ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਭਾਰਤ ਦੀ ‘ਏਕਤਾ-ਅਖੰਡਤਾ’ ਕਾਇਮ ਰੱਖਣ ਦੇ ਬਹਾਨੇ ਜੂਨ ਚੁਰਾਸੀ ਵਿੱਚ ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਕੀਤੇ ਫੌਜੀ ਹਮਲੇ ਨੇ ਅਸਲ ਵਿੱਚ ਭਾਰਤੀ ਲੋਕਤੰਤਰ ਮੁੱਢੋਂ ਹੀ ਬਦਲ ਕੇ ਇਸਨੂੰ ਬਹੁਗਿਣਤੀ-ਸਮਾਜ ਤੰਤਰ (Majoritarianism) ਦੀਆਂ ਲੀਹਾਂ ਉੱਤੇ ਤੌਰ ਦਿੱਤਾ।
ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿੱਚ ਅੱਜ ਨੀਲਾ ਤਾਰਾ ਸਾਕਾ ਦੀ 38 ਵੀਂ ਬਰਸੀ ਉੱਤੇ ਇੱਕਠੇ ਹੋਏ ਬੁੱਧੀਜੀਵੀਆਂ/ਚਿੰਤਕਾਂ ਨੇ ਕਿਹਾ 1980 ਵੇ ਦੀਆਂ ਦੁਖਾਂਤਕ ਘਟਨਾਵਾਂ ਨੇ ਭਾਰਤੀ ਧਰਮ-ਨਿਰਪੱਖ ਸੰਵਿਧਾਨਕ ਜਮਹੂਰੀਅਤ ਨੂੰ ਹੋਰ ਪਕੇਰਾ ਹੋਣ ਸਿਰਫ ਰੋਕਿਆ ਹੀ ਨਹੀਂ ਬਲਕਿ ਸਿਆਸੀ ਪਾਰਟੀਆਂ/ਲੀਡਰਾਂ ਨੂੰ ਰਾਜਸੱਤਾ ਹਥਿਆਉਣ ਲਈ “ਵੋਟਬੈਂਕ” ਖੜ੍ਹੇ ਕਰਨ ਵੱਲ ਸੇਧਿਤ ਕਰ ਦਿੱਤਾ।
ਨੀਲਾ ਤਾਰਾ ਸਾਕਾ ਦੀ ਪਿੱਠ ਭੂਮੀ ਨੂੰ ਫਲੋਰਦਿਆਂ, ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਇੰਦਰਾ ਗਾਂਧੀ ਨੇ 1980 ਵਿੱਚ ਸੱਤਾ ਹਾਸਲ ਕਰਨ ਤੋਂ ਬਾਅਦ, ਕਾਂਗਰਸ ਨੇ ਘੱਟ-ਗਿਣਤੀਆਂ ਦਲਿਤਾਂ ਅਤੇ ਦੱਬੇ-ਕੁਚੱਲੇ ਲੋਕਾਂ ਨੂੰ ਆਧਾਰ ਬਣਾਉਣ ਵਾਲੀਆਂ ਪਾਰਟੀ ਦੀਆਂ ਪਹਿਲੀਆਂ ਨੀਤੀਆਂ ਨੂੰ ਤਿਲਾਂਜਲੀ ਦੇ ਕੇ, ਵੱਡੇ ਬਹੁਗਿਣਤੀ ਹਿੰਦੂ ਸਮਾਜ ਵਿੱਚ ਆਪਣਾ ਆਧਾਰ ਬਣਾਉਣ ਦੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਇਸੇ ਨੀਤੀ ਦੇ ਅਧੀਨ, ਇੰਦਰਾ ਗਾਂਧੀ ਨੇ ਆਰ.ਐਸ.ਐਸ ਦੇ ਮੁੱਖੀ ਬਾਲਾਜੀ ਦੇਵਰਸ ਨਾਲ ਸਿਆਸੀ ਨੇੜ੍ਹਤਾ ਖੜ੍ਹੀ ਕਰਕੇ ਬਹੁਗਿਣਤੀ ਹਿੰਦੂ ਭਾਵਨਾਵਾ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਉਪ ਚੇਅਰਮੈਂਨ ਪ੍ਰੋ. ਬਾਵਾ ਸਿੰਘ, ਅਖਬਾਰਾਂ ਅਤੇ ਸਰਕਾਰੀ ਮੀਡੀਆ-ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਨੂੰ ਸੱਤਾ ਦੇ ਜ਼ੋਰ ਨਾਲ ਵਰਤਕੇ, ਅਕਾਲੀਆਂ ਵੱਲੋਂ ਉਠਾਈਆਂ ਪੰਜਾਬ ਦੀਆਂ ਮੰਗਾਂ ਨੂੰ ਫਿਰਕੂ ਰੰਗਤ ਦਿੱਤੀ। ਦਰਬਾਰ ਸਾਹਿਬ ਤੋਂ ਅਗਸਤ 1982 ਵਿੱਚ ਆਰੰਭ ਕੀਤੇ “ਧਰਮ ਯੁੱਧ ਮੋਰਚੇ” ਨੂੰ ਵੱਖਵਾਦੀ, ਅੱਤਵਾਦੀ ਅਤੇ ਦੇਸ਼ ਦੇ ਟੁਕੜ੍ਹੇ ਕਰਨ ਵਾਲੀ ਮੁਹਿੰਮ ਦੱਸਿਆ। ਇਸ ਸਬੰਧ ਵਿੱਚ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਅਖਬਾਰਾਂ/ਮੀਡੀਆ ਨੇ ਵੀ ਸਰਕਾਰੀ ਪ੍ਰਾਪੇਗੰਡੇ ਦੀ ਮਸ਼ੀਨ ਦਾ ਰੂਪ ਧਾਰਦਿਆਂ ਪੰਜਾਬੀਆਂ ਨੂੰ ਫਿਰਕੂ ਲੀਹਾਂ ਉੱਤੇ ਵੰਡਿਆ। ਦਰਬਾਰ ਸਾਹਿਬ ਨੂੰ ਅਪਰਾਧੀਆਂ ਦਾ ਅੱਡਾ, ਸਿੱਖ ਭਾਈਚਾਰੇ ਨੂੰ ਪਾਕਿਸਤਾਨੀ ਸਾਜ਼ਿਸ਼ ਦਾ ਭਾਗੀਦਾਰ ਪ੍ਰਚਰਾਦਿਆਂ ਸਿੱਖਾਂ ਨੂੰ ਅੱਤਵਾਦੀ ਅਤੇ ਹਿੰਦੂਆਂ ਦੇ ਕਾਤਲ ਗਰਦਾਨਿਆ ਗਿਆ।
ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਇੱਕ ਪਾਸੇ ਸਿੱਖ ਭਾਈਚਾਰੇ ਨੂੰ ਦੈਂਤ ਪੇਸ਼ ਕਰਨ ਦੀ ਮੁੰਹਿਮ ਜਾਰੀ ਰੱਖੀ ਦੂਜੇ ਪਾਸੇ ਇੰਦਰਾ ਗਾਂਧੀ ਦੀ ਸਰਕਾਰ ਨੇ ਧਰਮਯੁੱਧ ਮੋਰਚੇ ਦੇ 22 ਮਹੀਨਿਆਂ ਦੌਰਾਨ ਅਕਾਲੀ ਲੀਡਰਾਂ ਨਾਲ ਪੰਜਾਬ ਦੀਆਂ ਮੰਗਾਂ ਦੇ ਸਬੰਧ ਵਿੱਚ 26 ਮੀਟਿੰਗਾਂ ਕਰਨ ਦਾ ਪ੍ਰਪੰਚ ਰਚਿਆ। ਬਹੁਗਿਣਤੀ ਦੀਆਂ ਭਾਵਨਾਵਾਂ ਨੂੰ ਭੀੜ-ਤੰਤਰ ਵਿੱਚ ਬਦਲਣ ਲਈ ਸਿੱਖ ਭਾਈਚਾਰੇ ਨੂੰ ਦੇਸ਼-ਧ੍ਰੋਹੀ ਪੇਸ਼ ਕਰਕੇ ਅਨੰਦਪੁਰ ਸਾਹਿਬ ਮਤੇ ਨੂੰ ਦੇਸ਼ ਤੋੜਨ ਦਾ ਦਸਤਾਵੇਜ਼ ਗਰਦਾਨਿਆ। ਪੰਜਾਬ ਵਿੱਚ ਹਿੰਸਾਂ ਨੂੰ ਸਰਕਾਰੀ ਹੇਰਾ-ਫੇਰੀਆਂ ਰਾਹੀਂ ਚਰਮ-ਸੀਮਾਂ ਉੱਤੇ ਪਹੁੰਚਾ ਦਿੱਤਾ। ਇਸ ਤਰ੍ਹਾਂ ਸਿਰਜੇ ਮਾਹੌਲ ਵਿੱਚ ਭਾਜਪਾ ਅਤੇ ਖੱਬੇ ਪੱਖੀ ਵਿਰੋਧੀ ਪਾਰਟੀਆਂ ਦਰਬਾਰ ਸਾਹਿਬ ਵਿੱਚ ਫੌਜ ਭੇਜਣ ਦੀ ਮੰਗ ਕਰਨ ਲੱਗ ਪਈਆਂ। ਪੰਜਾਬੀਆਂ/ਸਿੱਖਾਂ ਦੀ ਨਾਬਰੀ ਨੂੰ ਦਰੜ੍ਹਣ ਲਈ ਉਪਰੋ ਸ਼ਾਤੀ ਦਾ ਰਾਗ ਅਲਾਪਦਿਆ ਇੰਦਰਾਂ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਵਾ ਦਿੱਤਾ। ਅਖਬਾਰ/ਮੀਡੀਆਂ ਮੂੰਹ ਪੂਰੀ ਤਰ੍ਹਾਂ ਬੰਦ ਕਰਕੇ, ਸਾਰੇ ਪੰਜਾਬ ਉੱਤੇ ਕਰਫਿਊ ਲਾ ਕੇ, ਫੌਜ ਨੇ ਸੈਂਕੜੇ ਬੇਦੋਸ਼ਿਆਂ ਬੱਚੇ, ਬੁੱਢੇ ਅਤੇ ਔਰਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਫੌਜੀ ਹਮਲੇ ਦੌਰਾਨ ਤਬਾਹ ਹੋਏ ਅਕਾਲ ਤਖਤ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੁਖਾਂਤਕ ਘਟਨਾਵਾਂ ਨੇ ਸਿੱਖ ਫੌਜੀਆਂ ਲਈ ਧਾਰਮਿਕ ਪੱਧਰ ਉੱਤੇ ਬਹੁਤ ਦੁਖਦਾਈ ਕੀਤ ਅਤੇ ਕਈ ਬਗਾਵਤ ਦੇ ਰਾਹ ਪੈ ਗਏ।
ਚੇਤਨ ਸਿੰਘ (ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ) ਇੱਕ ਮਹੀਨੇ ਦੇ ਅੰਦਰ ਅੰਦਰ ਇੰਦਰਾਂ ਸਰਕਾਰ ਨੇ ਫੌਜੀ ਹਮਲੇ ਨੂੰ ਸਹੀ ਕਰਾਰ ਦੇਣ ਲਈ “ਵਾਈਟ ਪੇਪਰ” ਜਾਰੀ ਕਰ ਦਿੱਤਾ। 1947 ਦੀ ਪੰਜਾਬ ਵੰਡ ਦੀ ਤਰਜ਼ ਉੱਤੇ ਦਰਬਾਰ ਸਾਹਿਬ ਅੰਦਰ ਮਾਰੇ ਗਏ ਆਮ ਲੋਕਾਂ ਦੀਆਂ ਸਹੀ ਲਿਸਟਾਂ ਨਹੀਂ ਕੀਤੀਆਂ ਗਈਆਂ। ਭਾਈ ਅਸ਼ੋਕ ਸਿੰਘ ਬਾਗੜੀਆ ਨੇ ਕਿਹਾ ਹਮਲਾ ਕਰਨ ਪਿੱਛੇ ਝੂਠੇ ਦਾਆਵੇ ਕੀਤੇ ਗਏ ਕਿ ਦਰਬਾਰ ਸਾਹਿਬ ਅੰਦਰੋ ‘ਖਾਲਿਸਤਾਨ’ ਦਾ ਐਲਾਨ ਹੋਣ ਵਾਲਾ ਸੀ ਜਿਸਨੂੰ ਪਾਕਿਸਤਾਨ ਵੱਲੋਂ ਮਾਨਤਾ ਦੇਣ ਦੀ ਯੋਜਨਾ ਸੀ।” ਜਦੋਂ ਕਿ ਫੌਜੀ ਹਮਲਾ ਹੋਣ ਤੋਂ ਬਾਅਦ ਵੀ, ਦਰਬਾਰ ਸਾਹਿਬ ਅੰਦਰ ਦੋਨਾਂ ਸੰਤਾਂ-ਹਰਚੰਦ ਸਿੰਘ ਲੌਗੋਂਵਾਲ ਅਤੇ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ‘ਖਾਲਿਸਤਾਨ ਦਾ ਐਲਾਨ’ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ।
ਰਾਜਵਿੰਦਰ ਸਿੰਘ ਰਾਹੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੌਜੀ ਹਮੇਲ ਵਿੱਚ ਨੁਕਸਾਨੀ ਗਈ ਵੱਡਮੁੱਲੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈਣ ਬਾਰੇ ਅਪਣਾਏ ਉਦਾਸੀਨ ਰਵੀਏ ਦਾ ਕੱਚਾ ਚਿੱਠਾ ਖੋਲਿਆ।
ਬੁਧੀਜੀਵੀਆਂ ਦੇ ਇਕੱਠ ਨੇ ਮਤਾ ਪਾਸ ਕੀਤਾ ਕਿ ਉਸ ਸਮੇਂ ਰੱਖੀ ਗਈ ਬਹੁ-ਗਿਣਤੀ ਰਾਜ ਪ੍ਰਬੰਧ ਦੀ ਨੀਂਹ ਅੱਜਕਲ ਭਾਜਪਾ ਦੇ ਹਿੰਦੂ-ਰਾਸ਼ਟਰ ਖੜ੍ਹਾ ਕਰਨ ਦੇ ਅਮਲ ਵਿੱਚ ਬਦਲ ਗਈ ਹੈ ਅਤੇ ਕਾਂਗਰਸ ਵੱਲੋਂ ਧਰਮ ਨਿਰਪੱਖ ਸਿਆਸਤ ਨੂੰ ਮੁੜ੍ਹ ਖੜ੍ਹੀ ਕਰਨ ਦੀਆਂ ਕੋਸ਼ਿਸ਼ਾਂ ਫੇਲ੍ਹ ਹੋ ਰਹੀਆਂ ਹਨ।
ਭਾਰਤੀ ਜਮਹੂਰੀਅਤ ਨੂੰ ਪਾਕਿਸਤਾਨ ਅਤੇ ਇਜ਼ਰਾਈਲ ਦੀ ਤਰਜ਼ ਉੱਤੇ ਹੀ ਬਹੁਗਿਣਤੀ ਰਾਜ ਪ੍ਰਬੰਧ ਬਣ ਜਾਣ ਤੋਂ ਰੋਕਣਾ ਵੱਡੀ ਚੁਣੌਤੀ ਹੈ। ਰਾਸ਼ਟਰਵਾਦੀ ਰਾਜਪ੍ਰਬੰਧ ਅੰਦਰ ਭਾਰਤ ਵਿੱਚ ਕੇਂਦਰੀਵਾਦ ਵਧਿਆ ਅਤੇ ਸੂਬਿਆਂ ਦੇ ਅਧਿਕਾਰਾਂ ਨੂੰ ਵੱਡੀ ਸੰਨ ਲੱਗੀ ਹੈ। ਜਮਹੂਰੀ ਤਾਕਤਾਂ, ਦਲਿਤਾਂ, ਘੱਟਗਿਣਤੀਆਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਇਕੱਠੇ ਹੋਕੇ ਰਾਸ਼ਟਰਵਾਦ ਦੀ ਹਿੰਸਕ ਮੁਹਿੰਮ ਨੂੰ ਨੱਥ ਪਾਉਣੀ ਪਵੇਗੀ ਅਤੇ ਆਉਂਦਿਆਂ 2024 ਦੀ ਪਾਰਲੀਮਾਨੀ ਚੋਣਾਂ ਲਈ ਭਾਜਪਾ ਵੱਲੋਂ ਕਸ਼ਮੀਰ, ਖਾਲਿਸਤਾਨ ਅਤੇ ਮੁਸਲਮਾਨ ਕਾਰਡ ਨੂੰ ਵਰਤਕੇ ਹਿੰਦੂ ਭਾਵਨਾਵਾਂ ਨੂੰ ਖੜ੍ਹਾ ਕਰਨ ਵਿਰੁੱਧ ਲਾਮਬੰਦ ਹੋਣਾ ਪਵੇਗਾ।
ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਸ਼ਾਮ ਸਿੰਘ ਪ੍ਰਧਾਨ (ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) ਨੇ ਕੀਤੀ.ਇਸ ਸਮਾਗਮ ਵਿੱਚ ਸੁਰਿੰਦਰ ਸਿੰਘ ਕਿਸ਼ਨਪੁਰਾ, ਹਰਬੰਸ ਸਿੰਘ ਢੋਲੇਵਾਲ, ਪ੍ਰੋ. ਮਨਜੀਤ ਸਿੰਘ, ਪ੍ਰੋ. ਕੁਲਦੀਪ ਸਿੰਘ, ਹੈੱਡ ਮਾਸਟਰ ਸੁੱਚਾ ਸਿੰਘ, ਬੀਬੀ ਹਰਮੀਤ ਕੌਰ ਬਰਾੜ, ਪੱਤਰਕਾਰ ਪ੍ਰੀਤਮ ਰੁਪਾਲ, ਜਸਪਲਾ ਸਿੰਘ ਸਿੱਧੂ, ਇੰਜ. ਸੁਰਿੰਦਰ ਸਿੰਘ ਤੇ ਨਵਜ਼ੇਤ ਸਿੰਘ (ਗਿਆਨੀ ਦਿੱਤ ਸਿੰਘ ਫਾਉਂਡੇਸ਼ਨ), ਆਦਿ ਸ਼ਾਮਿਲ ਹੋਏ।