ਸੁਨੀਲ ਕੁਮਾਰ ਭੱਟੀ, ਡੇਰਾਬੱਸੀ
ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਦੇ ਘਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਰਾਹਤ ਦੇਣ ਲਈ ਮਲਕੀਅਤ ਦਾ ਹੱਕ ਦੇਣ ਲਈ ਚਾਲੂ ਕੀਤੀ ਗਈ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਹਲਕੇ ਦੇ ਪਿੰਡਾਂ 'ਚ ਸਰਵੇ ਸ਼ੁਰੂ ਕਰ ਦਿੱਤਾ ਹੈ। ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਇਸ ਸਕੀਮ ਦੀ ਸ਼ੁਰੂਆਤ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਜੱਦੀ ਪਿੰਡ ਬਾਕਰਪੁਰ ਤੋਂ ਕੀਤੀ ਗਈ ਹੈ। ਇਸ ਤਹਿਤ ਹਲਕੇ ਦੇ ਸਾਰੇ ਪਿੰਡਾਂ ਦਾ ਸਰਵੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਾਲੂ ਕੀਤੀ ਸਕੀਮ ਤਹਿਤ ਪਿੰਡਾਂ ਅਤੇ ਸ਼ਹਿਰਾਂ 'ਚ ਲਾਲ ਲਕੀਰ ਦੇ ਅੰਦਰ ਵਸੇ ਲੋਕਾਂ ਨੂੰ ਮਾਲਕੀ ਦੇ ਹੱਕ ਦੇਣ ਲਈ ਸਰਵੇ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨੂੰ ਡਿਜੀਟਲ ਮੈਪਿੰਗ ਲਈ ਪੇਂਡੂ 'ਤੇ ਸ਼ਹਿਰੀ ਇਲਾਕਿਆਂ 'ਚ ਅਜਿਹੀਆਂ ਰਿਹਾਇਸ਼ੀ ਜਾਇਦਾਦਾਂ ਦਾ ਡਰੋਨ ਸਰਵੇ ਕਰਨ ਦਾ ਜਿੰਮਾ ਸੌਂਪਿਆ ਗਿਆ ਹੈ। ਸਰਵੇ ਮੁਕੰਮਲ ਹੋਣ ਮਗਰੋਂ ਸਾਰੇ ਯੋਗ ਵਸਨੀਕਾਂ ਨੂੰ ਢੁਕਵੀਂ ਸ਼ਨਾਖ਼ਤ ਤਸਦੀਕ ਕਰਨ ਪਿੱਛੋਂ ਉਨਾਂ੍ਹ ਨੂੰ ਜਾਇਦਾਦ ਦਾ ਮਾਲਕਾਣਾ ਹੱਕ ਦੇਣ ਲਈ ਜਾਇਦਾਦ ਕਾਰਨ (ਸੰਨਦ) ਦਿੱਤੇ ਜਾਣਗੇ। ਇਸ ਪ੍ਰਕਿਰਿਆ ਤੋਂ ਪਹਿਲਾਂ ਲਾਭਪਾਤਰੀਆਂ ਨੂੰ ਇਸ ਸਬੰਧੀ ਆਪਣੇ ਇਤਰਾਜ਼ ਦਾਇਰ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਸੀ। ਇਸ ਸਬੰਧੀ ਲੋਕਾਂ ਪਾਸੋਂ ਕੋਈ ਜਵਾਬ ਨਾ ਆਉਣ ਦੀ ਸੂਰਤ 'ਚ ਜਾਇਦਾਦ ਕਾਰਡ ਜਾਰੀ ਕਰ ਦਿੱਤੇ ਜਾਣਗੇ ਜਿਸ ਨਾਲ ਰਜਿਸਟਰੀ ਦਾ ਮੰਤਵ ਪੂਰਾ ਹੋ ਜਾਏਗਾ। ਮਾਲਕੀ ਦਾ ਹੱਕ ਮਿਲਣ ਮਗਰੋਂ ਉਹ ਬੈਂਕਾਂ ਪਾਸੋਂ ਕਰਜ਼ਾ ਹਾਸਲ ਕਰਨ ਜਾਂ ਜਾਇਦਾਦ ਵੇਚ ਵੱਟ ਸਕਦੇ ਹਨ ਜਿਸ ਨਾਲ ਜਾਇਦਾਦ ਦੀ ਕੀਮਤ ਵਧੇਗੀ। ਇਸ ਮੌਕੇ ਤਹਿਸੀਲਦਾਰ ਕੁਲਦੀਪ ਸਿੰਘ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਕਾਨੂੰਨਗੋ ਮਧੂਰਿੰਦਰ ਰਾਓ ਗੌਤਮ, ਪਟਵਾਰੀ ਬਲਜੀਤ ਸਿੰਘ ਅਤੇ ਵਿਧਾਇਕ ਦੇ ਭਰਾ ਪਰਮਜੀਤ ਸਿੰਘ ਰੰਧਾਵਾ ਅਤੇ ਪਿੰਡ ਦੇ ਵਸਨੀਕ ਮੌਜੂਦ ਸਨ।