ਜੈ ਸਿੰਘ ਛਿੱਬਰ, ਚੰਡੀਗਡ਼੍ਹ : 23 ਜੂਨ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪੈਣ ਵਾਲੀਆਂ ਵੋਟਾਂ ਸਬੰਧੀ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ 30 ਮਈ ਨੂੰ ਜਾਰੀ ਕਰ ਦਿੱਤਾ ਹੈ ਅਤੇ 6 ਜੂਨ ਨਾਮਜ਼ਦਗੀ ਪੱਤਰ ਜਾਰੀ ਕਰਨ ਦੀ ਆਖ਼ਰੀ ਤਰੀਕ ਹੈ, ਪਰ ਅਜੇ ਤਕ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਨਾਮ ਜਨਤਕ ਨਹੀਂ ਕੀਤੇ। ਬੁੱਧਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਚੌਥੇ ਦਿਨ ਤਕ ਸਿਰਫ਼ ਇਕ ਆਜ਼ਾਦ ਉਮੀਦਵਾਰ ਨੇ ਆਪਣੇ ਕਾਗਜ਼ ਦਾਖਲ ਕੀਤੇ ਹਨ।
ਹਾਲਾਂਕਿ ਕਿਸੇ ਪਾਰਟੀ ਨੇ ਬੁੱਧਵਾਰ ਖ਼ਬਰ ਲਿਖੇ ਜਾਣੇ ਤਕ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ ਪਰ ਅੰਦਰਖਾਤੇ ਸਾਰੀਆਂ ਪਾਰਟੀਆਂ ਯੋਗ ਤੇ ਤਾਕਤਵਾਰ ਉਮੀਦਵਾਰਾਂ ਦੀ ਭਾਲ ਵਿਚ ਹਨ। ਦੱਸਿਆ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ। ਜਦਕਿ ਅਕਾਲੀ ਦਲ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਉਮੀਦਵਾਰ ਬਣਾਉਣ ਦਾ ਇਛੁੱਕ ਹੈ। ਅਕਾਲੀ ਦਲ ਦੀ ਪਿਛਲੇ ਦਿਨ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਜ਼ਿਆਦਾਤਰ ਆਗੂਆਂ ਨੇ ਰਾਜੋਆਣਾ ਦੀ ਭੈਣ ਨੂੰ ਉਮੀਦਵਾਰ ਬਣਾਉਣ ਬਾਰੇ ਸਹਿਮਤੀ ਦਿੰਦੇ ਹੋਏ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਚੋਣਾਂ ਵਿਚ ਨਾ ਕੁੱਦਣ ਲਈ ਮਨਾਉਣ ਦੇ ਯਤਨ ਕਰਨ ਬਾਰੇ ਵੀ ਹਾਮੀ ਭਰੀ ਸੀ। ਪਰ ਸਿਮਰਨਜੀਤ ਸਿੰਘ ਮਾਨ ਹਰ ਹਾਲਤ ਵਿਚ ਚੋਣ ਲਡ਼ਨਾ ਚਾਹੁੰਦੇ ਹਨ।
ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਸੁਨਾਮ ਤੋਂ ਵਿਧਾਇਕ ਅਮਨ ਅਰੋਡ਼ਾ ਨੂੰ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀ ਹੈ, ਪਰ ਅਮਨ ਅਰੋਡ਼ਾ ਲੋਕ ਸਭਾ ਚੋਣ ਲਡ਼ਨ ਦੇ ਇਛੁੱਕ ਨਹੀਂ ਹਨ। ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਉਮੀਦਵਾਰ ਬਣਾਉਣ ਬਾਰੇ ਹਲਕੇ ਵਿਚ ਪੋਸਟਰ ਲੱਗ ਚੁੱਕੇ ਹਨ, ਪਰ ਭਗਵੰਤ ਮਾਨ ਆਪਣੀ ਭੈਣ ਨੂੰ ਚੋਣ ਲਡ਼ਾਉਣਾ ਨਹੀਂ ਚਾਹੁੰਦੇ। ਪਾਰਟੀ ਦੇ ਕੁਝ ਸੀਨੀਅਰ ਆਗੂ ਮਨਪ੍ਰੀਤ ਕੌਰ ਨੂੰ ਉਮੀਦਵਾਰ ਬਣਾਉਣਾ ਚਾਹੁੰਦੇ ਹਨ ਪਰ ਭਗਵੰਤ ਮਾਨ ਆਪਣੀ ਭੈਣ ਨੂੰ ਚੋਣ ਲਡ਼ਾਉਣਾ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ ਉਨ੍ਹਾਂ ’ਤੇ ਪਰਿਵਾਰਵਾਦ ਨੂੰ ਬਡ਼੍ਹਾਵਾ ਦੇਣ ਦੇ ਦੋਸ਼ ਲੱਗਣਗੇ। ਭਗਵੰਤ ਮਾਨ ਆਪਣੇ ਸਾਥੀ ਕਲਾਕਾਰ ਕਰਮਜੀਤ ਅਨਮੋਲ ਨੂੰ ਟਿਕਟ ਦਿਵਾਉਣਾ ਚਾਹੁੰਦੇ ਸੀ, ਪਰ ਬੀਤੇ ਦਿਨ ਸਿੱਧੂ ਮੂਸੇਵਾਲ ਦੇ ਕਤਲ ਹੋਣ ਕਾਰਨ ਸਿਆਸੀ ਹਾਲਤ ਕੁਝ ਬਦਲ ਗਏ ਹਨ। ਜਿਸ ਕਰਕੇ ਕਰਮਜੀਤ ਅਨਮੋਲ ਵੀ ਚੋਣ ਲਡ਼ਨ ਲਈ ਪੈਰ ਨਹੀਂ ਲਗਾ ਰਹੇ।
ਇਹ ਵੀ ਪਤਾ ਲੱਗਿਆ ਹੈ ਕਿ ਭਗਵੰਤ ਮਾਨ ਪਾਰਟੀ ਦੇ ਵਲੰਟੀਅਰਜ਼ ਨੂੰ ਟਿਕਟ ਦੇਣਾ ਚਾਹੁੰਦੇ ਹਨ, ਪਰ ਪਾਰਟੀ ਹਾਈਕਮਾਨ ਜ਼ਿਮਨੀ ਚੋਣ ਜਿੱਤਣ ਲਈ ਬਦਲੇ ਹਾਲਤਾਂ ਮੁਤਾਬਕ ਕਿਸੇ ਵੱਡੇ ਕੱਦ ਦੇ ਆਗੂ ਨੂੰ ਹੀ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਆਪ ਦੇ ਪੁਰਾਣੇ ਵਲੰਟੀਅਰਜ਼ ’ਚ ਜਸਬੀਰ ਸਿੰਘ ਜੱਸੀ ਸੇਖੋ, ਦਲਬੀਰ ਢਿੱਲੋਂ, ਮਹਿੰਦਰ ਸਿੰਘ ਸਿੱਧੂ ਲੋਕ ਸਭਾ ਦੇ ਆਰੇਗਨਾਈਜ਼ੇਸ਼ਨ ਇੰਚਾਰਜ, ਗੁਰਦੀਪ ਸਿੰਘ ਬਾਠ ਬਰਨਾਲਾ ਦੇ ਨਾਮ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਕਾਂਗਰਸ ਪਾਰਟੀ ਸੰਗਰੂਰ ਦੇ ਸਾਬਕਾ ਐੱਮਪੀ ਵਿਜੈ ਇੰਦਰ ਸਿੰਗਲਾਂ ’ਤੇ ਮੁਡ਼ ਦਾਅ ਖੇਡਣਾ ਚਾਹੁੰਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਸਿੰਗਲਾਂ ਚੋਣ ਲਡ਼ਨ ਲਈ ਤਿਆਰ ਨਹੀਂ ਹਨ। ਇਸ ਤੋਂ ਇਲਾਵਾ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਵੀ ਪਾਰਟੀ ਚੋਣ ਮੈਦਾਨ ਵਿਚ ਉਤਾਰਨ ’ਤੇ ਚਰਚਾ ਕਰ ਰਹੀ ਹੈ।
ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਸ਼ੁੱਕਰਵਾਰ ਜਾਂ ਸ਼ਨਿਚਰਵਾਰ ਨੂੰ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਕਿਉਂਕਿ 6 ਜੂਨ ਨੂੰ ਕਾਗਜ਼ ਦਾਖਲ ਕਰਨ ਦੀ ਆਖ਼ਰੀ ਤਰੀਕ ਹੈ।