ਜੈ ਸਿੰਘ ਛਿੱਬਰ, ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਾਂਗਰਸ ਦੇ ਇਕ ਹੋਰ ਸਾਬਕਾ ਮੰਤਰੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੌਰਾਨ ਹੋਏ ਖੇਡ ਕਿੱਟ ਘੁਟਾਲੇ ਦੀ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਇਕ ਉੱਚ ਅਧਿਕਾਰੀ ਨੇ ਖੇਡ ਕਿੱਟ ਘੁਟਾਲੇ ਦੀ ਜਾਂਚ ਸ਼ੁਰੂ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਬਕਾ ਖੇਡ ਮੰਤਰੀ, ਸਾਬਕਾ ਸੈਕਟਰੀ (ਖੇਡਾਂ) ਅਜੋਏ ਸ਼ਰਮਾ ਤੇ ਤੱਤਕਾਲੀ ਡਾਇਰੈਕਟਰ ਪਰਮਿੰਦਰਪਾਲ ਸਿੰਘ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਪੁੱਛਗਿੱਛ ਲਈ ਸਾਬਕਾ ਖੇਡ ਮੰਤਰੀ, ਆਈਏਐੱਸ ਅਧਿਕਾਰੀ ਅਜੋਏ ਸ਼ਰਮਾ ਤੇ ਡਾਇਰੈਕਟਰ ਪਰਮਿੰਦਰਪਾਲ ਸਿੰਘ ਨੂੰ ਸੰਮਨ ਕਰ ਸਕਦੀ ਹੈ।
ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖਿਡਾਰੀਆਂ ਨੂੰ ਖੇਡ ਕਿੱਟਾਂ ਦੇਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਕਾਰਜ ਲਈ 3.33 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ। ਬਜਟ ਮੁਤਾਬਕ ਇਕ ਖਿਡਾਰੀ ਨੂੰ ਤਿੰਨ ਹਜ਼ਾਰ ਰੁਪਏ ਕਿੱਟ ਲਈ ਦਿੱਤੇ ਜਾਣੇ ਸਨ। ਫੈਸਲੇ ਮੁਤਾਬਿਕ ਤਿੰਨ ਹਜ਼ਾਰ ਰੁਪਏ ਲਾਭ ਪਾਤਰੀ ਖਿਡਾਰੀਆਂ ਦੇ ਖਾਤੇ ’ਚ ਟਰਾਂਸਫਰ ਕਰ ਦਿੱਤੇ ਗਏ ਤਾਂ ਜੋ ਉਹ ਆਪਣੀ ਮਰਜ਼ੀ ਤੇ ਸਾਈਜ ਮੁਤਾਬਿਕ ਕਿੱਟ ਖ਼ਰੀਦ ਸਕਣ। ਪਰ ਖਿਡਾਰੀਆਂ ਦੇ ਖਾਤੇ ’ਚ ਰਕਮ ਟਰਾਂਸਫਰ ਹੋਣ ਤੋਂ ਬਾਅਦ ਕੋਚਾ ਰਾਹੀਂ ਵਾਪਸ ਲੈ ਲਈ ਗਈ, ਜਾਂ ਚੈੱਕ ਤੇ ਬੈਂਕ ਡਰਾਫਟ ਕੁੱਝ ਖ਼ਾਸ ਫਰਮਾਂ ਦੇ ਨਾਮ ’ਤੇ ਬਣਾਉਣ ਲਈ ਕਿਹਾ ਗਿਆ। ਦੱਸਿਆ ਜਾਂਦਾ ਹੈ ਕਿ 6200 ਤੋਂ ਵੱਧ ਖਿਡਾਰੀਆਂ ਤੋਂ ਇਹ ਰਾਸ਼ੀ ਵਾਪਸ ਲਈ ਗਈ ਸੀ।
ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇਕ ਸਾਬਕਾ ਅਧਿਕਾਰੀ ਤੇ ਖਿਡਾਰੀ ਨੇ ਖੇਡ ਕਿੱਟ ਦੇ ਨਾਮ ’ਤੇ ਹੋਏ ਘਪਲੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਸੀ। ਮਾਨ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੂੰ ਜਾਂਚ ਕਰਨ ਦੀ ਹਰੀ ਝੰਡੀ ਦੇ ਦਿੱਤੀ ਸੀ। ਪੰਜਾਬੀ ਜਾਗਰਣ ਨੇ 17 ਦਸੰਬਰ 2022 ਨੂੰ ‘ਖੇਡ ਕਿੱਟ ਘੁਟਾਲੇ ਦੀ ਜਾਂਚ ਲਈ ਵਿਜੀਲੈਂਸ ਨੂੰ ਹਰੀ ਝੰਡੀ’ ਸਿਰਲੇਖ ਤਹਿਤ ਖ਼ਬਰ ਪ੍ਰਕਾਸ਼ਿਤ ਕੀਤੀ ਸੀ।
ਸੂਤਰਾਂ ਮੁਤਾਬਕ ਆਈਏਐੱਸ ਅਧਿਕਾਰੀ ਅਜੋਏ ਸ਼ਰਮਾ ਵੱਲੋਂ ਮੁਹੱਲਾ ਕਲੀਨਿਕ ਖੋਲ੍ਹਣ ਸਬੰਧੀ ਸਰਕਾਰ ਦੀ ਇੱਛਾ ਮੁਤਾਬਕ ਕੰਮ ਨਾ ਕਰਨ ਤੋਂ ਬਾਦ ਵਿਜੀਲੈਂਸ ਨੇ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਕਿਸੇ ਵੀ ਸਮੇਂ ਸਾਬਕਾ ਖੇਡ ਮੰਤਰੀ ਤੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰ ਸਕਦੀ ਹੈ।
ਯਾਦ ਰਹੇ ਕਿ ਹੁਣ ਤੱਕ ਵਿਜੀਲੈਂਸ ਸਾਬਕਾ ਕਾਂਗਰਸੀ ਮੰਤਰੀਆਂ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਸ਼ਿਆਮ ਸੁੰਦਰ ਅਰੋੜਾ, ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਕੇਸ ਦਰਜ ਕਰ ਚੁੱਕੀ ਹੈ। ਇਸੇ ਤਰ੍ਹਾਂ ਸਾਬਕਾ ਡਿਪਟੀ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਵੀ ਵਿਜੀਲੈਂਸ ਦੀ ਰਾਡਾਰ ’ਤੇ ਹਨ।