ਚੰਡੀਗੜ੍ਹ (ਪੀਟੀਆਈ) : ਪਹਾੜਾਂ ’ਚ ਹੋ ਰਹੀ ਬਰਫ਼ਬਾਰੀ ਨੇ ਪੰਜਾਬ ਤੇ ਹਰਿਆਣਾ ਨੂੰ ਠਾਰ ਕੇ ਰੱਖ ਦਿੱਤਾ ਹੈ। ਐਤਵਾਰ ਨੂੰ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਪੰਜਾਬ ’ਚ ਗੁਰਦਾਸਪੁਰ ਸਭ ਤੋਂ ਠੰਢਾ ਰਿਹਾ ਜਿੱਥੇ ਪਾਰਾ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਟਿਆਲੇ ਦਾ ਤਾਪਮਾਨ 7.5 ਡਿਗਰੀ, ਜਲੰਧਰ ਦਾ 8.6 ਡਿਗਰੀ, ਮੋਗੇ ਦਾ 6.3 ਡਿਗਰੀ, ਲੁਧਿਆਣੇ ਦਾ 8.7 ਡਿਗਰੀ ਤੇ ਅੰਮ੍ਰਿਤਸਰ ਦਾ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣੇ ਦੇ ਹਿਸਾਰ ਦਾ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸਿਰਸੇ ਦਾ ਤਾਪਮਾਨ 6.1 ਡਿਗਰੀ ਤੇ ਗੁਰੂਗ੍ਰਾਮ ਦਾ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ ਦਾ ਹਾਲ
ਦੇਸ਼ ਦੀ ਰਾਜਧਾਨੀ ਦਿੱਲੀ ਦਾ ਤਾਪਮਾਨ 8.1 ਡਿਗਰੀ ਸੈਲਸੀਅਸ ਰਿਹਾ ਜੋ ਕਿ ਸਾਧਾਰਨ ਨਾਲੋਂ ਇਕ ਦਰਜਾ ਹੇਠਾਂ ਸੀ। ਸਵੇਰੇ ਦਿੱਲੀ ਤੇ ਐੱਨਸੀਆਰ ਦੇ ਕਈ ਇਲਾਕਿਆਂ ’ਚ ਹਲਕੀ ਧੁੰਦ ਪਈ। ਲੰਘਿਆ ਸ਼ਨਿਚਰਵਾਰ ਦਾ ਦਿਨ ਇਸ ਸਰਦੀਆਂ ਦੇ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ ਤੇ ਇੱਥੇ ਤਾਪਮਾਨ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਰਾਜਸਥਾਨ ’ਚ ਸਰਦੀ
ਰਾਜਸਥਾਨ ’ਚ ਵੀ ਸਰਦੀ ਦਾ ਕਹਿਰ ਜਾਰੀ ਹੈ। ਕਾਰੌਲ ਸੂਬੇ ਦਾ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੋਂ ਦਾ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਧੌਲਪੁਰ, ਫ਼ਤਹਿਪੁਰ ਸੀਕਰੀ ਤੇ ਨਾਗੌਰ ’ਚ ਤਾਪਮਾਨ ਕ੍ਰਮਵਾਰ 2.7, 3.1 ਤੇ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਟੋਂਕ ਦਾ ਤਾਪਮਾਨ 4.5 ਡਿਗਰੀ, ਅਜਮੇਰ ਦਾ 4.7 ਡਿਗਰੀ, ਚੁਰੂ ਦਾ 5.5 ਡਿਗਰੀ, ਜੈਪੁਰ ਤੇ ਜੈਸਲਮੇਰ ਦੋਵਾਂ ਦਾ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
------------------------