ਪੱਤਰ ਪੇ੍ਰਰਕ, ਕੋਟਕਪੂਰਾ : ਡੀਸੀਐੱਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿਖੇ ਸਕੂਲ ਦੇ ਚੱਲ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਹਾਊਸ ਦੇ ਇੰਚਾਰਜ ਅਤੇ ਸਮੂਹ ਅਧਿਆਪਕ ਮੈਂਬਰਾਂ ਵੱਲੋਂ ਸੰਸਾਰ ਅੰਗਹੀਣ ਦਿਵਸ ਮੌਕੇ ਵਿਸ਼ੇਸ਼ ਪੋ੍ਗਰਾਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਅਪੰਗ ਬੱਚਿਆਂ ਦੇ ਜੀਵਨ ਨਾਲ ਸਬੰਧਿਤ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ ਅਤੇ ਇਕ ਬੱਚੇ ਨੇ ਅਪੰਗਤਾ ਸਬੰਧੀ ਗੀਤ ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ ਤੇ ਸਭ ਦੀਆਂ ਅੱਖਾਂ ਨਮ ਹੋ ਗਈਆਂ। ਵੱਖ-ਵੱਖ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਰਾਹੀਂ ਅੰਗਹੀਣਾਂ ਪ੍ਰਤੀ ਪਿਆਰ ਦਾ ਸੁਨੇਹਾ ਵੇਖਣ ਨੂੰ ਮਿਲਿਆ। ਇਸ ਸਮੇਂ ਸਕੂਲ ਦੇ ਪਿੰ੍ਸੀਪਲ ਮੀਨਾਕਸ਼ੀ ਸ਼ਰਮਾ ਨੇ ਆਪਣੇ ਸੰਬੋਧਨੀ ਸ਼ਬਦਾਂ 'ਚ ਸਮਾਜ ਅਤੇ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਸਾਨੂੰ ਗੁਰਦੁਆਰੇ, ਮੰਦਿਰ, ਮਸਜਿਦਾਂ ਵਿਚ ਸੇਵਾ ਕਰਨ ਤੋਂ ਜੋ ਪੁੰਨ ਮਿਲਦਾ, ਉਸ ਤੋਂ ਵੀ ਵੱਧ ਅੰਗਹੀਣ, ਮੰਦਬੁੱਧੀ ਤੇ ਅਪੰਗ ਬੱਚਿਆਂ ਦੀ ਸੇਵਾ ਕਰਨ ਦੇ ਨਾਲ ਮਿਲਦਾ ਹੈ। ਇਨ੍ਹਾਂ ਦੀ ਸੇਵਾ ਕਰਨ 'ਤੇ ਪਰਮਾਤਮਾ ਖੁਸ਼ ਹੁੰਦਾ ਹੈ। ਸਾਨੂੰ ਹਮੇਸ਼ਾ ਹੀ ਇਨ੍ਹਾਂ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਨੂੰ ਉਹ ਹਰ ਖੁਸ਼ੀ ਮਿਲੇ ਜੋ ਇਕ ਤੰਦਰੁਸਤ ਮਨੁੱਖ ਨੂੰ ਮਿਲਦੀ ਹੈ। ਜਦੋਂ ਅੰਗਹੀਣਾਂ ਨੂੰ ਇਕ ਅਲੱਗ ਤਰ੍ਹਾਂ ਦੀ ਭਾਵਨਾ ਨਾਲ ਵੇਖਿਆ ਜਾਂਦਾ ਹੈ ਤਾਂ ਉਨ੍ਹਾਂ ਵਿਚ ਮੱਲੋ-ਮੱਲੀ ਹੀਣਭਾਵਨਾ ਆ ਜਾਂਦੀ ਹੈ। ਉਨ੍ਹਾਂ ਦਾ ਮਨੋਬਲ ਹੇਠਾਂ ਡਿੱਗ ਜਾਂਦਾ ਹੈ। ਸਗੋਂ ਸਾਨੂੰ ਉਨ੍ਹਾਂ ਵਿਚ ਹੁਨਰ ਦੀ ਖੋਜ ਕਰ ਕੇ ਹੋਰ ਨਿਖਾਰ ਲਿਆਉਣਾ ਚਾਹੀਦਾ ਹੈ। ਸਾਨੂੰ ਅੰਗਹੀਣਾਂ ਨਾਲ ਸਾਧਾਰਨ ਵਿਅਕਤੀ ਵਾਲਾ ਵਿਹਾਰ ਕਰਨਾ ਚਾਹੀਦਾ ਹੈ ਤਾਂ ਹੀ ਉਨ੍ਹਾਂ ਵਿਚ ਆਪਣੇ ਆਪ ਸਰਵਪੱਖੀ ਵਿਕਾਸ ਕਰਨ ਦੀ ਭਾਵਨਾ ਪੈਦਾ ਹੋਵੇਗੀ। ਅਪੰਗ ਵਿਅਕਤੀ ਨੂੰ ਦਇਆ ਨਹੀਂ, ਸਗੋਂ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ।