ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਬਹਿਬਲ ਮੋਰਚੇ ਦੇ ਆਗੂਆਂ ਵਲੋਂ ਰਾਸ਼ਟਰੀ ਰਾਜ ਮਾਰਗ ਨੰਬਰ 54 ਦੀ ਆਵਾਜਾਈ ਠੱਪ ਕਰ ਦੇਣ ਨਾਲ ਵਾਹਨ ਚਾਲਕਾਂ, ਰਾਹਗੀਰਾਂ, ਦੁਕਾਨਦਾਰਾਂ ਨੂੰ ਬਹੁਤ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜ ਅਤੇ ਛੇ ਫਰਵਰੀ ਦੀ ਦਰਮਿਆਨੀ ਰਾਤ ਨੂੰ ਦੂਰ ਦੁਰਾਡੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਪਿੰਡਾਂ ਵਿੱਚ ਦੀ ਬਹੁਤ ਪਰੇਸ਼ਾਨ ਹੋਣਾਂ ਪਿਆ, ਕਿਉਂਕਿ ਰਾਤ ਸਮੇਂ ਰਸਤਾ ਦੱਸਣ ਵਾਲਾ ਵੀ ਕੋਈ ਵੀ ਵਿਅਕਤੀ ਨਹੀਂ ਮਿਲਦਾ, ਬਹਿਬਲ ਮੋਰਚੇ ਦੇ ਆਗੂਆਂ ਵਲੋਂ ਸਕੂਲ, ਕਾਲਜ ਦੇ ਵਾਹਨਾਂ, ਐਂਬੂਲੈਂਸ, ਬਰਾਤ ਦੀਆਂ ਗੱਡੀਆਂ ਅਤੇ ਪੈ੍ਸ ਵਾਲੇ ਵਾਹਨ ਲੰਘਣ ਦੀ ਛੋਟ ਦੇਣ ਦੇ ਬਾਵਜੂਦ 6 ਫਰਵਰੀ ਦਿਨ ਸੋਮਵਾਰ ਨੂੰ ਸਿਰਫ ਐਂਬੂਲੈਂਸ ਹੀ ਲੰਘਣ ਦੀ ਪ੍ਰਵਾਨਗੀ ਸੀ ਜਦਕਿ ਪੁਲਿਸ ਨਾਕਿਆਂ ਤੋਂ ਹੋਰ ਕਿਸੇ ਕਿਸਮ ਦਾ ਵਾਹਨ ਨਹੀਂ ਲੰਘਣ ਦਿੱਤਾ ਗਿਆ, ਜਿਸ ਕਾਰਨ ਬਰਾਤ ਜਾਣ ਵਾਲੇ, ਸਕੂਲ, ਕਾਲਜ ਦੇ ਵਾਹਨ ਚਾਲਕਾਂ ਸਮੇਤ ਵਿਦਿਆਰਥੀ-ਵਿਦਿਆਰਥਣਾ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਹਿਬਲ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ,ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰਾਂ ਮੌਜੁੂਦਾ ਸੱਤਾਧਾਰੀ ਧਿਰ ਨੇ ਵੀ ਲਾਰੇ ਅਤੇ ਟਾਲਮਟੋਲ ਦੀ ਨੀਤੀ ਅਪਣਾ ਕੇ ਸਾਨੂੰ ਪੇ੍ਸ਼ਾਨ ਹੀ ਨਹੀਂ ਬਲਕਿ ਜਲੀਲ ਵੀ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਦੋਸ਼ੀ ਸਾਹਮਣੇ ਆ ਚੁੱਕੇ ਹਨ ਤਾਂ ਉਹਨਾ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?
ਦੂਜੇ ਪਾਸੇ ਗੋਲ਼ੀਕਾਂਡ ’ਚ ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਕਿਹਾ ਕਿ ਉਹ ਮੋਰਚੇ ਦੇ ਆਗੂਆਂ ਨਾਲ ਮੰਗਾਂ ਸਬੰਧੀ ਪੂਰੇ ਸਹਿਮਤ ਹਨ,ਧਰਨੇ ’ਚ ਗੈਰਹਾਜਰ ਹੋਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀ ਚੱਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ’ਤੇ ਧਰਨੇ ਲਗਾਕੇ ਦਬਾਅ ਪਾਉਣ ਤਾਂ ਜੋ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਈਆਂ ਜਾ ਸਕਣ, ਨਹੀਂ ਤਾਂ ਆਮ ਲੋਕਾਂ ਦਾ ਸਰਕਾਰਾਂ, ਪ੍ਰਸ਼ਾਸ਼ਨ ਸਮੇਤ ਨਿਆਂ ਪ੍ਰਣਾਲੀ ਤੋਂ ਵੀ ਵਿਸ਼ਵਾਸ਼ ਉੱਠ ਜਾਵੇਗਾ। ਉਹਨਾਂ ਦੁਹਰਾਇਆ ਕਿ ਇਨਸਾਫ ਮਿਲਣ ਤੱਕ ਆਵਾਜਾਈ ਠੱਪ ਰਹੇਗੀ।
ਜ਼ਿਕਰਯੋਗ ਹੈ ਕਿ ਆਵਾਜਾਈ ਬਹਾਲ ਕਰਨ ਲਈ ਬਹਿਬਲ ਕਲਾਂ ਦੇ ਆਸਪਾਸ ਦੇ ਕਈ ਸਰਪੰਚਾਂ ਸਮੇਤ ਹੋਰ ਸਮਾਜਸੇਵੀਆਂ ਵੱਲੋਂ ਮੋਰਚੇ ਦੇ ਆਗੂਆਂ ਨੂੰ ਰਾਸਤਾ ਬਹਾਲ ਕਰਨ ਦੀ ਅਪੀਲ ਕੀਤੀ ਸੀਤਾਂ ਜੋ ਆਮ ਬੇਕਸੂਰ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾਂਅ ਕਰਨਾ ਪਵੇ ਪਰ ਸਿੱਖ ਸੰਗਤਾਂ ਵੱਲੋਂ ਰਾਸਤਾ ਬਹਾਲ ਕਰਨ ਤੋਂ ਸਹਿਮਤ ਨਹੀ ਹੋਈਆਂ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਹਿਬਲ ਅਤੇ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਕਰ ਰਹੀਆਂ ਟੀਮਾਂ ਵੱਲੋਂ ਬਹੁਤ ਜਲਦੀ ਚਲਾਨ ਪੇਸ਼ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਰਾਜਪਾਲ ਸਿੰਘ ਨੇ ਕਿਹਾ ਕਿ ਆਮ ਲੋਕਾਂ ਨੂੰ ਪਰੇਸ਼ਾਨੀਆਂ ਤੋਂ ਬਚਣ ਲਈ ਪਿੰਡਾਂ ਦੀਆਂ ਲਿੰਕ ਸੜਕਾਂ ਰਾਹੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਨੂੰ ਰਾਸਤਾ ਬਹਾਲ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।