ਸਟਾਫ ਰਿਪੋਰਟਰ, ਫਰੀਦਕੋਟ : ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਹਰੇਕ ਵਿਅਕਤੀ ਨੂੰ ਮੁਕੰਮਲ ਟੀਕਾਕਰਨ ਕਰਵਾਉਣਾ ਅਤਿ ਜਰੂਰੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਫਰੀਦਕੋਟ ਹਰਬੀਰ ਸਿੰਘ ਆਈ. ਏ ਐਸ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਖੁੱਦ ਨੂੰ ਬੂਸਟਰ ਡੋਜ਼ ਲਗਵਾਉਣ ਮੌਕੇ ਕੀਤਾ। ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਡਿਪਟੀ ਕਮਿਸ਼ਨਰ ਨੂੰ ਬੂਸਟਰ ਡੋਜ਼ ਲਗਾਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾ-2022 ਲਈ ਨਿਯੁਕਤ ਕੀਤੇ ਜਾਣੇ ਵਾਲੇ ਸਟਾਫ਼ ਦੀ ਮੁਕੰਮਲ ਕੋਵਿਡ ਵੈਕਸੀਨੇਸ਼ਨ ਹੋਣੀ ਜ਼ਰੂਰੀ ਹੈ। ਉਨਾਂ੍ਹ ਦੱਸਿਆ ਕਿ ਅੱਜ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੋਵਿਡ ਟੀਕਾਕਰਨ ਦੀ ਦੂਜੀ ਡੋਜ਼ ਲਗਾਈ ਗਈ ਹੈ ਅਤੇ ਜਿਨਾਂ੍ਹ ਦੇ ਹਾਲੇ ਪਹਿਲੀ ਡੋਜ਼ ਵੀ ਨਹੀਂ ਲੱਗੀ ਸੀ, ਉਨਾਂ੍ਹ ਦੇ ਪਹਿਲੀ ਡੋਜ਼ ਲਗਾਈ ਗਈ ਹੈ। ਉਨਾਂ੍ਹ ਦੱਸਿਆ ਕਿ ਜਿਨਾਂ੍ਹ ਫਰੰਟ ਲਾਈਨ ਵਰਕਰਾਂ, ਹੈਲਥ ਕੇਅਰ ਵਰਕਰਾਂ, 60 ਸਾਲ ਤੋਂ ਉਪਰ ਵਿਅਕਤੀਆਂ ਦੇ ਦੋਵੇਂ ਡੋਜ਼ਾਂ ਲੱਗ ਗਈਆਂ ਹਨ, ਉਨਾਂ੍ਹ ਨੂੰ ਬੂਸਟਰ ਡੋਜ਼ ਵੀ ਲਗਾਈ ਜਾ ਰਹੀ ਹੈ, ਜਿਸਨੂੰ ਹਰੇਕ ਯੋਗ ਵਿਕਅਤੀ ਨੂੰ ਪਹਿਲਕਦਮੀ ਨਾਲ ਲਗਾਉਣਾ ਚਾਹੀਦਾ ਹੈ, ਤਾਂ ਜੋ ਕਰੋਨਾ ਮਹਾਂਮਾਰੀ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ।