ਭੋਲਾ ਸ਼ਰਮਾ, ਜੈਤੋ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀਐੱਸਆਰਐਲਐਮ ਸਕੀਮ ਤਹਿਤ ਬਣੇ ਸੈਲਫ ਹੈਲਪ ਗਰੁੱਪ ਮੈਂਬਰਾ ਲਈ ਸਵੈ ਰੁਜ਼ਗਾਰ ਪੈਦਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣਾ ਆਰਥਿਕ ਪੱਧਰ ਉੱਚਾ ਚੁੱਕ ਸਕਣ। ਇਸ ਤਹਿਤ ਲਖਵਿੰਦਰ ਸਿੰਘ ਰੰਧਾਵਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਹੇਠ ਪੀਐੱਸਆਰਐੱਲਐੱਮ ਸਕੀਮ ਦੇ ਸੈਲਫ ਹੈਲਪ ਗਰੁੱਪ ਮੈਬਰਾਂ ਨੂੰ ਕਿੱਤਾ ਮੁਖੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪਿੰਡ ਮਚਾਕੀ ਕਲਾਂ ਵਿਖੇ ਨਬਾਰਡ ਵੱਲੋਂ ਪੀ.ਐਸ.ਆਰ.ਐਲ.ਐਮ ਸਕੀਮ ਦੇ 30 ਗਰੁੱਪ ਮੈਬਰਾਂ ਨੂੰ 10 ਦਿਨ ਬੱਕਰੀ ਪਾਲਣ ਦੀ ਸਿਖਲਾਈ ਦਿੱਤੀ ਗਈ ਤਾਂ ਜੋ ਸਮੂਹ ਮੈਂਬਰ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਕੇ ਸਵੈ ਰੁਜਗਾਰ ਪੈਦਾ ਕਰ ਸਕਣ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਵੱਲੋਂ ਸਮੂਹ ਮੈਬਰਾਂ ਨੂੰ ਬੱਕਰੀ ਪਾਲਣ ਸਬੰਧੀ ਸੰਖੇਪ ਵਿੱਚ ਸਿਖਲਾਈ ਦਿੱਤੀ ਗਈ ਅਤੇ ਮੈਂਬਰਾਂ ਨੂੰ ਬੱਕਰੀ ਪਾਲਣ ਧੰਦਾ ਅਪਣਾਉਣ ਬਾਰੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਅਸ਼ਵਨੀ ਕੁਮਾਰ (ਨਬਾਰਡ) ਅਤੇ ਬਲਜਿੰਦਰ ਸਿੰਘ ਬਾਜਵਾ, ਡੀਪੀਐੱਮ, ਪੀਐੱਸਆਰਐੱਲਐੱਮ ਵੱਲੋਂ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਸਿਖਲਾਈ ਕੈਂਪ ਦੌਰਾਨ ਪਿੰਡ ਮਚਾਕੀ ਕਲਾ ਦੇ ਸਰਪੰਚ ਗੁਰਸ਼ਵਿੰਦਰ ਸਿੰਘ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।