ਸਟਾਫ ਰਿਪੋਰਟਰ, ਫਰੀਦਕੋਟ : ਨਸ਼ਾ ਤਸਕਰਾਂ ਵੱਲੋਂ 14 ਸਾਲ ਦੀ ਲੜਕੀ ਦੇ ਕੱਪੜੇ ਪਾੜਨ ਤੇ ਉਸ ਦੀ ਮਾਂ ਨੂੰ ਨੰਗਾ ਕਰਨ ਦੀ ਚਿਤਾਵਨੀ ਦੇ ਕੇ ਕੁੱਟਮਾਰ ਕਰਨ ਦੀ ਸ਼ਰਮਨਾਕ ਖ਼ਬਰ ਮਿਲੀ ਹੈ। ਪਰਿਵਾਰ ਨਾਲ ਹੋਈ ਜ਼ਿਆਦਤੀ ਤੇ ਧੱਕੇਸ਼ਾਹੀ ਬਾਰੇ ਦੱਸਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਵਿਧਾਇਕ ਸੇਖੋਂ ਨੇ ਚਾਰ ਅਜਿਹੇ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਸੋਮਵਾਰ ਦੇਰ ਸ਼ਾਮ ਪੁਲਿਸ ਵੱਲੋਂ ਬਿਨਾਂ ਕੋਈ ਕਾਰਵਾਈ ਕੀਤਿਆਂ ਉਕਤ ਨੌਜਵਾਨਾਂ ਨੂੰ ਛੱਡ ਦੇਣ ਤੋਂ ਬਾਅਦ ਉਹ ਉਸ ਦੇ ਘਰ ਆ ਗਏ। ਉਸ ਦੀ 14 ਸਾਲ ਦੀ ਨੌਜਵਾਨ ਲੜਕੀ ਦੇ ਕੱਪੜੇ ਪਾੜ ਦਿੱਤੇ, ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਮਾਂ-ਧੀ ਨੂੰ ਨੰਗਿਆਂ ਕਰਨ ਦੀ ਧਮਕੀ ਦਿੱਤੀ। ਉਹ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪੁਲਿਸ ਥਾਣੇ ਗਿਆ ਪਰ ਪੁਲਿਸ ਨੇ ਕੋਈ ਸੁਣਵਾਈ ਨਾ ਕੀਤੀ।
ਉਨ੍ਹਾਂ ਦੱਸਿਆ ਕਿ ਇਲਾਕੇ ਦੇ ਕੌਂਸਲਰ ਸੂਬੇਦਾਰ ਕੰਵਲਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਖੁਦ ਆਮ ਆਦਮੀ ਪਾਰਟੀ ਦਾ ਕੌਂਸਲਰ ਹੋਣ ਦੇ ਬਾਵਜੂਦ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਪੀੜਤ ਵਿਅਕਤੀ ਨੇ ਚਿਤਾਵਨੀ ਦਿੱਤੀ ਕਿ ਜੇ ਪੁਲਿਸ ਨੇ ਉਕਤ ਨੌਜਵਾਨਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਪਰਿਵਾਰ ਸਮੇਤ ਥਾਣੇ ਮੂਹਰੇ ਅੱਗ ਲਾ ਕੇ ਆਤਮਦਾਹ ਕਰ ਲਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।
ਓਧਰ ਥਾਣਾ ਮੁਖੀ ਸੰਦੀਪ ਸਿੰਘ ਮੁਤਾਬਕ ਬਾਜ਼ੀਗਰ ਬਸਤੀ ਫਰੀਦਕੋਟ ਵਿਖੇ ਦੋ ਧੜਿਆਂ ਦਰਮਿਆਨ ਰੰਜਿਸ਼ ਚੱਲ ਰਹੀ ਹੈ। ਦੋਨੋਂ ਧੜੇ ਇਕ-ਦੂਜੇ ਖ਼ਿਲਾਫ਼ ਵੱਧ-ਚੜ੍ਹ ਕੇ ਇਲਜਾਮਬਾਜ਼ੀ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਡਿਪਟੀ ਸਿੰਘ ਤੇ ਉਸ ਦੀ ਪਤਨੀ ਵਾਸੀ ਬਾਜ਼ੀਗਰ ਬਸਤੀ ਫਰੀਦਕੋਟ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।