ਪੱਤਰ ਪੇ੍ਰਰਕ, ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਦੀ ਉੱਭਰਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਭੂਪਾਲ ਵਿਖੇ ਆਈਐੱਸਐੱਸਐੱਫ਼ ਰਾਈਫਲ/ਪਿਸਟਲ ਵਿਸ਼ਵ ਕੱਪ ’ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਦੀ 50 ਮੀਟਰ ਰਾਈਫਲ ਤੀਜੀ ਪੁਜ਼ੀਸ਼ਨ ’ਚ ਕਾਂਸੀ ਦਾ ਤਮਗਾ ਜਿੱਤ ਕੇ ਫ਼ਰੀਦਕੋਟ, ਮਾਤਾ ਰਮਣੀਕ ਕੌਰ ਸਮਰਾ, ਪਿਤਾ ਪਵਨਦੀਪ ਸਮਰਾ, ਕੋਚ ਸੁਖਰਾਜ ਕੌਰ, ਪੰਜਾਬ ਤੇ ਭਾਰਤ ਦਾ ਨਾਂ ਸੰਸਾਰ ਭਰ ’ਚ ਰੋਸ਼ਨ ਕੀਤਾ ਹੈ। ਮੁਕਾਬਲੇ ’ਚ ਚੀਨ ਦੇ ਝਾਂਗ ਕਿਯੋਂਗਯੁਵੇ ਨੇ ਸੋਨ ਤਗਮਾ ਜਿੱਤਿਆ। ਮੌਜੂਦਾ ਰਾਸ਼ਟਰੀ ਚੈਂਪੀਅਨ ਸਿਫ਼ਤ ਕੌਰ ਸਮਰਾ ਰੈਂਕਿੰਗ ਦੇ ਦੌਰ ’ਚ ਕੁੱਲ 403.9 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ’ਚ ਝਾਂਗ ਕਿਯੋਂਗਯੁਵ ਨੇ 414 ਅੰਕਾਂ ਨਾਲ ਪਹਿਲਾ, ਚੈੱਕ ਗਣਰਾਜ ਦੀ ਅਨੇਤਾ ਬ੍ਰਾਬਕੋਵਾ ਨੇ 411.3 ਨਾਲ ਦੁੂਜਾ ਅਤੇ ਸਿਫ਼ਤ ਕੌਰ ਸਮਰਾ ਨੇ 403. ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਬੇਟੀ ਸਿਫ਼ਤ ਕੌਰ ਸਮਰਾ ਦੀ ਮਾਣਮੱਤੀ ਪ੍ਰਾਪਤੀ ’ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਸਾਹਿਬ, ਤਲਵੰਡੀ ਸਾਬੋ ਵਿਖੇ ਸਨਮਾਨ ਕੀਤਾ।
ਇਸ ਮੌਕੇ ਉਨ੍ਹਾਂ ਸਿਫ਼ਤ ਕੌਰ ਸਮਰਾ ਨੂੰ ਨਿਰੰਤਰ ਕੌਮਾਂਤਰੀ ਪੱਧਰ ’ਤੇ ਸੱਤ ਤਗਮੇ ਜਿੱਤਣ ’ਤੇ ਵਧਾਈ ਦਿੰਦਿਆਂ ਭਵਿੱਖ ’ਚ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਸਿਫ਼ਤ ਕੌਰ ਸਮਰਾ ਦੇ ਮਾਤਾ ਰਮਣੀਕ ਕੌਰ ਸਮਰਾ, ਚਾਚੀ ਅਮਨਦੀਪ ਕੌਰ ਸਮਰਾ, ਨਾਨੀ ਸਤਵੰਤ ਕੌਰ, ਨਵਦੀਪ ਕੌਰ, ਹਰਮਹਿੰਦਰ ਸਿੰਘ, ਰਣਜੀਤ ਸਿੰਘ ਵੀ ਹਾਜ਼ਰ ਸਨ।