ਚਾਨਾ, ਫਰੀਦਕੋਟ : ਜਿਨ੍ਹਾਂ ਅਸਲਾ ਲਾਇਸੈਂਸੀਆਂ ਦੇ ਅਸਲਾ ਲਾਇਸੈਂਸ ਰੀਨਿਊ ਹੋਣ ਵਾਲੇ ਹਨ, ਉਹ ਤੁਰੰਤ ਅਪਲਾਈ ਕਰਨ। ਰੀਨਿਊ ਨਾ ਕਰਨ ਦੀ ਸੂਰਤ ਵਿਚ ਇਹ ਅਸਲਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਕਰ ਜਾਵੇਗੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਸਲਾ ਬ੍ਾਂਚ ਦੇ ਕਰਮਚਾਰੀਆਂ ਨਾਲ ਬੈਠਕ ਕਰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਡਾ. ਰੂਹੀ ਦੁੱਗ ਨੇ ਕਿਹਾ ਕਿ ਇਹ ਵੇਖਣ ਵਿਚ ਆਇਆ ਹੈ ਕਿ ਕਈ ਅਸਲਾ ਲਾਇਸੈਂਸੀਆਂ ਨੇ ਆਪਣੇ ਅਸਲਾ ਲਾਇਸੈਂਸ ਰੀਨਿਊ ਨਹੀਂ ਕਰਵਾਏ ਹਨ, ਜੋ ਕਿ ਮਿੱਥੇ ਮਿਤੀ ਤਕ ਰੀਨਿਊ ਕਰਵਾਉਣੇ ਜ਼ਰੂਰੀ ਹੁੰਦੇ ਹਨ, ਇਸ ਲਈ ਸਮੂਹ ਅਸਲਾ ਲਾਇਸੈਂਸ ਧਾਰਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਸਲਾ ਲਾਇਸੈਂਸ ਰੀਨਿਊ ਕਰਵਾਉਣ। ਇਸ ਮੌਕੇ ਐੱਸਐੱਸਪੀ ਰਾਜਪਾਲ ਸਿੰਘ ਸੰਧੂ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟੇ੍ਟ ਨੇ ਇਕ ਹੋਰ ਹਦਾਇਤ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਅਸਲਾ ਲਾਇਸੈਂਸ ਧਾਰਕਾਂ ਕੋਲ 2 ਤੋਂ ਵੱਧ ਅਸਲੇ ਦਰਜ ਹਨ, ਉਹ ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਆਪਣਾ ਤੀਸਰਾ ਅਸਲਾ ਡਿਲੀਟ ਕਰਵਾਉਣ ਸਬੰਧੀ ਤੁਰੰਤ ਅਪਲਾਈ ਕਰਨ। ਜੇਕਰ 2 ਤੋਂ ਵੱਧ ਅਸਲਾ ਧਾਰਕ ਉਕਤ ਕਾਰਵਾਈ ਅਮਲ ਵਿਚ ਨਹੀਂ ਲਿਆਉਂਦੇ ਤਾਂ ਉਨ੍ਹਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਜਾਣਗੇ।