ਰੋਹਿਤ ਕੁਮਾਰ, ਚੰਡੀਗਡ਼੍ਹ: ਵਿਜੀਲੈਂਸ ਵਿਭਾਗ ਵੱਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਜਾਇਦਾਦਾਂ ਨੂੰ ਅਟੈਚ ਕਰਨ ਦੀ ਕਾਰਵਾਈ ਜਲਦੀ ਅਮਲ ਵਿਚ ਲਿਆਂਦੀ ਜਾ ਸਕਦੀ ਹੈ।
ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ 1000 ਕਰੋਡ਼ ਰੁਪਏ ਦੇ ਫੰਡ ਵਿੱਚੋਂ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰ ਨੇ ਇਹ ਫੰਡ ਨਵੇਂ ਰੁੱਖ ਲਾਉਣ ਲਈ ਦਿੱਤਾ ਸੀ। ਹੁਣ ਤਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਫੰਡ ਵਿੱਚੋਂ ਕੁਝ ਹੀ ਦਰੱਖਤ ਲਾਏ ਗਏ ਸਨ ਅਤੇ ਫੰਡ ਨੂੰ ਖ਼ੁਰਦ ਬੁਰਦ ਕੀਤਾ ਗਿਆ ਸੀ। ਕਿੰਨੇ ਦਰੱਖਤ ਸਨ? ਕਿੱਥੇ ਲਗਾਏ ਗਏ? ਇਸ ਬਾਰੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।
ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਧਰਮਸੋਤ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਦਰੱਖਤਾਂ ਦੀ ਕਟਾਈ ਤੇ ਜੰਗਲਾਤ ਅਧਿਕਾਰੀਆਂ ਦੀ ਤਾਇਨਾਤੀ ਦੇ ਬਦਲੇ ਜਿੰਨਾ ਪੈਸਾ ਲਿਆ ਜਾਂਦਾ ਸੀ, ਉਹ ਉੱਪਰ ਤਕ ਜਾਂਦਾ ਸੀ। ਉਪਰਲੇ ਪੱਧਰ ਤਕ ਭ੍ਰਿਸ਼ਟਾਚਾਰ ਦੀ ਪੂਰੀ ਜਾਣਕਾਰੀ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਵਿਚ ਵਿਜੀਲੈਂਸ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਉੱਚ ਅਹੁਦਿਆਂ ’ਤੇ ਰਹੇ ਸਿਆਸਤਦਾਨਾਂ ਨੂੰ ਪੁੱਛਗਿੱਛ ਲਈ ਬੁਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਵਿਜੀਲੈਂਸ ਵੱਲੋਂ ਪੁੱਛਗਿੱਛ ਲਈ ਸੱਦੇ ਗਏ ਕੁਝ ਡੀਐੱਫਓਜ਼ ਨੇ ਅਦਾਲਤ ਵਿਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ।
ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਵਿਚ ਜੰਗਲਾਤ ਮੰਤਰੀ ਰਹੇ ਧਰਮਸੋਤ ਨੂੰ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ। ਇਸੇ ਕੇਸ ਵਿਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦਾ ਨਾਂ ਵੀ ਸੀ, ਜੋ ਹਾਲੇ ਤਕ ਫ਼ਰਾਰ ਹੈ। ਧਰਮਸੋਤ ’ਤੇ ਠੇਕਾ ਦਿੱਤੇ ਜਾਣ ਤੋਂ ਬਾਅਦ ਕੱਟੇ ਗਏ ਹਰ ਦਰੱਖਤ ਲਈ 500 ਰੁਪਏ ਤੇ ਡੀਐਫਓ ਦੀ ਤਾਇਨਾਤੀ ਲਈ 10 ਤੋਂ 20 ਲੱਖ ਰੁਪਏ ਦਾ ਹਿੱਸਾ ਲੈਣ ਦਾ ਦੋਸ਼ ਹੈ।