ ਮੰਜ਼ਿਲ ’ਤੇ ਜਾਣ ਲਈ ਕਾਫ਼ੀ ਸਮਾਂ ਖ਼ਰਾਬ ਕਰਨ ਤੋਂ ਇਲਾਵਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਪੀਡ਼ਤਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਧਰਨਾ ਲਾਉਣਾ ਹੈ ਤਾਂ ਦੋਵਾਂ ਪਾਸੇ ਆਵਾਜਾਈ ਬੰਦ ਕਰਦੇ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਕ ਪਾਸੇ ਦਾ ਰਾਸਤਾ ਬਹਾਲ ਕੀਤਾ ਜਾਵੇ।