ਭੋਲਾ ਸ਼ਰਮਾ, ਜੈਤੋ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਫਰੀਦਕੋਟ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਦੀ ਮੰਗ ਹੈ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਅਤੇ ਮੁੱਖ ਮੰਤਰੀ ਜਥੇਬੰਦੀ ਦੀਆਂ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇਣ। ਇਸ ਮੌਕੇ ਬਲਾਕ ਪ੍ਰਧਾਨ ਖੁਸਪਾਲ ਕੌਰ ਭਾਗਥਲਾ ਨੇ ਕਿਹਾ ਕਿ ਆਂਗਨਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 'ਚ ਖੋਹ ਕੇ ਸਰਕਾਰੀ ਪ੍ਰਰਾਇਮਰੀ ਸਕੂਲਾਂ 'ਚ ਭੇਜ ਦਿੱਤੇ ਸਨ, ਨੂੰ ਵਾਪਸ ਸੈਂਟਰਾਂ 'ਚ ਭੇਜਿਆ ਜਾਵੇ ਅਤੇ ਆਂਗਨਵਾੜੀ ਵਰਕਰ ਨੂੰ ਪ੍ਰਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਜਦੋਂ ਤੱਕ ਇਹ ਲਾਗੂ ਨਹੀਂ ਹੁੰਦਾ, ਉਦੋਂ ਤੱਕ ਸਰਕਾਰ ਆਪਣੇ ਵਾਅਦੇ ਅਨੁਸਾਰ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਕਰੇ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇ 4 ਸਾਲਾਂ ਤੋਂ ਖਾਲੀ ਪਈਆਂ ਹਜਾਰਾਂ ਅਸਾਮੀਆਂ ਦੀ ਭਰਤੀ ਤੁਰਤ ਕਰਨ, ਐੱਨ.ਜੀ.ਓ. ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਉਣ, ਵਰਕਰਾਂ ਨੂੰ ਸਮਾਰਟ ਫੋਨ ਦੇਣ, ਮਿੰਨੀ ਆਂਗਨਵਾੜੀ ਵਰਕਰ ਨੂੰ ਪੂਰੀ ਆਂਗਨਵਾੜੀ ਵਰਕਰ ਦਾ ਦਰਜਾ ਦੇਣ। ਇਸ ਮੌਕੇ ਯੂਨੀਅਨ ਦੀਆਂ ਆਗੂ ਸਰਬਜੀਤ ਕੌਰ, ਪਰਮਜੀਤ ਕੌਰ, ਸੁਹਨਜੀਤ ਕੌਰ, ਰਾਜਵਿੰਦਰ ਕੌਰ, ਦਵਿੰਦਰ ਕੌਰ, ਹਰਜੀਤ ਕੌਰ, ਸੁਖਵਿੰਦਰਪਾਲ ਕੌਰ, ਰਜਨੀ, ਮਨਦੀਪ ਕੌਰ, ਮਨਿੰਦਰ ਕੌਰ ਅਤੇ ਸੁਰਿੰਦਰ ਕੌਰ, ਹਰਭਿੰਦਰ ਜੀਤ ਕੌਰ ਆਦਿ ਮੌਜੂਦ ਸਨ।